ਫਰੀਦਕੋਟ: ਪੰਚਾਇਤੀ ਚੋਣਾਂ ਇਸ ਵਾਰ ਅਮਨ-ਸ਼ਾਂਤੀ ਨਾਲ ਨੇਪੜੇ ਚੜਦੀਆਂ ਨਹੀਂ ਲੱਗ ਰਹੀਆਂ ਆਏ ਦਿਨ ਕਿਸੇ ਨਾ ਕਿਸੇ ਦੇ ਕਤਲ ਦੀ ਖ਼ਬਰ ਸਾਹਮਣੇ ਜ਼ਰੂਰ ਆ ਰਹੀ ਹੈ। ਹੁਣ ਫਰੀਦਕੋਟ 'ਚ ਪੰਚਾਇਤੀ ਚੋਣਾਂ ਦੇ ਪ੍ਰਚਾਰ ਤੋਂ ਬਾਅਦ ਵਾਪਸ ਪਰਤ ਰਹੇ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਕਿ 3 ਬਾਈਕ ਸਵਾਰ ਅਣਪਛਾਤੇ ਵਿਅਕਤੀਆਂ ਨੇ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਹੈ।
ਮੌਕੇ 'ਤੇ ਹੀ ਹੋਈ ਮੌਤ
ਜਾਣਕਾਰੀ ਮੁਤਾਬਿਕ ਮ੍ਰਿਤਕ ਦੀ ਪਛਾਣ ਗੁਰਪ੍ਰੀਤ ਸਿੰਘ ਵਾਸੀ ਹਰੀ ਨੌ ਵਜੋਂ ਹੋਈ ਹੈ; ਜੋ ਕਿ ਫਰੀਦਕੋਟ ਦੇ ਪਿੰਡ ਹਰੀ ਨੌਂ ਦਾ ਰਹਿਣ ਵਾਲਾ ਸੀ। ਜ਼ਖਮੀ ਹਾਲਤ 'ਚ ਗੁਰਪ੍ਰੀਤ ਨੂੰ ਫਰੀਦਕੋਟ ਦੇ ਮੈਡੀਕਲ ਹਸਪਤਾਲ ਲਿਆਂਦਾ ਗਿਆ ਜਿਥੇ ਡਾਕਟਰਾਂ ਵੱਲੋਂ ਉਸਨੂੰ ਮ੍ਰਿਤਕ ਐਲਾਨ ਦਿੱਤਾ ਗਿਆ।ਦੱਸਿਆ ਜਾ ਰਿਹਾ ਹੈ ਕਿ ਗੁਰਪ੍ਰੀਤ ਸਿੰਘ ਆਪਣੇ ਸਮਰਥਕ ਸਰਪੰਚ ਉਮੀਦਵਾਰ ਦੇ ਹੱਕ 'ਚ ਚੋਣ ਪ੍ਰਚਾਰ ਕਰਕੇ ਘਰ ਪਰਤ ਰਿਹਾ ਸੀ ਤਾਂ ਬਾਈਕ 'ਤੇ ਆਏ 3 ਨੌਜਾਵਨਾਂ ਨੇ ਗੋਲੀਆਂ ਚਲਾ ਦਿੱਤੀਆਂ ਅਤੇ ਇਸ ਫਾਇਰਿੰਗ 'ਚ ਗੁਰਪ੍ਰੀਤ ਸਿੰਘ ਨੂੰ ਚਾਰ ਗੋਲੀਆਂ ਲੱਗੀਆਂ। ਜਦਕਿ ਕਾਤਲ ਮੌਕੇ ਤੋਂ ਫਰਾਰ ਹੋ ਗਏ।
ਸੁਖਰਾਜ ਦਾ ਕਰੀਬੀ ਸੀ ਮ੍ਰਿਤਕ
ਦੱਸਿਆ ਜਾ ਰਿਹਾ ਕਿ ਬੇਅਦਬੀ ਦੀਆਂ ਲਗਾਤਾਰ ਹੋ ਰਹੀਆਂ ਘਟਨਾਵਾਂ ਨੂੰ ਲੈ ਕੇ ਗੁਰਪ੍ਰੀਤ ਸਿੰਘ ਇਨਸਾਫ਼ ਮੋਰਚੇ ਦੀ ਅਗਵਾਈ ਕਰ ਰਹੇ ਸੁਖਰਾਜ ਸਿੰਘ ਨਾਲ ਖੜ੍ਹਿਆ ਸੀ, ਇੰਨਾ ਹੀ ਨਹੀਂ ਗੁਰਪ੍ਰੀਤ ਸਿੰਘ ਹਰੀ ਨੌ ਤੱਕ ਦੇ ਨਾਂ ਨਾਲ ਯੂਟਿਊਬ 'ਤੇ ਆਪਣਾ ਚੈਨਲ ਵੀ ਚਲਾਉਂਦਾ ਸੀ, ਇਨਸਾਫ਼ ਮੋਰਚਾ ਦੇ ਆਗੂ ਸੁਖਰਾਜ ਸਿੰਘ ਨੇ ਦੱਸਿਆ "ਕਿ ਕੁਝ ਅਣਪਛਾਤੇ ਵਿਅਕਤੀ ਬਾਈਕ ’ਤੇ ਆਏ ਅਤੇ ਗੁਰਪ੍ਰੀਤ ਸਿੰਘ ਦੇ ਘਰ ਬਾਰੇ ਪੁੱਛਿਆ ਤਾਂ ਉਸ ਦੇ ਪਿੱਛੇ ਜਾ ਕੇ ਗੋਲੀਆਂ ਚਲਾ ਦਿੱਤੀਆਂ ਤਾਂ ਕਿ ਇਸ ਘਟਨਾ ਵਿੱਚ ਉਸ ਦੀ ਮੌਤ ਹੋ ਜਾਵੇ"।
ਮੁਲਜ਼ਮ ਜਲਦੀ ਹੀ ਫੜੇ ਜਾਣਗੇ
ਦੂਜੇ ਪਾਸੇ ਘਟਨਾ ਸਬੰਧੀ ਡੀਐਸਪੀ ਸ਼ਮਸ਼ੇਰ ਸਿੰਘ ਦਾ ਕਹਿਣਾ ਹੈ ਕਿ "ਉਨ੍ਹਾਂ ਨੂੰ ਮਾਮਲੇ ਦੀ ਜਾਣਕਾਰੀ ਹੈ ਅਤੇ ਪੁਲਿਸ ਕਾਰਵਾਈ ਕਰ ਰਹੀ ਹੈ ਅਤੇ ਉਮੀਦ ਹੈ ਕਿ ਮੁਲਜ਼ਮ ਜਲਦੀ ਹੀ ਫੜੇ ਜਾਣਗੇ। ਜਦੋਂ ਬੁੱਧਵਾਰ ਸ਼ਾਮ ਨੂੰ ਕਾਤਲਾਂ ਵੱਲੋਂ ਇਸ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਾਂ ਫਰੀਦਕੋਟ ਜ਼ਿਲ੍ਹਾ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਦੀ ਅਗਵਾਈ ਹੇਠ ਨਸ਼ਾ ਤਸਕਰਾਂ ਅਤੇ ਅਪਰਾਧੀਆਂ ਵਿਰੁੱਧ ਮੁਹਿੰਮ ਚਲਾਈ ਜਾ ਰਹੀ ਸੀ"।