ਫਤਿਹਗੜ੍ਹ ਸਾਹਿਬ : ਬੀਤੇ ਦਿਨੀਂ ਪੰਜਾਬ ਸਰਕਾਰ ਵੱਲੋਂ ਬਿਜਲੀ ਦਰਾਂ 'ਚ ਕਿਤੇ ਵਾਧੇ ਨੇ ਉਹਦਯੋਗਪਤੀਆਂ ਦੀਆਂ ਚਿੰਤਾਵਾਂ ਹੋਰ ਵਧਾ ਦਿੱਤੀਆਂ ਹਨ। ਗੱਲ ਜਿਲ੍ਹਾ ਫ਼ਤਹਿਗੜ੍ਹ ਸਾਹਿਬ ਵਿਖੇ ਪੈਂਦੀ ਏਸ਼ੀਆ ਦੀ ਸਬ ਤੋਂ ਵੱਡੀ ਲੋਹਾ ਨਗਰੀ ਮੰਡੀ ਗੋਬਿੰਦਗੜ੍ਹ ਦੀ ਕਰੀਏ ਤਾਂ ਸਰਕਾਰ ਵੱਲੋਂ ਬਿਜਲੀ ਦਰਾਂ ਵਿੱਚ ਕੀਤੇ ਵਾਧੇ 'ਤੇ ਉਦਯੋਗਪਤੀਆਂ ਦਾ ਕਹਿਣਾ ਹੈ ਕਿ ਮੰਡੀ ਗੋਬਿੰਦਗੜ੍ਹ ਦੀ ਇੰਡਸਟਰੀ 'ਤੇ ਪਹਿਲਾ ਹੀ ਸੰਕਟ ਵਿਚ ਹੈ ਅਤੇ ਘਾਟੇ ਵਿੱਚ ਚਲ ਰਹੀ ਹੈ। ਹੁਣ ਬਿਜਲੀ ਦਰਾਂ 'ਚ ਕੀਤੇ ਵਾਧੇ ਤੋਂ ਬਾਅਦ ਤਾਂ ਇੰਡਸਟਰੀ ਬੰਦ ਹੀ ਹੋ ਜਾਵੇਗੀ। ਉਦਯੋਗਪਤੀਆਂ ਨੇ ਕਿਹਾ ਕਿ ਸੂਬਾ ਸਰਕਾਰ ਨੇ ਦੂਜੀ ਵਾਰੀ ਇਹਨਾਂ ਕੀਮਤਾਂ 'ਚ ਵਾਧਾ ਕੀਤਾ ਹੈ। ਜਿਸ ਨਾਲ ਆਮ ਲੋਕਾਂ ਨੂੰ ਤਾਂ ਦਿੱਕਤ ਹੁੰਦੀ ਹੀ ਹੈ। ਇਸ ਨਾਲ ਕਾਰੋਬਾਰੀਆਂ ਦਾ ਕੰਮ ਪ੍ਰਭਾਵਿਤ ਹੋ ਰਿਹਾ ਹੈ। ਇਸ ਨਾਲ ਪੰਜਾਬ ਦੇ ਉਦਯੋਗਪਤੀ ਰਾਹ 'ਤੇ ਆ ਜਾਣਗੇ।
ਗੈਸ ਦੀ ਕੀਮਤ ਵੀ ਨਹੀਂ ਰਾਸ : ਇਸ ਮੌਕੇ ਪੰਜਾਬ ਸਰਕਾਰ ਨੂੰ ਬਿਜਲੀ ਦਰਾਂ 'ਚ ਵਾਧਾ ਕਰਨ ਤੋਂ ਪਹਿਲਾਂ ਇੰਡਸਟਰੀ ਨੂੰ ਬਚਾਉਣ ਦੇ ਲਈ ਇੱਕ ਵਾਰ ਸੋਚਣਾ ਚਾਹੀਦਾ ਸੀ। ਪਹਿਲਾਂ ਤੋਂ ਹੀ ਘਾਟੇ ਵਿਚ ਚਲ ਰਹੀ ਇੰਡਸਟਰੀ ਤੇ ਇਸ ਤੋਂ ਬਾਅਦ ਦੋਹਰੀ ਮਾਰ ਪਵੇਗੀ, ਕਿਉਂਕਿ ਪਿਛਲੇ ਦਿਨ ਹੀ ਪੰਜਾਬ ਪ੍ਰਦੂਸ਼ਣ ਬੋਰਡ ਵੱਲੋਂ ਇੰਡਸਟਰੀ ਨੂੰ ਪੀਐਨਜੀ ਗੈਸ ਨਾਲ ਚਲਾਉਣ ਦਾ ਦਬਾਅ ਪਾਇਆ ਜਾ ਰਿਹਾ ਹੈ। ਜਿਸ ਦੇ ਨਾਲ ਉਹਨਾਂ ਦੇ ਵਾਧੂ ਬੋਝ ਪਵੇਗਾ ਕਿਉਂਕਿ ਗੈਸ ਦੀ ਕੀਮਤ ਕੋਲੇ ਦੀ ਕੀਮਤ ਨਾਲੋਂ ਵੱਧ ਹੈ। ਹੁਣ ਬਿਜਲੀ ਦਰਾਂ ਵਿਚ ਵਾਧਾ ਇਸ ਤਰ੍ਹਾਂ ਨਾਲ ਤਾਂ ਇੰਡਸਟਰੀ ਚਲਾਉਣਾ ਬਹੁਤ ਮੁਸ਼ਕਿਲ ਹੋ ਜਾਵੇਗਾ।
ਉਦਯੋਗਪਤੀਆਂ ਦੇ ਨਾਲ ਅਨੇਕਾਂ ਪਰਿਵਾਰ ਹੋਣਗੇ ਪ੍ਰਭਾਵਿਤ : ਉਦਯੋਗਪਤੀਆਂ ਨੇ ਕਿਹਾ ਕਿ ਇੱਕ ਪਾਸੇ ਪੰਜਾਬ ਸਰਕਾਰ ਪੰਜਾਬ ਅੰਦਰ ਇੰਡਸਟਰੀ ਲਿਆਉਣ ਦੀ ਗੱਲ ਕਰ ਰਹੀ ਹੈ ਪਰ ਉੱਥੇ ਹੀ ਉਹਨਾਂ ਤੇ ਵਾਧੂ ਬੋਝ ਪਾ ਕੇ ਇੰਡਸਟਰੀ ਨੂੰ ਬੰਦ ਕਰਨ ਦੇ ਕਗਾਰ ਤੇ ਲਿਆ ਰਹੀ ਹੈ। ਉਹਨਾਂ ਕਿਹਾ ਕਿ ਸਾਡੇ ਨਾਲ 40 ਤੋਂ 50 ਪਰਿਵਾਰ ਹੋਰ ਜੁੜੇ ਹਨ। ਜਿੰਨਾ ਦੇ ਘਰ ਰੋਟੀ ਤੋਂ ਮੁਹਤਾਜ ਹੋ ਜਾਣਗੇ। ਇਸ ਲਈ ਸੂਬਾ ਸਰਕਾਰ ਤੋਂ ਇਹ ਹੀ ਅਪੀਲ ਹੈ ਕਿ ਸਰਕਾਰ ਇਹਨਾਂ ਕੀਮਤਾਂ 'ਚ ਕੀਤੇ ਵਾਧੇ ਨੂੰ ਵਾਪਿਸ ਲਵੇ ਅਤੇ ਲੋਕਾਂ ਨੂੰ ਰਾਹਤ ਦਿੱਤੀ ਜਾਵੇ।