ਸ੍ਰੀ ਮੁਕਤਸਰ ਸਾਹਿਬ: ਹਰ ਕਾਮਯਾਬੀ ਪਿੱਛੇ ਲੱਖਾਂ ਹੀ ਲੋਕਾਂ ਦਾ ਸੰਘਰਸ਼ ਹੁੰਦਾ ਹੈ। ਕਿਸੇ ਵੀ ਸਫ਼ਲਤਾ ਲਈ ਅਨੇਕਾਂ ਕੁਰਬਾਨੀਆਂ ਦੇਣੀਆਂ ਪੈਂਦੀਆਂ ਹਨ। ਪੰਜਾਬੀਆਂ ਦਾ ਤਾਂ ਇਤਿਹਾਸ ਹੀ ਕੁਰਬਾਨੀਆਂ ਵਾਲਾ ਰਿਹਾ ਹੈ। ਭਾਵੇਂ ਉਹ ਦੇਸ਼ ਨੂੰ ਗੁਲਾਮੀਆਂ ਦੀਆਂ ਜੰਜ਼ੀਰਾਂ ਚੋਂ ਕੱਢਣ ਦੀ ਗੱਲ ਹੋਵੇ ਜਾਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਬਚਾਉਣ ਦੀ ਗੱਲ ਹੋਵੇ ਤਾਂ ਹਮੇਸ਼ਾ ਹੀ ਪੰਜਾਬੀਆਂ ਨੇ ਸੰਘਰਸ਼ ਕੀਤਾ ਅਤੇ ਜਿੱਤ ਹਾਸਿਲ ਕੀਤੀ ਹੈ। ਇਸੇ ਜਿੱਤ ਦੀ ਅੱਜ ਖੁਸ਼ੀ ਭਗਵਾਨ ਰਾਮ ਜੀ ਦੇ 'ਪ੍ਰਾਣ ਪ੍ਰਤਿਸ਼ਠਾ' ਨੂੰ ਲੈ ਕੇ ਮਨਾਈ ਜਾ ਰਹੀ ਹੈ।
ਰਾਮ ਮੰਦਿਰ ਲਈ ਕਦੋਂ ਸ਼ੁਰੂ ਹੋਇਅ ਸੰਘਰਸ਼: ਪੂਰੀ ਦੁਨੀਆਂ 'ਚ ਅੱਜ ਜਿੱਥੇ ਰਾਮ ਮੰਦਿਰ ਦੇ ਬਣਨ ਅਤੇ 'ਪ੍ਰਾਣ ਪ੍ਰਤਿਸ਼ਠਾ' ਨੂੰ ਲੈ ਕੇ ਖੁਸ਼ੀ ਦਾ ਮਾਹੌਲ ਹੈ। ਉਹ ਖੁਸ਼ੀ ਇੱਕ ਦਿਨ 'ਚ ਨਹੀਂ ਮਿਲੀ। ਇਸ ਖੁਸ਼ੀ ਲਈ ਲੰਮਾ ਸੰਘਰਸ਼ ਕਰਨ ਪਿਆ। ਇਸ ਸੰਘਰਸ਼ 'ਚ ਸ੍ਰੀ ਮੁਕਤਸਰ ਸਾਹਿਬ ਦੇ ਲੋਕਾਂ ਨੇ ਆਪਣਾ ਬਹੁਤ ਵੱਡਾ ਯੋਗਦਾਨ ਪਾਇਆ ਹੈ। ਰਾਮ ਮੰਦਰ ਲਈ ਇਹ ਸੰਘਰਸ਼ 1990-1992 ਤੋਂ ਚੱਲਦਾ ਆ ਰਿਹਾ ਹੈ। ਇਸ ਸੰਘਰਸ਼ ਦੀ ਲੜਾਈ 'ਚ ਮੁਕਤਸਰ ਤੋਂ ਵੀ 3 ਜਥੇ ਗਏ ਸੀ। ਜਿੰਨ੍ਹਾਂ ਨੂੰ ਇਸ ਸੰਘਰਸ਼ ਕਰਨ ਲਈ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਅਤੇ ਕਈ ਦੀ ਸ਼ਹਾਦਤ ਹੋਈ ਜਦਕਿ ਕਈ ਸੰਘਰਸ਼ ਕਰਨ ਵਾਲਿਆਂ ਨੂੰ ਜੇਲ੍ਹ ਵੀ ਕੱਟਣੀ ਪਈ।
ਪਰਿਵਾਰਾਂ ਦੀ ਨਹੀਂ ਕੀਤੀ ਕੋਈ ਪਰਵਾਹ: ਇਸ ਮੌਕੇ ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਹੋਏ ਸੰਘਰਸ਼ ਕਰਨ ਵਾਲੇ ਲੋਕਾਂ ਨੇ ਆਖਿਆ ਕਿ ਉਸ ਸਮੇਂ ਹਾਲਤ ਬਹੁਤ ਖਰਾਬ ਸੀ ਅਤੇ ਹਕੂਮਤ ਦਾ ਤਸ਼ੱਦਤ ਪੂਰੇ ਜ਼ੋਰ 'ਤੇ ਸੀ। ਅਜਿਹੇ ਹਾਲਤਾਂ 'ਚ ਜਿੱਥੇ ਆਮ ਲੋਕਾਂ 'ਚ ਇੱਕ ਡਰ ਦਾ ਮਾਹੌਲ ਬਣ ਗਿਆ ਸੀ ਉੱਥੇ ਹੀ ਸਾਡੇ ਪਰਿਵਾਰਾਂ ਵੱਲੋਂ ਵੀ ਸਾਨੂੰ ਰੋਕਿਆ ਗਿਆ ਅਤੇ ਇਸ ਸੰਘਰਸ਼ ਤੋਂ ਪਿੱਛੇ ਹੱਟਣ ਲਈ ਕਿਹਾ ਪਰ ਅਸੀਂ ਕਿਸੇ ਦੀ ਕੋਈ ਪਰਵਾਰ ਨਹੀਂ ਕੀਤੀ ਕਿਉਂਕਿ ਅਸੀਂ ਪ੍ਰਭੂ ਰਾਮ ਲਈ ਇਹ ਸੰਘਰਸ਼ ਸ਼ੁਰੂ ਕੀਤਾ ਸੀ ਇਸ ਲਈ ਇਸ ਤੋਂ ਪੈਰ ਪਿੱਛੇ ਖਿੱਚਣ ਦਾ ਕੋਈ ਤੁਕ ਹੀ ਨਹੀਂ ਬਣਦਾ ਸੀ ।
ਸੰਘਰਸ਼ ਨੂੰ ਪਿਆ ਬੂਰਾ: 1990-1992 ਤੋਂ ਸ਼ੁਰੂ ਹੋਏ ਇਸ ਸੰਘਰਸ਼ ਨੂੰ ਬੂਰ ਪਿਆ ਹੈ। ਇਸੇ ਲਈ ਅੱਜ ਪ੍ਰਭੂ ਰਾਮ ਜੀ ਦੀ 'ਪ੍ਰਾਣ ਪ੍ਰਤਿਸ਼ਠਾ' ਹੋਈ ਹੈ । ਇਸ ਲਈ ਇਸ ਨੂੰ ਰਾਮ ਯੁੱਗ ਕਿਹਾ ਜਾ ਰਿਹਾ ਹੈ।