ਮੋਗਾ: ਪੰਜਾਬ ਦਾ ਸੱਭਿਆਚਾਰ ਇੰਨਾ ਰੰਗੀਨ ਅਤੇ ਪਿਆਰ ਹੈ ਕਿ ਇੱਥੋ ਦੀਆਂ ਵਸਤਾਂ ਦੇ ਦੇਸ਼ ਦੇ ਹਰ ਕੋਨੇ ਵਿੱਚ ਵਸਦੇ ਲੋਕ ਤਾਂ ਫੈਨ ਹੋ ਹੀ ਜਾਂਦੇ ਹਨ, ਸਗੋਂ ਵਿਦੇਸ਼ੀ ਵੀ ਇਸ ਨੂੰ ਬੇਹਦ ਪਸੰਦ ਕਰਦੇ ਹਨ। ਫੇਰ ਜਦੋਂ ਪੰਜਾਬੀ ਸੱਭਿਆਚਾਰ ਨਾਲ ਜੁੜੀਆਂ ਚੀਜ਼ਾਂ ਨੂੰ ਹੋਰ ਸਪੈਸ਼ਲ ਰੰਗ-ਢੰਗ ਦੇ ਦਿੱਤਾ ਜਾਵੇ, ਤਾਂ ਹਰ ਕੋਈ ਦੇਖ ਕੇ ਖੁਸ਼ ਹੋ ਉੱਠਦਾ ਹੈ। ਕਰੀਬ 12 ਮੀਟਰ ਲੰਬੀ 143 ਸੈਂਟੀਮੀਟਰ ਚੌੜੀ ਅਤੇ ਕਰੀਬ ਚਾਰ ਕਿਲੋ 960 ਗ੍ਰਾਮ ਦੇ ਭਾਰ ਵਾਲੀ ਇਸ ਫੁਲਕਾਰੀ ਤੇ ਸਰਬਜੀਤ ਕੋਮਲ ਨੇ ਆਪਣੇ ਹੱਥਾਂ ਨਾਲ ਮੀਨਾਕਾਰੀ ਕੀਤੀ ਹੈ। ਜਿਸ ਵਿੱਚ ਲਹਿੰਦੇ ਪੰਜਾਬ ਅਤੇ ਚੜ੍ਹਦੇ ਪੰਜਾਬ ਦੀ ਝਲਕ ਦਿਖਾਈ ਦੇਵੇਗੀ। ਇਹ ਫੁਲਕਾਰੀ ਉਨ੍ਹਾਂ ਨੇ ਵਿਸ਼ਵ ਦੀ ਸਭ ਤੋਂ ਵੱਡੀ ਤੇ ਸਪੈਸ਼ਲ ਬਣਾਉਣ ਦਾ ਦਾਅਵਾ ਕੀਤਾ ਹੈ।
ਕੀ ਹੈ ਫੁਲਕਾਰੀ ਦੀ ਖਾਸੀਅਤ: ਮੋਗਾ ਦੀ ਰਹਿਣ ਵਾਲੀ ਸਰਬਜੀਤ ਕੌਰ ਕੋਮਲ ਨੇ ਵਿਸ਼ਵ ਦੀ ਸਭ ਤੋਂ ਵੱਡੀ ਫੁਲਕਾਰੀ ਬਣਾਉਣ ਦਾ ਦਾਅਵਾ ਕੀਤਾ ਹੈ। ਇਹ ਫੁਲਕਾਰੀ ਕਰੀਬ 12 ਮੀਟਰ ਲੰਬੀ, 143 ਸੈਂਟੀਮੀਟਰ ਚੌੜੀ ਹੈ। ਕਰੀਬ 4 ਕਿਲੋ, 960 ਗ੍ਰਾਮ ਦੇ ਭਾਰ ਵਾਲੀ ਇਸ ਫੁਲਕਾਰੀ ਉੱਤੇ ਸਰਬਜੀਤ ਕੋਮਲ ਨੇ ਆਪਣੇ ਹੱਥਾਂ ਨਾਲ ਕਢਾਈ ਕੀਤੀ ਹੈ। ਇਸ ਵਿੱਚ ਲਹਿੰਦੇ ਪੰਜਾਬ ਅਤੇ ਚੜ੍ਹਦੇ ਪੰਜਾਬ ਦਾ ਨਕਸ਼ਾ ਬਣਾਇਆ। ਪੰਜਾਬੀ ਦੇ 35 ਅੱਖਰ, ਕਿਕਲੀ ਪਾਉਂਦੀਆਂ ਮੁਟਿਆਰਾਂ, ਭੰਗੜਾ ਪਾਉਂਦੇ ਗੱਭਰੂ, ਢੋਲ, ਗੱਡਾ ਅਤੇ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦੀਆਂ ਵੱਖ ਵੱਖ ਚੀਜ਼ਾਂ ਬਣਾਈਆਂ ਗਈਆਂ ਹਨ।
ਪੂਰੀ ਦੁਨੀਆ ਵਿੱਚ ਘੁੰਮਾਉਣਾ ਪੰਜਾਬੀ ਵਿਰਸਾ: ਦੱਸ ਦਈਏ ਕਿ ਸਰਬਜੀਤ ਕੌਰ ਨੇ ਪੰਜ ਸਾਲ ਪਹਿਲਾਂ ਇਸ ਖੱਦਰ ਨੂੰ ਖ਼ਰੀਦਿਆ ਸੀ ਅਤੇ ਖੁਦ ਇਸ ਨੂੰ ਰੰਗਿਆ। ਸਰਬਜੀਤ ਕੌਰ ਦਾ ਇਸ ਫੁਲਕਾਰੀ ਨੂੰ ਸਾਰੀ ਦੁਨੀਆਂ ਵਿੱਚ ਘੁੰਮਾਉਣ ਦਾ ਟੀਚਾ ਹੈ ਅਤੇ ਕੋਸ਼ਿਸ਼ ਹੈ ਕਿ ਇਹ ਪੰਜਾਬ ਦੇ ਹਰ ਮੇਲਿਆਂ ਦਾ ਸ਼ਿੰਗਾਰ ਬਣੇ। ਉਥੇ ਹੀ ਸਰਬਜੀਤ ਕੌਰ ਕੋਮਲ ਨੇ ਈਟੀਵੀ ਭਾਰਤ ਦੀ ਟੀਮ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਪੰਜਾਬ ਦਾ ਸੱਭਿਆਚਾਰ ਵਿਰਸਾ ਬਿਲਕੁਲ ਅਲੋਪ ਹੁੰਦਾ ਜਾ ਰਿਹਾ ਹੈ ਤੇ ਅਸੀਂ ਪੰਜਾਬ ਦੇ ਸੱਭਿਆਚਾਰ ਨੂੰ ਬਚਾਉਣ ਲਈ ਇਹ ਕੋਸ਼ਿਸ਼ਾਂ ਕਰਦੇ ਰਹਿਦੇ ਹਾਂ ਤੇ ਅਲੱਗ ਅਲੱਗ ਤਰ੍ਹਾਂ ਦੀਆਂ ਚੀਜ਼ਾਂ ਬਣਾਉਂਦੇ ਰਹਿੰਦੇ ਹਾਂ। ਆਉਣ ਵਾਲੇ ਸਮੇਂ ਵਿੱਚ ਵੀ ਪੰਜਾਬ ਦੇ ਸੱਭਿਆਚਾਰ ਨੂੰ ਜਿਉਂਦਾ ਰੱਖਣ ਲਈ ਸਾਡੇ ਵੱਲੋਂ ਵੱਖ-ਵੱਖ ਚੀਜ਼ਾਂ ਬਣਾਈਆਂ ਜਾਣਗੀਆਂ ਜਿਸ ਉੱਤੇ ਪੰਜਾਬ ਦਾ ਸੱਭਿਆਚਾਰ ਦਰਸਾਇਆ ਜਾਵੇਗਾ।
ਉੱਥੇ ਹੀ, ਸਰਬਜੀਤ ਕੌਰ ਕੋਮਲ ਨੇ ਬਾਕੀ ਔਰਤਾਂ ਨੂੰ ਵੀ ਅਪੀਲ ਕੀਤੀ ਹੈ ਕਿ ਜਿਹੜੀਆਂ ਘਰ ਵਿੱਚ ਕੰਮਾਂ ਕਾਰਾਂ ਵਿੱਚ ਰੁੱਝੀਆਂ ਰਹਿੰਦੀਆਂ ਹਨ, ਉਹ ਔਰਤਾਂ ਵੀ ਅਜਿਹਾ ਹੁਨਰ ਅਤੇ ਆਪਣੀ ਕਲਾ ਨੂੰ ਲੋਕਾਂ ਸਾਹਮਣੇ ਲੈ ਕੇ ਆਉਣ, ਤਾਂ ਕਿ ਪੰਜਾਬ ਦਾ ਸੱਭਿਆਚਾਰ ਵੀ ਜਿਉਂਦਾ ਰਹਿ ਸਕੇ। ਦੱਸ ਦਈਏ ਕਿ ਸਰਬਜੀਤ ਕੌਰ ਦੇ ਪਤੀ ਗੁਰਪ੍ਰੀਤ ਸਿੰਘ ਕੋਮਲ ਵੀ ਆਪਣੀ ਕਲਾਕਾਰੀ ਕਾਰਨ ਕਈ ਵਿਸ਼ਵ ਰਿਕਾਰਡ ਬਣਾ ਚੁੱਕੇ ਹਨ ਅਤੇ ਲਿਮਕਾ ਬੁੱਕ ਆਫ ਰਿਕਾਰਡਸ ਵਿੱਚ ਵੀ ਉਨ੍ਹਾਂ ਦਾ ਨਾਮ ਦਰਜ ਹੈ।