ਅੰਮ੍ਰਿਤਸਰ: 26 ਜਨਵਰੀ ਨੂੰ ਦਿੱਲੀ ਦੀ ਪਰੇਡ ਵਿੱਚ ਸ਼ਾਮਿਲ ਨਹੀਂ ਕੀਤੀ ਗਈ ਪੰਜਾਬ ਦੀ ਝਾਕੀ ਨੂੰ ਪੰਜਾਬ ਸਰਕਾਰ ਵੱਲੋਂ ਜਿੱਥੇ ਗਣਤੰਤਰ ਦਿਵਸ ਮੌਕੇ ਲੁਧਿਆਣਾ ਵਿਖੇ ਪਰੇਡ ਵਿੱਚ ਸ਼ਾਮਲ ਕੀਤਾ ਗਿਆ, ਉੱਥੇ ਹੀ ਹੁਣ ਪੰਜਾਬ ਦੇ ਵੱਖ-ਵੱਖ ਪਿੰਡਾਂ ਤੇ ਸ਼ਹਿਰਾਂ ਦੇ ਕੋਨਿਆਂ ਵਿੱਚ ਝਾਕੀਆਂ ਨੂੰ ਦਿਖਾਇਆ ਜਾ ਰਿਹਾ ਹੈ। ਇਸੇ ਲੜੀ ਤਹਿਤ ਜਦੋਂ ਝਾਕੀ ਬਾਬਾ ਬਕਾਲਾ ਸਾਹਿਬ ਪਹੁੰਚੀ, ਤਾਂ ਇੱਥੇ ਸਕੂਲੀ ਵਿਦਿਆਰਥੀਆਂ ਤੇ ਸਥਾਨਕ ਵਾਸੀਆਂ ਨੇ ਇਸ ਝਾਕੀ ਨੂੰ ਦੇਖਿਆ ਅਤੇ ਇਤਿਹਾਸ ਬਾਰੇ ਜਾਣਿਆ।
ਸਕੂਲੀ ਵਿਦਿਆਰਥੀ ਹੋ ਰਹੇ ਜਾਗਰੂਕ: ਇਸ ਦੌਰਾਨ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬਿਆਸ ਦੇ ਬੱਚਿਆਂ ਨੂੰ ਪ੍ਰਿੰਸੀਪਲ ਰਾਜੀਵ ਕਪੂਰ ਦੀ ਅਗਵਾਈ ਹੇਠ ਸਕੂਲ ਪ੍ਰਬੰਧਕਾਂ ਵੱਲੋਂ ਬੜੀ ਤਹਸੀਲ ਨਾਲ ਝਾਕੀ ਵਿੱਚ ਦਰਸਾਏ ਗਏ ਵੱਖ ਵੱਖ ਦ੍ਰਿਸ਼ਾਂ ਨੂੰ ਵਿਸਥਾਰ ਸਹਿਤ ਉਸ ਦੀ ਮਹੱਤਤਾ ਬਾਰੇ ਦੱਸਿਆ ਗਿਆ। ਇਸ ਦੇ ਨਾਲ ਹੀ, ਐਸਡੀਐਮ ਬਾਬਾ ਬਕਾਲਾ ਅਮਨਪ੍ਰੀਤ ਸਿੰਘ ਅਤੇ ਨਾਇਬ ਤਹਿਸੀਲਦਾਰ ਗੌਰਵ ਉੱਪਲ ਵੱਲੋਂ ਵੀ ਬੱਚਿਆਂ ਨੂੰ ਆਪਣੇ ਵਿਰਸੇ ਅਤੇ ਖਾਸ ਕਰ ਸ਼ਹੀਦਾਂ ਦੇ ਜਨਮ ਸਥਾਨਾਂ, ਉਨ੍ਹਾਂ ਦੇ 'ਤੇ ਬਣੇ ਸ਼ਹਿਰਾਂ ਤੇ ਉਨ੍ਹਾਂ ਵੱਲੋਂ ਦਿੱਤੀਆਂ ਗਈਆਂ ਕੁਰਬਾਨੀਆਂ ਬਾਰੇ ਦੱਸਿਆ ਗਿਆ।
ਦਿੱਲੀ ਪਰੇਡ ਚੋਂ ਪੰਜਾਬ ਦੀ ਝਾਕੀ ਬਾਹਰ ਕਰਨਾ ਮੰਦਭਾਗਾ: ਇਸ ਦੌਰਾਨ ਗੱਲਬਾਤ ਕਰਦੇ ਹੋਏ ਹਲਕਾ ਵਿਧਾਇਕ ਦਲਬੀਰ ਸਿੰਘ ਟੌਂਗ ਨੇ ਕਿਹਾ ਕਿ 26 ਜਨਵਰੀ ਅਤੇ 15 ਅਗਸਤ ਵਾਲੇ ਦਿਨ ਹਰ ਸਾਲ ਦਿੱਲੀ ਪਰੇਡ ਮੌਕੇ ਸਾਡੇ ਪੰਜਾਬ ਵੱਲੋਂ ਝਾਕੀਆਂ ਲਿਜਾਈਆਂ ਜਾਂਦੀਆਂ ਸੀ, ਜੋ ਕਿ ਆਪਣੇ ਵਿੱਚ ਪੰਜਾਬ ਨੂੰ ਦਰਸਾਉਂਦੀਆਂ ਸਨ ਕਿ ਸਾਡਾ ਵਿਰਸਾ, ਸਾਡੇ ਆਜ਼ਾਦੀ ਘੁਲਾਟੀਆਂ ਦੀ ਯਾਦ ਵਿੱਚ ਬਣਾਏ ਸਟੈਚੂ ਦਿੱਲੀ ਪਰੇਡ ਉੱਤੇ ਖੜਦੇ ਸਨ, ਪਰ ਇਸ ਵਾਰ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਦੀਆਂ ਝਾਕੀਆਂ ਨੂੰ ਉਸ ਚੋਂ ਬਾਹਰ ਕੱਢ ਦਿੱਤਾ, ਜੋ ਕਿ ਬੜੀ ਮੰਦਭਾਗੀ ਗੱਲ ਹੈ।
ਪੂਰੇ ਪੰਜਾਬ ਵਿੱਚ ਘੁੰਮਣਗੀਆਂ ਝਾਕੀਆਂ: ਉਨ੍ਹਾਂ ਆਖਿਆ ਕਿ ਇਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਫੈਸਲਾ ਲਿਆ ਕਿ ਇਹ ਝਾਕੀਆਂ ਨੂੰ ਕੇਂਦਰ ਸਰਕਾਰ ਨੇ ਮਨਾ ਕੀਤਾ ਹੈ ਅਤੇ ਅਸੀਂ ਪੂਰੇ ਪੰਜਾਬ ਵਿੱਚ ਆਪਣੇ ਵਿਰਸੇ ਨੂੰ ਆਪਣੀ ਵਿਰਾਸਤ ਨੂੰ ਆਪਣੇ ਆਜ਼ਾਦੀ ਘੁਲਾਟੀਆਂ ਦੇ ਸਟੈਚੂਆਂ ਨੂੰ, ਜਿਨ੍ਹਾਂ ਨੇ ਦੇਸ਼ ਆਜ਼ਾਦ ਕਰਾਇਆ, ਬੱਚਿਆਂ ਨੂੰ ਲੋਕਾਂ ਨੂੰ ਦਿਖਾਉਣ ਲਈ ਪੂਰੇ ਪੰਜਾਬ ਵਿੱਚ ਲੈ ਕੇ ਜਾਵਾਂਗੇ। ਸੋ, ਇਸੇ ਲੜੀ ਤਹਿਤ ਹੁਣ ਪੰਜਾਬ ਦੀਆਂ ਇਹ ਝਾਕੀਆਂ ਆਪਣੇ ਅਗਲੇ ਪੜਾਅ ਲਈ ਰਵਾਨਾ ਕੀਤੀਆਂ ਜਾ ਰਹੀਆਂ ਹਨ।
ਇਹ ਝਾਕੀਆਂ ਪੰਜਾਬ ਭਰ ਦੇ ਵੱਖ ਵੱਖ ਸ਼ਹਿਰਾਂ ਤੋਂ ਹੁੰਦੇ ਹੋਏ ਮਾਝੇ ਦੇ ਸ਼ੁਰੂਆਤੀ ਕਸਬਾ ਬਿਆਸ ਦੇ ਵਿੱਚ ਪੁੱਜੀ, ਜਿੱਥੇ ਇਸ ਝਾਕੀ ਨੂੰ ਅਗਲੇ ਪੜਾਅ ਲਈ ਰਵਾਨਾ ਕਰਨ ਲਈ ਹਲਕਾ ਬਾਬਾ ਬਕਾਲਾ ਸਾਹਿਬ ਵਿਧਾਇਕ ਦਲਬੀਰ ਸਿੰਘ ਟੌਂਗ, ਪੰਜਾਬ ਯੂਥ ਜੋਇੰਟ ਸਕੱਤਰ ਸੁਰਜੀਤ ਸਿੰਘ ਕੰਗ ਤੋਂ ਇਲਾਵਾ ਐਸਡੀਐਮ ਬਾਬਾ ਬਕਾਲਾ ਅਮਨਪ੍ਰੀਤ ਸਿੰਘ, ਤਹਿਸੀਲਦਾਰ ਬਾਬਾ ਬਕਾਲਾ ਰਾਜਵਿੰਦਰ ਕੌਰ, ਡੀਐਸਪੀ ਬਾਬਾ ਬਕਾਲਾ ਅਤੇ ਬੀਡੀਪੀਓ ਰਈਆ ਸਣੇ ਵੱਡੀ ਗਿਣਤੀ ਵਿੱਚ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਜੂਦ ਰਹੇ।