ਮਾਨਸਾ: ਮੇਰੇ ਪੁੱਤ ਨੂੰ ਕਤਲ ਕਰਵਾਉਣ ਵਿੱਚ ਸਰਕਾਰਾਂ ਦਾ ਪੂਰਾ ਹੱਥ ਹੈ ਕਿਉਂਕਿ ਉਸ ਨੇ ਥੋੜੇ ਸਮੇਂ ਵਿੱਚ ਹੀ ਬਹੁਤ ਵੱਡਾ ਨਾਮ ਕਮਾ ਲਿਆ ਸੀ। ਇਸੇ ਤਰ੍ਹਾਂ ਹੀ ਹੱਕ ਮੰਗਣ ਵਾਲੇ ਕਿਸਾਨਾਂ 'ਤੇ ਅੱਤਿਆਚਾਰ ਕਰਨਾ ਸ਼ੁਭਕਰਨ ਵਰਗੇ ਨੌਜਵਾਨਾਂ ਨੂੰ ਧਰਨਿਆਂ ਵਿੱਚ ਕਤਲ ਕਰਵਾ ਦੇਣਾ ਇਹ ਸਰਕਾਰਾਂ ਦਾ ਕੰਮ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਬੁਢਲਾਡਾ ਹਲਕੇ ਦੇ ਪਿੰਡ ਰਾਮਪੁਰ ਮੰਡੇਰ ਅਤੇ ਬਾਰੇ ਦੇ ਵਿੱਚ ਵੱਖ-ਵੱਖ ਪਾਰਟੀਆਂ ਨੂੰ ਛੱਡ ਕੇ ਆਏ ਵਰਕਰਾਂ ਨੂੰ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਕਰਵਾਉਣ ਸਮੇਂ ਕੀਤਾ।
ਪਾਰਟੀ 'ਚ ਆਏ ਲੋਕਾਂ ਦਾ ਸਵਾਗਤ
ਬੁਢਲਾਡਾ ਹਲਕੇ ਦੇ ਪਿੰਡ ਰਾਮਪੁਰ ਮੰਡੇਰ ਅਤੇ ਬਰੇ ਦੇ ਵਿੱਚ ਵੱਖ-ਵੱਖ ਪਾਰਟੀਆਂ ਨੂੰ ਛੱਡ ਕੇ ਵੱਡੀ ਤਾਦਾਦ ਵਿੱਚ ਕਾਂਗਰਸ ਪਾਰਟੀ ਸ਼ਾਮਿਲ ਹੋਏ ਵਰਕਰਾਂ ਨੂੰ ਹਲਕਾ ਇੰਚਾਰਜ ਰਣਵੀਰ ਕੌਰ ਮੀਆਂ ਦੀ ਅਗਵਾਈ ਵਿੱਚ ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਵੱਲੋਂ ਸਮੂਲੀਅਤ ਕਰਵਾਈ ਗਈ। ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਵੱਖ-ਵੱਖ ਪਾਰਟੀਆਂ ਨੂੰ ਛੱਡ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋਏ ਵਰਕਰਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਪੰਜਾਬ ਦੇ ਹਾਲਾਤ ਤੁਸੀਂ ਦੇਖ ਹੀ ਚੁੱਕੇ ਹੋ, ਜੇਕਰ ਇੰਡੀਆ ਅਲਾਇੰਸ ਸੱਤਾ ਦੇ ਵਿੱਚ ਆਵੇਗਾ ਤਾਂ ਦੇਸ਼ ਦੇ ਵਿੱਚ ਹਾਲਾਤ ਸੁਧਰ ਸਕਦੇ ਹਨ।
ਕਿਸਾਨਾਂ ਨੂੰ ਖ਼ੱਜਲ ਕਰ ਰਹੀ ਸਰਕਾਰ
ਉਹਨਾਂ ਕਿਹਾ ਕਿ ਪੰਜਾਬ ਦੇ ਹਾਲਾਤ ਬਹੁਤ ਮਾੜੇ ਹਨ। ਉਹਨਾਂ ਕਿਹਾ ਕਿ ਮੇਰੇ ਪੁੱਤ ਨੇ ਜੋ ਨਾਮ ਕਮਾਇਆ ਪਰ ਉਸ ਨੂੰ ਘਨਾਉਣੀਆਂ ਸਾਜਿਸ਼ਾਂ ਦੇ ਤਹਿਤ ਮੁਕਾ ਦਿੱਤਾ ਗਿਆ। ਇਸ ਦੇ ਵਿੱਚ ਸਰਕਾਰਾਂ ਦਾ ਪੂਰਾ ਪੂਰਾ ਹੱਥ ਹੈ। ਉਹਨਾਂ ਕਿਹਾ ਕਿ ਮੈਂ ਭਗਵੰਤ ਮਾਨ ਨੂੰ ਬਹੁਤ ਵਾਰ ਮਿਲਿਆ ਪਰ ਹੁਣ ਉਹ ਮੈਨੂੰ ਆਪਣੇ ਮੱਥੇ ਵੀ ਨਹੀਂ ਲਾਉਂਦੇ, ਕਿਉਂਕਿ ਮੈਂ ਆਪਣੇ ਪੁੱਤਰ ਦਾ ਉਹਨਾਂ ਤੋਂ ਇਨਸਾਫ ਮੰਗਦਾ ਹਾਂ। ਉਹਨਾਂ ਕਿਹਾ ਕਿ ਕਿਸਾਨਾਂ ਨੂੰ ਹੱਕ ਮੰਗਦੇ ਹੋਏ ਜਖਮੀ ਕਰ ਦਿੱਤਾ ਜਾਂਦਾ ਹੈ। ਇਸ ਮੌਕੇ ਉਹਨਾਂ ਕਿਹਾ ਕਿ ਸ਼ੁਭਕਰਨ ਵਰਗੇ ਨੌਜਵਾਨਾਂ ਨੂੰ ਧਰਨਿਆਂ ਦੇ ਵਿੱਚ ਕਤਲ ਕਰ ਦਿੱਤਾ ਜਾਂਦਾ ਹੈ ਪਰ ਫਿਰ ਵੀ ਇਨਸਾਫ ਅਸੀਂ ਕਿਸ ਤੋਂ ਮੰਗ ਰਹੇ ਹਾਂ। ਉਹਨਾਂ ਕਿਹਾ ਕਿ ਪੰਜਾਬ ਦੇ ਵਿੱਚ ਬਦਮਾਸ਼ੀ ਇੰਨੀ ਜਿਆਦਾ ਹੈ ਕਿ ਬਦਮਾਸ਼ਾਂ ਨੂੰ ਜੇਲਾਂ ਦੇ ਵਿੱਚ ਚੰਗੀਆਂ ਸਿਹਤ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ।
ਕਰਜ਼ਿਆਂ 'ਤੇ ਚੱਲ ਰਹੀ ਸਰਕਾਰ
ਬਦਮਾਸ਼ਾਂ ਦੀ ਸੇਵਾ ਕੀਤੀ ਜਾਂਦੀ ਹੈ ਅਤੇ ਉਨਾਂ ਨੂੰ ਕਸਟਡੀ ਦੇ ਵਿੱਚ ਹੀ ਟੈਟੂ ਬਣਵਾਉਣ ਦੇ ਲਈ ਹਵਨ ਕਰਵਾਉਣ ਦੇ ਲਈ ਪੰਡਿਤ ਤੱਕ ਦਾ ਪ੍ਰਬੰਧ ਕੀਤਾ ਜਾਂਦਾ ਹੈ ਤਾਂ ਫਿਰ ਅਸੀਂ ਪੰਜਾਬ ਸਰਕਾਰ ਤੋਂ ਕੀ ਉਮੀਦ ਰੱਖ ਸਕਦੇ ਹਾਂ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਕਰਜ਼ਾ ਲੈ ਕੇ ਚੱਲ ਰਹੀ ਹੈ। ਭਾਰਤ ਸਰਕਾਰ ਕੋਲ ਕੋਈ ਵੀ ਆਪਣਾ ਰੈਵਨਿਊ ਨਹੀਂ ਹੈ। ਜਿਸ ਕਾਰਨ ਲੋਕਾਂ ਨੂੰ ਦਿਨ ਬ-ਦਿਨ ਕਰਜਾਈ ਕੀਤਾ ਜਾ ਰਿਹਾ ਹੈ।