ਅੰਮ੍ਰਿਤਸਰ: ਬੀਤੇ ਕੱਲ ਅੰਮ੍ਰਿਤਸਰ ਅਜਨਾਲਾ ਦੇ ਪਿੰਡ ਕੰਦੋਵਾਲੀ ਵਿੱਚ ਤੀਹਰੇ ਕਤਲ ਤੋਂ ਬਾਅਦ ਇਲਾਕੇ ਵਿੱਚ ਸਨਸਨੀ ਫੈਲ ਗਈ ਸੀ, ਜਿਸ ਵਿੱਚ ਮੁਲਜ਼ਮ ਅੰਮ੍ਰਿਤਪਾਲ ਸਿੰਘ (37 ਸਾਲ) ਨੇ ਆਪਣੀ ਮਾਂ ਮਨਬੀਰ ਕੌਰ, ਭਰਜਾਈ ਅਵਨੀਤ ਕੌਰ ਅਤੇ 2.5 ਸਾਲਾ ਭਤੀਜੇ ਸਮਰੱਥ ਦਾ ਬੇਰਹਿਮੀ ਨਾਲ ਦਾਤਰ ਮਾਰ ਕੇ ਕਤਲ ਕਰ ਦਿੱਤਾ ਸੀ। ਕਤਲ ਕਰਨ ਤੋਂ ਬਾਅਦ ਮੁਲਜ਼ਮ ਅੰਮ੍ਰਿਤਪਾਲ ਸਿੰਘ ਖੁਦ ਹੀ ਅੰਮ੍ਰਿਤਸਰ ਦੇ ਥਾਣਾ ਝੰਡੇਰ ਵਿਖੇ ਪੇਸ਼ ਹੋ ਗਿਆ ਸੀ। ਇਸ ਮਾਮਲੇ ਨੂੰ ਲੈ ਕੇ ਪੁਲਿਸ ਵੱਲੋਂ ਅੱਜ ਮੁਲਜ਼ਮ ਅੰਮ੍ਰਿਤਪਾਲ ਸਿੰਘ ਨੂੰ ਅਜਨਾਲਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜਿੱਥੇ ਅਦਾਲਤ ਨੇ ਅੰਮ੍ਰਿਤਪਾਲ ਸਿੰਘ ਨੂੰ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ।
ਇਸ ਮੌਕੇ ਥਾਣਾ ਝੰਡੇਰ ਦੇ ਐਸਐਚਓ ਦਵਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਦਿਨ ਅਜਨਾਲਾ ਦੇ ਪਿੰਡ ਕੰਦੋਵਾਲੀ ਵਿੱਚ ਅੰਮ੍ਰਿਤਪਾਲ ਸਿੰਘ ਨਾਮ ਦੇ ਵਿਅਕਤੀ ਵੱਲੋਂ ਆਪਣੀ ਮਾਂ ਭਰਜਾਈ ਅਤੇ ਭਤੀਜੇ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ, ਜਿਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਨਿਆਇਕ ਹਿਰਾਸਤ ਵਿੱਚ ਭੇਜਿਆ ਗਿਆ ਹੈ। ਉਹਨਾਂ ਦੱਸਿਆ ਕਿ ਇਸ ਵਿਅਕਤੀ ਵੱਲੋਂ ਆਪਸੀ ਰੰਜਿਸ਼ ਦੇ ਚਲਦੇ ਇਹ ਕਤਲ ਕੀਤਾ ਗਿਆ ਸੀ। ਉਹਨਾਂ ਅੱਗੇ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਦੀ ਘਰਵਾਲੀ ਨੂੰ ਉਸ ਦੀ ਮਾਂ ਤੇ ਭਰਜਾਈ ਵੱਲੋਂ ਘਰੋਂ ਕੱਢ ਦਿੱਤਾ ਸੀ, ਜਿਸ ਦੇ ਚੱਲਦਿਆਂ ਗੁੱਸੇ ਵਿੱਚ ਆ ਕੇ ਅੰਮ੍ਰਿਤਪਾਲ ਸਿੰਘ ਵੱਲੋਂ ਆਪਣੀ ਮਾਂ, ਭਰਜਾਈ ਅਤੇ ਢਾਈ ਸਾਲ ਦੇ ਭਤੀਜੇ ਦਾ ਦਾਤਰ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।