ਮੁਕਤਸਰ ਸਾਹਿਬ: ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਰਾਹੁਲ ਗਾਂਧੀ ਦੇ ਸਿੱਖਾਂ ਬਾਰੇ ਦਿੱਤੇ ਬਿਆਨ ਦਾ ਸਮਰਥਨ ਹੈ। ਉਹਨਾਂ ਕਿਹਾ ਕਿ ਭਾਜਪਾ ਦੇ ਆਗੂਆਂ ਵੱਲੋਂ ਰਾਹੁਲ ਗਾਂਧੀ ਦੇ ਅਮਰੀਕਾ ਵਿੱਚ ਦਿੱਤੇ ਬਿਆਨ ਨੂੰ ਗਲਤ ਤਰੀਕੇ ਨਾਲ ਤੋੜ ਮੋੜ ਕੇ ਵਰਤ ਕੇ ਸਿਆਸੀ ਲਾਹਾ ਲਿਆ ਜਾ ਰਿਹਾ ਹੈ।
ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਅਨੁਸਾਰ, ਗਾਂਧੀ ਭਾਰਤ ਵਿੱਚ ਜਾਤ ਅਤੇ ਧਰਮ ਦੇ ਅਧਾਰ 'ਤੇ ਵੱਧ ਰਹੇ ਧਰੁਵੀਕਰਨ ਕਾਰਨ ਲੋਕਾਂ ਵਿੱਚ ਵੱਧ ਰਹੇ ਡਰ ਅਤੇ ਵੰਡ ਦਾ ਜ਼ਿਕਰ ਕਰ ਰਹੇ ਸਨ। ਉਨ੍ਹਾਂ ਨੇ ਉਜਾਗਰ ਕੀਤਾ ਕਿ ਰਾਹੁਲ ਗਾਂਧੀ ਦਾ ਇਰਾਦਾ ਦੇਸ਼ ਵਿੱਚ ਧਾਰਮਿਕ ਅਤੇ ਸਮਾਜਿਕ ਤਣਾਅ ਵਿੱਚ ਚਿੰਤਾਜਨਕ ਵਾਧਾ ਵੱਲ ਇਸ਼ਾਰਾ ਕਰਨਾ ਸੀ। ਵੜਿੰਗ ਨੇ ਕਿਹਾ, "ਭਾਰਤ ਵਿੱਚ, ਅਸੀਂ ਸਭ ਨੇ ਦੇਖਿਆ ਕਿ ਕਿਵੇਂ ਧਰਮ ਦੀ ਵਰਤੋਂ ਚੋਣਾਂ ਦੌਰਾਨ ਰਾਜਨੀਤਿਕ ਲਾਭ ਲਈ ਕੀਤੀ ਗਈ ਸੀ।''
ਉਹਨਾਂ ਕਿਹਾ ਕਿ ਰਾਹੁਲ ਗਾਂਧੀ ਨਿਡਰ ਹੋ ਕਿ ਹਿੰਦੁਸਤਾਨ ਦੀ ਏਕਤਾ ਦੀ ਗੱਲ ਕਰ ਰਿਹਾ ਹੈ। ਰਾਜਾ ਵੜਿੰਗ ਨੇ ਕਿਹਾ ਕਿ ਰਾਹੁਲ ਗਾਂਧੀ ਨੂੰ ਸਿੱਖ ਧਰਮ ਸਬੰਧੀ ਪੂਰੀ ਜਾਣਕਾਰੀ ਹੈ। ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਆਗੂਆਂ ਵੱਲੋਂ ਬੇਵਜ੍ਹਾ ਵਿਰੋਧ ਕੀਤਾ ਜਾ ਰਿਹਾ ਹੈ।
ਉਸਨੇ ਰਾਹੁਲ ਗਾਂਧੀ ਦੇ ਸਿੱਖ ਧਰਮ ਪ੍ਰਤੀ ਡੂੰਘੇ ਸਤਿਕਾਰ 'ਤੇ ਵੀ ਜ਼ੋਰ ਦਿੱਤਾ ਅਤੇ ਉਦਾਹਰਣਾਂ ਦਾ ਹਵਾਲਾ ਦਿੱਤਾ ਜਿੱਥੇ ਗਾਂਧੀ ਨੇ ਧਰਮ ਪ੍ਰਤੀ ਆਪਣੀ ਸ਼ਰਧਾ ਅਤੇ ਕਦਰਦਾਨੀ ਦਾ ਪ੍ਰਦਰਸ਼ਨ ਕੀਤਾ ਹੈ। ਵੜਿੰਗ ਨੇ ਸਵਾਲ ਕੀਤਾ ਕਿ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼ਰਧਾ ਭਾਵਨਾ ਨਾਲ ਨਤਮਸਤਕ ਹੋਣ ਵਾਲੇ ਅਤੇ ਭਾਰਤ ਦੀ ਸੰਸਦ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਬੋਲਣ ਵਾਲੇ ਰਾਹੁਲ ਗਾਂਧੀ ਵਰਗਾ ਵਿਅਕਤੀ ਸਿੱਖਾਂ ਦਾ ਵਿਰੋਧੀ ਕਿਵੇਂ ਹੋ ਸਕਦਾ ਹੈ?
ਕੀ ਕੰਗਨਾ ਰਣੌਤ ਦਾ ਬਿਆਨ ਘੱਟਗਿਣਤੀਆਂ ਦਾ ਅਪਮਾਨ ਨਹੀਂ ਸੀ?
ਉਹਨਾਂ ਕਿਹਾ ਕਿ ਕਾਂਗਰਸ ਹਰ ਧਰਮ ਹਰ ਜਾਤ ਦਾ ਸਤਿਕਾਰ ਕਰਦੀ ਹੈ ਅਤੇ ਕਰਦੀ ਰਹੇਗੀ। ਉਹਨਾਂ ਕਿਹਾ ਕਿ ਭਾਜਪਾ ਦੇ ਕੁਝ ਆਗੂ ਇਸ ਮਾਮਲੇ ਵਿਚ ਗਲਤ ਬਿਆਨਬਾਜੀ ਕਰ ਰਹੇ ਹਨ ਜੋ ਕਦੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਰਾਜਾ ਵੜਿੰਗ ਨੇ ਕਿਹਾ ਕਿ ਜਿਸ ਤਰ੍ਹਾਂ ਦੀ ਬਿਆਨਬਾਜੀ ਭਾਜਪਾ ਆਗੂਆਂ ਨੇ ਦਿੱਲੀ ਕਿਸਾਨ ਮੋਰਚੇ ਸਬੰਧੀ ਕੀਤੀ ਅਤੇ ਜਿਸ ਤਰ੍ਹਾਂ ਦੀ ਬਿਆਨਬਾਜੀ ਭਾਜਪਾ ਐਮ.ਪੀ. ਕੰਗਨਾ ਰਣੌਤ ਨੇ ਪੰਜਾਬੀਆਂ ਵਿਰੁੱਧ ਕੀਤੀ, ਕੀ ਉਹ ਘੱਟਗਿਣਤੀਆਂ ਦਾ ਅਪਮਾਨ ਨਹੀਂ ਸੀ?
ਜ਼ਿਕਰਯੋਗ ਹੈ ਕਿ ਇਹ ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਰਾਹੁਲ ਗਾਂਧੀ ਨੇ ਵਰਜੀਨੀਆ ਦੇ ਹਰਨਡਨ 'ਚ ਬੋਲਦਿਆਂ ਕਿਹਾ, ''ਭਾਰਤ 'ਚ ਲੜਾਈ ਇਸ ਗੱਲ ਨੂੰ ਲੈ ਕੇ ਹੈ ਕਿ ਕੀ ਸਿੱਖਾਂ ਨੂੰ ਦਸਤਾਰ ਸਜਾਉਣ ਦੀ ਇਜਾਜ਼ਤ ਹੋਵੇਗੀ, ਕੀ ਸਿੱਖਾਂ ਨੂੰ ਕੜੇ ਪਹਿਨਣ ਦੀ ਇਜਾਜ਼ਤ ਹੋਵੇਗੀ ਜਾਂ ਗੁਰਦੁਆਰਿਆਂ 'ਚ ਜਾਣ ਦੀ ਇਜਾਜ਼ਤ ਹੋਵੇਗੀ। ਲੜਾਈ ਸਿਰਫ਼ ਸਿੱਖਾਂ ਲਈ ਨਹੀਂ, ਸਗੋਂ ਸਾਰੇ ਧਰਮਾਂ ਦੀ ਹੈ।" ਉਸ ਦੀਆਂ ਟਿੱਪਣੀਆਂ ਦਾ ਉਦੇਸ਼ ਦੇਸ਼ ਵਿੱਚ ਧਾਰਮਿਕ ਆਜ਼ਾਦੀ ਲਈ ਚੱਲ ਰਹੇ ਸੰਘਰਸ਼ ਨੂੰ ਉਜਾਗਰ ਕਰਨਾ ਸੀ। ਰਾਜਾ ਵੜਿੰਗ ਨੇ ਕਿਹਾ ਕਿ ਭਾਜਪਾ ਧਰਮ ਦੀ ਰਾਜਨੀਤੀ ਕਰ ਰਹੀ ਹੈ, ਜੋ ਕਿ ਗਲਤ ਹੈ। ਇਹ ਦੇਸ਼ ਸਾਰੇ ਧਰਮਾਂ, ਜਾਤਾਂ ਨੂੰ ਮਿਲਾ ਕੇ ਹੀ ਬਣਿਆ ਹੈ।