ਬਠਿੰਡਾ : ਦਿਵਾਲੀ ਦਾ ਤਿਓਹਾਰ ਲੰਘੇ ਨੇ ਭਾਵੇਂ ਹੀ ਕਾਈ ਦਿਨ ਬੀਤ ਗਏ ਨੇ,ਪਰ ਬਠਿੰਡਾ ਦੇ ਰਹਿਣ ਵਾਲੇ 3 ਮਿਸਤਰੀਆਂ ਦੀ ਤਾਂ ਸਮਝੋ ਹਰ ਦਿਨ ਦਿਵਾਲੀ ਹੈ। ਆਖਿਰ ਹੋਵੇ ਵੀ ਕਿਓਂ ਨਾ! ਉਹਨਾਂ ਦੇ ਮਾਲਿਕ ਨੇ ਦਿਵਾਲੀ ਦਾ ਖ਼ਾਸ ਤੋਹਫਾ ਜੋ ਦਿੱਤਾ ਹੈ। ਜੀ ਹਾਂ ਬਠਿੰਡਾ ਵਿੱਚ ਇਮਾਰਤ ਉਸਾਰੀ ਦੇ ਠੇਕੇਦਾਰ ਵੱਲੋਂ ਆਪਣੇ ਮੁਲਾਜ਼ਮਾਂ ਦੀ ਮਿਹਨਤ ਅਤੇ ਉਸ ਦੀ ਤਰੱਕੀ ਵਿੱਚ ਦਿੱਤੇ ਯੋਗਦਾਨ ਨੂੰ ਵੇਖਦਿਆਂ ਦਿਵਾਲੀ ਦੇ ਤਿਉਹਾਰ 'ਤੇ ਇਲੈਕਟਰੋਨਿਕ ਸਕੂਟਰੀਆਂ ਗਿਫਟ ਕੀਤੀਆਂ ਹਨ।
20 ਸਾਲਾਂ ਦੇ ਸਾਥ ਦਾ ਤੋਹਫਾ
ਇਹ ਠੇਕੇਦਾਰ ਹੈ ਨੈਬ ਸਿੰਘ ਜਿਨਾਂ ਨੇ ਆਪਣੇ ਨਾਲ ਪਿਛਲੇ 20 ਸਾਲ ਤੋਂ ਕੰਮ ਕਰ ਰਹੇ ਮਿਸਤਰੀਆਂ ਨੂੰ ਕਾਮਯਾਬੀ 'ਚ ਯੋਗਦਾਨ ਦੇਣ ਅਤੇ ੳਣਥਕ ਮਿਹਨਤ ਕਰਨ ਦੇ ਵੱਜੋਂ ਸਨਮਾਨ ਦਿੰਦੇ ਹੋਏ ਸਕੁਟਰੀਆਂ ਦਾ ਤੋਹਫਾ ਦਿੱਤਾ ਹੈ। ਇਹ ਤੋਹਫਾ ਹਾਸਲ ਕਰਨ ਵਾਲੇ ਮਿਸਤਰੀਆਂ ਦੇ ਚਿਹਰੇ ਖਿੜ ਗਏ ਹਨ ਅਤੇ ਉਹਨਾਂ ਨੇ ਆਪਣੇ ਠੇਕੇਦਾਰ ਦਾ ਧੰਨਵਾਦ ਵੀ ਕੀਤਾ ਹੈ।
ਦਸਣਯੋਗ ਹੈ ਕਿ ਨੈਬ ਸਿੰਘ ਨੇ 1986 ਵਿੱਚ ਮਜ਼ਦੂਰੀ ਕਰਨੀ ਸ਼ੁਰੂ ਕੀਤੀ ਸੀ। ਫਿਰ ਜਦੋਂ ਨੈਬ ਸਿੰਘ ਵੱਲੋਂ ਜਦੋਂ ਠੇਕੇਦਾਰੀ ਸ਼ੁਰੂ ਕੀਤੀ ਗਈ ਤਾਂ ਉਸ ਵੱਲੋਂ ਆਪਣੇ ਮੁਲਾਜ਼ਮਾਂ ਨਾਲ ਅਜਿਹਾ ਰਾਬਤਾ ਬਣਾਇਆ ਗਿਆ ਕਿ ਅੱਜ ਉਹ ਇੱਕ ਪਰਿਵਾਰ ਦੀ ਤਰ੍ਹਾਂ ਵਿਚਰਦੇ ਹਨ। ਕੋਈ ਦੁਖ ਸੁਖ ਦੀ ਗੱਲ ਹੋਵੇ ਤਾਂ ਉਹ ਵੀ ਨੈਬ ਸਿੰਘ ਅਤੇ ਉਸਦੇ ਮੁਲਾਜ਼ਮ ਇੱਕ ਦੂਜੇ ਨਾਲ ਸਾਂਝਾ ਕਰਦੇ ਹਨ।
ਮੁਲਾਜ਼ਮਾਂ ਲਈ ਵੱਖਰਾ ਕਰਨ ਦੀ ਨੇਕ ਸੋਚ
ਇਸ ਮੌਕੇ ਗੱਲਬਾਤ ਦੌਰਾਨ ਨੈਬ ਸਿੰਘ ਨੇ ਦੱਸਿਆ ਕਿ ਉਸ ਕੋਲ ਜੋ ਮਿਸਤਰੀ ਉਸਾਰੀ ਦਾ ਕੰਮ ਕਰਦੇ ਹਨ ਉਹ ਲਗਾਤਾਰ ਪਿਛਲੇ 19-20 ਸਾਲਾਂ ਤੋਂ ਉਸ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਨ ਅਤੇ ਅੱਜ ਤਰੱਕੀ ਦੀ ਜਿਸ ਮੰਜ਼ਿਲ 'ਤੇ ਇਹ ਪਹੁੰਚਿਆ ਹੈ ਤਾਂ ਇਹਨਾਂ ਮੁਲਾਜ਼ਮਾਂ ਦਾ ਬਹੁਤ ਵੱਡਾ ਯੋਗਦਾਨ ਹੈ। ਉਹਨਾਂ ਕਿਹਾ ਕਿ ਹਰ ਦਿਵਾਲੀ ਦੇ ਤਿਉਹਾਰ ਤੇ ਉਹਨਾਂ ਵੱਲੋਂ ਆਪਣੇ ਮੁਲਾਜ਼ਮਾਂ ਲਈ ਕੁਝ ਵੱਖਰਾ ਕਰਨ ਬਾਰੇ ਸੋਚਿਆ ਜਾਂਦਾ ਸੀ, ਪਰ ਸਮਝ ਨਹੀਂ ਆ ਰਿਹਾ ਸੀ ਕਿ ਕੀਤਾ ਕੀ ਜਾਵੇ। ਇਸ ਵਾਰ ਉਹਨਾਂ ਨੂੰ ਵਿਚਾਰ ਆਇਆ ਕਿ ਆਪਣੇ ਇਹਨਾਂ ਮੁਲਾਜ਼ਮਾਂ ਨੂੰ ਇਲੈਕਟਰੋਨਿਕ ਸਕੂਟਰੀਆਂ ਦਿੱਤੀਆਂ ਜਾਣ ਤਾਂ ਜੋ ਇਹਨਾਂ ਦਾ ਮਹਿੰਗੇ ਦਾ ਪੈਟਰੋਲ ਦਾ ਖਰਚਾ ਬਚੇ। ਨਾਲ ਹੀ ਆਉਣ ਜਾਣ ਵਿੱਚ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਹੋਵੇ।
ਮੁਲਾਜ਼ਮਾਂ 'ਚ ਖੁਸ਼ੀ ਦੀ ਲਹਿਰ
ਉਥੇ ਹੀ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉਹ ਇੱਕ ਪਰਿਵਾਰ ਦੀ ਤਰ੍ਹਾਂ ਆਪਣੇ ਠੇਕੇਦਾਰ ਨਾਲ ਹਰ ਦੁੱਖ ਸੁੱਖ ਸਾਂਝਾ ਕਰਦੇ ਹਨ। ਕਦੇ ਕਿਸੇ ਤਰ੍ਹਾਂ ਦੀ ਕੋਈ ਨੋਕ ਝੋਕ ਨਹੀਂ ਹੋਈ। ਠੇਕੇਦਾਰ ਵੱਲੋਂ ਦਿੱਤੇ ਗਏ ਕੰਮ ਨੂੰ ਆਪਣਾ ਕੰਮ ਸਮਝਦੇ ਹੋਏ ਜਿੰਮੇਵਾਰੀ ਤਹਿਤ ਕਰਦੇ ਹਨ, ਕਦੇ ਕੋਈ ਮਾੜੀ ਮੋਟੀ ਗਲਤੀ ਵੀ ਹੋਈ ਜਾਵੇ ਤਾਂ ਅਸੀਂ ਬੈਠ ਕੇ ਮਸਲਾ ਸੁਲਝਾ ਲੈਂਦੇ ਹਾਂ। 18 19 ਸਾਲਾਂ ਦੇ ਵਿੱਚ ਇਹ ਰਿਸ਼ਤਾ ਇਨਾ ਗੂੜਾ ਹੋ ਚੁੱਕਿਆ ਹੈ ਕਿ ਅਸੀਂ ਇੱਕ ਪਰਿਵਾਰ ਦੀ ਤਰ੍ਹਾਂ ਹਾਂ ਅਤੇ ਠੇਕੇਦਾਰ ਦੇ ਬੱਚੇ ਉਹਨਾਂ ਨੂੰ ਚਾਚਾ ਕਹਿ ਕੇ ਬੁਲਾਉਂਦੇ ਹਨ।
ਸੁਖਜਿੰਦਰ ਰੰਧਾਵਾ ਨੇ ਕੇਜਰੀਵਾਲ ਨੂੰ ਭੇਜਿਆ ਕਾਨੂੰਨੀ ਨੋਟਿਸ, ਕਿਹਾ- ਮੰਗਣ ਮਾਫੀ, ਨਹੀਂ ਹੋਵੇਗੀ ਕਾਨੂੰਨੀ ਕਾਰਵਾਈ
ਜਿਸ ਦਿਨ ਠੇਕੇਦਾਰ ਵੱਲੋਂ ਉਹਨਾਂ ਨੂੰ ਇਲੈਕਟਰੋਨਿਕ ਸਕੂਟਰੀਆਂ ਗਿਫਟ ਕੀਤੀਆਂ ਗਈਆਂ ਤਾਂ ਪਰਿਵਾਰ ਨੇ ਸਭ ਤੋਂ ਪਹਿਲਾਂ ਇਹ ਪੁੱਛਿਆ ਵੀ ਤੁਸੀਂ ਇੰਨੇ ਪੈਸੇ ਕਿਉਂ ਲਾਏ, ਜਦੋਂ ਉਹਨਾਂ ਨੂੰ ਦੱਸਿਆ ਕਿ ਇਹ ਸਕੂਟਰੀਆਂ ਠੇਕੇਦਾਰ ਵੱਲੋਂ ਗਿਫਟ ਕੀਤੀਆਂ ਗਈਆਂ ਹਨ। ਤਾਂ ਉਹ ਹੈਰਾਨ ਰਹਿ ਗਏ ਅਤੇ ਖੁਸ਼ੀ ਵਿੱਚ ਧੰਨਵਾਦ ਕਰਦੇ ਨਜ਼ਰ ਆਏ। ਉਹਨਾਂ ਕਿਹਾ ਕਿ ਸਮਾਜ ਤਾਂ ਹੀ ਤਰੱਕੀ ਕਰ ਸਕਦਾ ਹੈ।