ਸ੍ਰੀ ਫਤਹਿਗੜ੍ਹ ਸਾਹਿਬ: 2 ਦਸੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਤੇ ਪੰਜ ਸਿੰਘ ਸਾਹਿਬਾਨ ਨੇ ਜਾਣੇ-ਅਣਜਾਣੇ ਵਿੱਚ ਹੋਈਆਂ ਭੁੱਲਾਂ ਲਈ ਸੀਨੀਅਰ ਅਕਾਲੀ ਆਗੂਆਂ ਦੀ ਧਾਰਮਿਕ ਸੇਵਾ ਲਗਾਈ ਸੀ। ਅੱਜ ਸੇਵਾ ਨਿਭਾਉਣ ਲਈ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਸ੍ਰੀ ਫਤਹਿਗੜ੍ਹ ਸਾਹਿਬ ਪੁੱਜੇ। ਸੁਖਬੀਰ ਬਾਦਲ ਗਲ ਵਿੱਚ ਇੱਕ ਤਖਤੀ ਅਤੇ ਹੱਥ ਵਿੱਚ ਬਰਛਾ ਲੈਕੇ ਸੇਵਾ ਕਰਦੇ ਨਜ਼ਰ ਆਏ।
ਪਹਿਰੇਦਾਰ ਵਜੋਂ ਸੇਵਾ ਵਿੱਚ ਹਾਜ਼ਿਰ
ਸੁਖਬੀਰ ਬਾਦਲ ਪਹਿਲਾਂ ਦਰਬਾਰ ਸਾਹਿਬ ਵਿੱਚ ਪਹਿਰੇਦਾਰ ਵਜੋਂ ਇੱਕ ਘੰਟੇ ਲਈ ਸੇਵਾ ਕਰ ਚੁੱਕੇ ਹਨ। ਇਸ ਤੋਂ ਬਾਅਦ ਜਿੱਥੇ ਉਹ ਕੀਰਤਨ ਸਰਵਣ ਕਰਨਗੇ ਉੱਥੇ ਹੀ ਉਨ੍ਹਾਂ ਵੱਲੋਂ ਜੂਠੇ ਬਰਤਣ ਸਾਫ਼ ਕਰਨ ਦੀ ਸੇਵਾ ਵੀ ਕੀਤੀ ਜਾਵੇਗੀ। ਬੀਤੇ ਦਿਨ ਸੁਖਬੀਰ ਬਾਦਲ ਨੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਿਭਾਈ ਸੀ ਅਤੇ ਬੀਤੇ ਦਿਨ ਵਾਂਗ ਹੀ ਅੱਜ ਵੀ ਸੁਖਬੀਰ ਬਾਦਲ ਸਖ਼ਤ ਸੁਰੱਖਿਆ ਪਹਿਰੇ ਵਿੱਚ ਸੇਵਾ ਨਿਭਾਉਣ ਪਹੁੰਚੇ ਹਨ। ਸੁਖਬੀਰ ਬਾਦਲ ਨੇ ਸੇਵਾਦਾਰਾਂ ਵਾਲਾ ਨੀਲਾ ਚੋਲਾ ਅਤੇ ਗਲ ਵਿੱਚ ਤਖ਼ਤੀ ਪਾਈ ਹੋਈ ਹੈ।
ਸੁਰੱਖਿਆ ਪਹਿਰਾ ਸਖ਼ਤ
ਜ਼ਿਕਰਯੋਗ ਹੈ ਕਿ ਬੀਤੇ ਦਿਨੀ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਸੇਵਾ ਨਿਭਾਉਣ ਵੇਲੇ ਜਾਨਲੇਵਾ ਹਮਲੇ ਦਾ ਸਾਹਮਣਾ ਕਰਨਾ ਪਿਆ ਸੀ। ਖਾਲਿਸਤਾਨੀ ਸਮਰਥਕ ਨਰਾਇਣ ਸਿੰਘ ਚੌਰਾ ਵੱਲੋਂ ਸੁਖਬੀਰ ਬਾਦਲ ਉੱਤੇ ਗੋਲੀ ਚਲਾ ਕੇ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਜਿਸ ਤੋਂ ਬਾਅਦ ਪਹਿਲਾਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਥਿਤ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਹੁਣ ਸ੍ਰੀ ਫਤਹਿਗੜ੍ਹ ਸਾਹਿਬ ਵਿੱਚ ਸੇਵਾ ਨਿਭਾਉਣ ਸਮੇਂ ਪੁਲਿਸ ਪ੍ਰਸ਼ਾਸ਼ਨ ਵੱਲੋਂ ਵੱਡੀ ਗਿਣਤੀ ਅੰਦਰ ਸਾਦੀ ਵਰਦੀ ਵਿੱਚ ਪੁਲਿਸ ਲਗਾਈ ਗਈ ਹੈ। ਦੱਸ ਦਈਏ ਡੇਰਾ ਸਿਰਸਾ ਮੁਖੀ ਰਾਮ ਰਹੀਮ ਨੂੰ ਗੁਰੂ ਸਾਹਿਬ ਦੇ ਸਵਾਂਗ ਰਚਣ ਮਾਮਲੇ 'ਚ ਮੁਆਫ਼ੀ ਦੇਣ ਸਮੇਤ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਬਾਦਲ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਕਈ ਮਾਮਲਿਆਂ ਵਿੱਚ ਸੇਵਾ ਦੀ ਧਾਰਮਿਕ ਸਜ਼ਾ ਸੁਣਾਈ ਗਈ ਹੈ।