ਹੈਦਰਬਾਦ ਡੈਸਕ: ਹਮਲੇ ਤੋਂ ਬਾਅਦ ਆਖਰਕਾਰ ਸੁਖਬੀਰ ਬਾਦਲ ਦਾ ਪਹਿਲਾ ਬਿਆਨ ਸਾਹਮਣੇ ਆ ਹੀ ਗਿਆ। ਜਦੋਂ ਤੋਂ ਸੁਖਬੀਰ ਬਾਦਲ 'ਤੇ ਹਮਲਾ ਹੋਇਆ ਉਸ ਤੋਂ ਬਾਅਦ ਸ੍ਰੋਮਣੀ ਅਕਾਲੀ ਦਲ ਤੋਂ ਇਲਾਵਾ ਵਿਰੋਧੀ ਪਾਰਟੀਆਂ ਵੱਲੋਂ ਹਮਲੇ ਦੀ ਨਿੰਦਾ ਕੀਤੀ ਗਈ ਪਰ ਸੁਖਬੀਰ ਬਾਦਲ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ ਸੀ। ਸੁਖਬੀਰ ਬਾਦਲ ਨੇ ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕੀਤੀ ਹੈ।
"ਕਿਸੇ ਦੀ ਜਾਨ ਬਚਾਉਣ ਲਈ ਆਪਣੀ ਜਾਨ ਦਾਅ ‘ਤੇ ਲਾਉਣੀ ਕੋਈ ਸੌਖੀ ਗੱਲ ਨਹੀਂ। ਏਐਸਆਈ ਜਸਵੀਰ ਸਿੰਘ ਅਤੇ ਏ ਐਸ ਆਈ ਹੀਰਾ ਸਿੰਘ, ਦੋਵੇਂ ਸ. ਪ੍ਰਕਾਸ਼ ਸਿੰਘ ਜੀ ਬਾਦਲ ਸਾਬ੍ਹ ਦੇ ਸਮੇਂ ਤੋਂ ਹੀ ਸਾਡੇ ਪਰਿਵਾਰ ਦਾ ਹਿੱਸਾ ਹਨ। ਇਨ੍ਹਾਂ ਵੱਲੋਂ ਬੀਤੇ ਕੱਲ੍ਹ ਵਿਖਾਈ ਦਲੇਰੀ ਅਤੇ ਵਫਾਦਾਰੀ ਦਾ ਮੁੱਲ ਮੈਂ ਅਤੇ ਮੇਰਾ ਪਰਿਵਾਰ ਸਾਰੀ ਉਮਰ ਨਹੀਂ ਮੋੜ ਸਕਦੇ। ਵਾਹਿਗੁਰੂ ਇਨ੍ਹਾਂ ਨੂੰ ਲੰਮੀ ਉਮਰ, ਚੰਗੀ ਸਿਹਤ ਅਤੇ ਹਰ ਖੁਸ਼ੀ ਬਖਸ਼ੇ। -ਸੁਖਬੀਰ ਬਾਦਲ
4 ਦਸੰਬਰ ਨੂੰ ਹੋਇਆ ਸੀ ਹਮਲਾ
ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਵੱਖ-ਵੱਖ ਮਾਮਲਿਆਂ ਵਿੱਚ ਆਪਣੇ ਗੁਨਾਹ ਕਬੂਲਣ ਵਾਲੇ ਸਾਬਕਾ ਡਿਪਟੀ ਸੀਐੱਮ ਪੰਜਾਬ ਸੁਖਬੀਰ ਬਾਦਲ ਨੂੰ ਪੰਜ ਸਿੰਘ ਸਹਿਬਾਨਾਂ ਦੀ ਹਾਜ਼ਰੀ ਵਿੱਚ ਸੇਵਾ ਲਗਾਈ ਗਈ ਸੀ। ਇਸ ਦੌਰਾਨ ਜਦੋਂ ਉਹ ਸੇਵਾ ਨਿਭਾ ਰਹੇ ਸਨ ਤਾਂ ਬੀਤੇ ਦਿਨ ਨਰਾਇਣ ਸਿੰਘ ਚੌਰਾ ਨੇ ਉਨ੍ਹਾਂ ਉੱਤੇ ਪਿਸਟਲ ਨਾਲ ਗੋਲੀ ਦਾਗ ਕੇ ਜਾਨਲੇਵਾ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਪਰ ਏਐੱਸਆਈ ਜਸਬੀਰ ਸਿੰਘ ਦੀ ਮੁਸਤੈਦੀ ਨੇ ਸੁਖਬੀਰ ਬਾਦਲ ਦੀ ਜਾਨ ਬਚਾਈ ਲਈ ਅਤੇ ਮੁਲਜ਼ਮ ਨੂੰ ਮੌਕੇ ਤੋਂ ਹੀ ਅਸਲੇ ਸਮੇਤ ਕਾਬੂ ਕਰ ਲਿਆ ਗਿਆ।
ਮਜੀਠੀਆ ਨੇ ਕੀਤੀ ਜਾਂਚ ਕਰਨ ਦੀ ਮੰਗ
ਮਜੀਠੀਆ ਨੇ ਆਖਿਆ ਕਿ ਰੱਬ ਦਾ ਸ਼ੁਕਰ ਸੀ ਕਿ ਸੁਖਬੀਰ ਬਾਦਲ ਦੀ ਜਾਨ ਬਚ ਗਈ ਪਰ ਜੇਕਰ ਉਨ੍ਹਾਂ ਨੂੰ ਕੁੱਝ ਹੋ ਜਾਂਦਾ ਤਾਂ ਇਸ ਦਾ ਜ਼ਿੰਮੇਵਾਰ ਕੌਣ ਸੀ? ਉਨ੍ਹਾਂ ਆਖਿਆ ਕਿ ਪੁਲਿਸ ਦੀ ਸ਼ਾਬਾਸ਼ੀ ਨਹੀਂ ਬਲਕਿ ਨਲਾਇਕੀ ਹੈ। ਇਸ ਤੋਂ ਇਲਾਵਾ ਮਜੀਠੀਆ ਨੇ ਸੋਸ਼ਲ ਮੀਡੀਆ 'ਤੇ ਸੀਸੀਟੀਵੀ ਵੀਡੀਓ ਪਾ ਕੇ ਦਾਅਵਾ ਕੀਤਾ ਹੈ ਕਿ ਗੋਲਡਨ ਪਲਾਜ਼ਾ ਵਿਖੇ ਸੁਰੱਖਿਆ ਲਈ ਤਾਇਨਾਤ ਐਸਪੀ ਹਰਪਾਲ ਸਿੰਘ ਨੇ 3 ਦਸੰਬਰ ਨੂੰ ਅੱਤਵਾਦੀ ਚੌੜਾ ਨਾਲ ਹੱਥ ਮਿਲਾਇਆ ਸੀ। ਇਸ ਲਈ ਉਸ ਨੇ ਸਵਾਲ ਕੀਤਾ ਕਿ ਕੀ ਐਸਪੀ ਹਰਪਾਲ ਸਿੰਘ ਅਤੇ ਪੁਲਿਸ ਚੌੜਾ ਦੇ ਸੰਪਰਕ ਵਿੱਚ ਸੀ। ਬਿਕਰਮ ਨੇ ਕਿਹਾ ਕਿ ਇੰਜ ਜਾਪਦਾ ਹੈ ਜਿਵੇਂ ਪੁਲਿਸ ਕਮਿਸ਼ਨਰ, ਏ.ਡੀ.ਸੀ.ਪੀ ਸਿਟੀ-3 ਅਤੇ ਏ.ਆਈ.ਜੀ ਵੀ ਗੋਲੀਬਾਰੀ ਦੀ ਸਮੁੱਚੀ ਘਟਨਾ ਵਿੱਚ ਸ਼ਾਮਿਲ ਹਨ। ਉਨ੍ਹਾਂ ਹਾਈ ਕੋਰਟ ਤੋਂ ਤਿੰਨਾਂ ਅਧਿਕਾਰੀਆਂ ਦੀ ਭੂਮਿਕਾ ਦੀ ਜਾਂਚ ਕਰਨ ਦੀ ਮੰਗ ਕੀਤੀ ਹੈ।