ਅੰਮ੍ਰਿਤਸਰ: ਡੇਰਾ ਸਿਰਸਾ ਮੁਖੀ ਰਾਮ ਰਹੀਮ ਨੂੰ ਮੁਆਫੀ ਅਤੇ ਅਕਾਲੀ ਸਰਕਾਰ ਦੌਰਾਨ ਹੋਈਆਂ ਭੁੱਲਾਂ ਤਹਿਤ ਦੋ ਦਸੰਬਰ 2024 ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਹੋਏ ਫੈਸਲੇ ਅਨੁਸਾਰ ਅਕਾਲੀ ਆਗੂਆਂ ਵੱਲੋਂ ਧਾਰਮਿਕ ਸਜ਼ਾ ਪੂਰੀ ਹੋ ਗਈ ਹੈ। ਅੱਜ ਸਜ਼ਾ ਪੂਰਤੀ ਤੋਂ ਬਾਅਦ ਅਕਾਲੀ ਆਗੂ ਪ੍ਰੇਮ ਸਿੰਘ ਚੰਦੂ ਮਾਜਰਾ, ਸੁਰਜੀਤ ਸਿੰਘ ਰੱਖੜਾ, ਗੁਰਪ੍ਰਤਾਪ ਸਿੰਘ ਵਡਾਲਾ ਸਮੇਤ ਕਈ ਅਕਾਲੀ ਆਗੂਆਂ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਤੇ ਜਥੇਦਾਰ ਨਾਲ ਮੁਲਾਕਾਤ ਕੀਤੀ ਗਈ।
ਲੋਕਾਂ ਨੇ ਸਵੀਕਾਰ ਕੀਤਾ ਫੈਸਲਾ
ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਕਾਲੀ ਆਗੂਆਂ ਨੇ ਕਿਹਾ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਲੱਗੀ ਧਾਰਮਿਕ ਸਜ਼ਾ ਪੂਰੀ ਹੋਣ ਤੋਂ ਬਾਅਦ ਅੱਜ ਉਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਧੰਨਵਾਦ ਕਰਨ ਪਹੁੰਚੇ ਹਨ। ਉਹਨਾਂ ਕਿਹਾ ਕਿ ਜੋ ਫੈਸਲਾ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਸੁਣਾਇਆ ਗਿਆ ਸੀ, ਪੂਰੀ ਕੌਮ ਨੇ ਉਸ ਫੈਸਲੇ ਨੂੰ ਸਵੀਕਾਰ ਕੀਤਾ ਹੈ। ਜੋ ਜਥੇਦਾਰ ਸਾਹਿਬ ਵੱਲੋਂ ਫੈਸਲਾ ਦਿੱਤਾ ਸੀ ਉਸ ਦੀ ਅਸੀਂ ਇਨ-ਬਿੰਨ ਪਾਲਨਾ ਕਰਦੇ ਹੋਏ ਅਕਾਲੀ ਦਲ ਸੁਧਾਰ ਲਹਿਰ ਨੂੰ ਵੀ ਕੁਝ ਦਿਨ ਪਹਿਲਾਂ ਸਮੇਟ ਦਿੱਤਾ ਸੀ।
ਅਕਾਲੀ ਦਲ ਨੂੰ ਮਜ਼ਬੂਤ ਕਰਨ ਦੀ ਪਹਿਲ
ਉਹਨਾਂ ਕਿਹਾ ਕਿ ਅਕਾਲੀ ਦਲ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਅਸੀਂ ਸਾਰੇ ਇਕੱਠੇ ਹੋਵਾਂਗੇ। ਇਸ ਦੇ ਨਾਲ ਹੀ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੋ ਉਹਨਾਂ ਨੂੰ ਧਾਰਮਿਕ ਸਜ਼ਾ ਲੱਗੀ ਸੀ, ਉਸ ਨੂੰ ਪੂਰਾ ਕੀਤਾ ਹੈ ਅਤੇ ਉਹਨਾਂ ਕਿਹਾ ਕਿ ਜਦੋਂ ਉਹ ਸਰਕਾਰ ਦੇ ਵਿੱਚ ਵੀ ਸਨ ਉਦੋਂ ਵੀ ਉਹਨਾਂ ਨੇ ਕਦੀ ਡੇਰਾ ਸਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਮੁਆਫੀ ਦੇਣ ਵਾਲੀ ਗੱਲ ਨਹੀਂ ਕੀਤੀ, ਪਰ ਉਹਨਾਂ ਦੇ ਬਿਆਨ ਤੋੜ-ਮਰੋੜ ਕੇ ਲਗਾਏ ਗਏ ਸਨ, ਪਰ ਉਹ ਧੰਨਵਾਦ ਕਰਦੇ ਹਨ ਕਿ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਉਹਨਾਂ ਦੀ ਗੱਲ ਸੁਣੀ ਅਤੇ ਉਹਨਾਂ ਨੂੰ ਬੋਲਣ ਦਾ ਮੌਕਾ ਦਿੱਤਾ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਹੁਣ ਅਕਾਲੀ ਦਲ ਮੁੜ ਤੋਂ ਸੂਰਜੀਤ ਹੋਵੇਗਾ ।