ਅਕਾਲੀ ਦਲ ਪੰਜਾਬ ਬਚਾਓ ਯਾਤਰਾ; ਸੁਖਬੀਰ ਬਾਦਲ ਨੇ ਕਿਹਾ- ਆਪ ਦਾ ਨਿਸ਼ਾਨਾ ਸਰਕਾਰ ਬਣਾਉਣਾ ਸੀ, ਸੇਵਾ ਕਰਨਾ ਨਹੀਂ - ਪੰਜਾਬ ਬਚਾਓ ਯਾਤਰਾ
Akali Dal Punjab Bachao Yatra : ਸ਼੍ਰੋਮਣੀ ਅਕਾਲੀ ਦਲ ਵਲੋਂ ਸੂਬੇ ਵਿੱਚ ਪੰਜਾਬ ਬਚਾਓ ਯਾਤਰਾ ਕੱਢੀ ਜਾ ਰਹੀ ਹੈ। ਇਸ ਤਹਿਤ ਇਹ ਯਾਤਰਾ ਅੱਜ ਅੰਮ੍ਰਿਤਸਰ ਵਿਖੇ ਛੇਹਰਟਾ ਤੋਂ ਸ਼ੁਰੂ ਹੋਈ। ਇੱਥੇ ਸੁਖਬੀਰ ਬਾਦਲ ਨੇ ਇਕ ਵਾਰ ਫਿਰ ਮਾਨ ਸਰਕਾਰ ਉੱਤੇ ਜੰਮ ਕੇ ਨਿਸ਼ਾਨੇ ਸਾਧੇ ਅਤੇ ਕਿਹਾ ਕਿ ਆਮ ਆਦਮੀ ਪਾਰਟੀ ਝੂਠ ਬੋਲ ਕੇ ਸੱਤਾ ਵਿੱਚ ਆਈ ਹੈ।
Published : Feb 5, 2024, 3:19 PM IST
ਅੰਮ੍ਰਿਤਸਰ : ਸ਼੍ਰੋਮਣੀ ਅਕਾਲੀ ਦਲ ਵੱਲੋਂ ਇਕ ਫ਼ਰਵਰੀ ਤੋਂ ਪੰਜਾਬ ਬਚਾਓ ਯਾਤਰਾ ਸ਼ੁਰੂ ਕੀਤੀ ਗਈ, ਜੋ ਕਿ ਪੰਜਾਬ ਦੇ ਵੱਖ-ਵੱਖ 43 ਹਲਕਿਆਂ ਵਿੱਚ ਗੁਜ਼ਰੇਗੀ। ਇਸ ਦੇ ਚੱਲਦੇ, ਸੋਮਵਾਰ ਨੂੰ ਅੱਜ ਇਹ ਪੰਜਾਬ ਬਚਾਓ ਯਾਤਰਾ ਵਿਧਾਨ ਸਭਾ ਹਲਕਾ ਪੱਛਮੀ ਅੰਮ੍ਰਿਤਸਰ ਛੇਹਰਟਾ ਤੋਂ ਸ਼ੁਰੂ ਹੋਈ। ਇਸ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਵਰਕਰ ਅਤੇ ਅਕਾਲੀ ਨੇਤਾ ਵੀ ਸ਼ਾਮਲ ਹੋਏ। ਪੰਜਾਬ ਬਚਾਓ ਯਾਤਰਾ ਅੱਜ ਅੰਮ੍ਰਿਤਸਰ ਦੇ ਵੱਖ ਵੱਖ ਪੰਜ ਹਲਕਿਆਂ ਵਿੱਚ ਜਾਵੇਗੀ।
ਇਸ ਦੌਰਾਨ ਸਰਕਾਰਾਂ ਨਾਲ ਗੱਲਬਾਤ ਕਰਦਿਆਂ ਅਕਾਲੀ ਦਲ ਦੇ ਨੇਤਾਵਾਂ ਨੇ ਕਿਹਾ ਕਿ ਲੋਕ ਪੰਜਾਬ ਸਰਕਾਰ ਦੀਆਂ ਨੀਤੀਆਂ ਤੋਂ ਖੁਸ਼ ਨਹੀਂ ਹਨ, ਇਸ ਲਈ ਵੱਡੀ ਗਿਣਤੀ ਵਿੱਚ ਲੋਕ ਪੰਜਾਬ ਬਚਾਓ ਯਾਤਰਾ ਵਿੱਚ ਸ਼ਾਮਿਲ ਹੋ ਰਹੇ ਹਨ। ਲੋਕਾਂ ਦਾ ਠਾਠਾ ਮਾਰਦਾ ਇਕੱਠ ਦੇਖ ਕੇ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੇਗੀ।
ਝੂਠ ਬੋਲ AAP ਸੱਤਾ ਵਿੱਚ ਆਈ: ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਹ ਜਿਹੜੀ ਪਹਿਲਾਂ ਕੈਪਟਨ ਸਰਕਾਰ ਦੀ ਸਰਕਾਰ ਆਈ ਅਤੇ ਹੁਣ ਭਗਵੰਤ ਮਾਨ ਦੀ ਸਰਕਾਰ ਆ ਗਈ, ਇਨ੍ਹਾਂ ਨੇ ਸਿਰਫ਼ ਝੂਠ ਹੀ ਬੋਲੇ ਹਨ ਅਤੇ ਸਰਕਾਰ ਬਣਾਈ। ਉਨ੍ਹਾਂ ਦਾ ਨਿਸ਼ਾਨਾ ਸੀ ਸਰਕਾਰ ਬਣਾਉਣਾ ਤੇ ਸਿਰਫ ਰਾਜ ਕਰਨਾ ਰਿਹਾ, ਨਾ ਕਿ ਸੇਵਾ ਕਰਨਾ। ਸੁਖਬੀਰ ਬਾਦਲ ਨੇ ਕਿਹਾ ਕਿ ਪਿੰਡਾਂ ਵਿੱਚ ਹਜ਼ਾਰਾਂ ਲੋਕ ਅਜਿਹੇ ਹਨ, ਜਿਨ੍ਹਾਂ ਦੇ ਬਿਜਲੀ ਦੇ ਬਿੱਲ ਆ ਰਹੇ ਹਨ ਅਤੇ ਲੋਕ ਆਪ ਸਰਕਾਰ ਤੋਂ ਬਹੁਤ ਜਿਆਦਾ ਦੁਖੀ ਹੋ ਰਹੇ ਹਨ। ਇਸ ਦੇ ਨਾਲ ਹੀ, ਉਨ੍ਹਾਂ ਕਿਹਾ ਕਿ ਜੋ ਮਾਨਸਾ ਦੇ ਗੁਰਦੁਆਰਾ ਵਿੱਚ ਪੁਲਿਸ ਫੋਰਸ ਇੱਕ ਵਾਰ ਫਿਰ ਦਾਖਲ ਹੋਈ ਹੈ। ਬਾਦਲੇ ਨੇ ਕਿਹਾ ਕਿ ਜਿਸ ਮੁੱਖ ਮੰਤਰੀ ਨੂੰ ਮਾਣ ਮਰਿਆਦਾ ਦਾ ਪਤਾ ਨਾ ਹੋਵੇ, ਉਸ ਮੁੱਖ ਮੰਤਰੀ ਤੋਂ ਪੰਜਾਬ ਦੇ ਭਲੇ ਦੀ ਕੀ ਆਸ ਕਰ ਸਕਦੇ ਹਾਂ।
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸ਼ੁਰੂ ਹੋਈ ਯਾਤਰਾ: ਜ਼ਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਇਸ ਯਾਤਰਾ ਦੀ ਸ਼ੁਰੂਆਤ ਕੀਤੀ ਗਈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਅਟਾਰੀ ਬਾਰਡਰ ਤੋਂ ਪਲੇਠੀ ਯਾਤਰਾ ਸ਼ੁਰੂਆਤ ਕਰਦੇ ਹੋਏ ਮਜੀਠਾ ਹਲਕੇ ਤੋਂ ਹੁੰਦੇ ਹੋਏ ਪੰਜਾਬ ਦੇ ਅਲੱਗ ਅਲੱਗ ਸੂਬਿਆਂ ਵਿੱਚ ਪੰਜਾਬ ਸਰਕਾਰ ਦੇ ਖਿਲਾਫ ਆਵਾਜ਼ ਚੁੱਕੀ ਜਾ ਰਹੀ ਹੈ। ਉੱਥੇ ਹੀ ਇੱਕ ਵਾਰ ਫਿਰ ਤੋਂ ਸੁਖਬੀਰ ਸਿੰਘ ਬਾਦਲ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉੱਤੇ ਵੀ ਕਈ ਸਵਾਲੀਆ ਨਿਸ਼ਾਨ ਚੁੱਕੇ ਗਏ ਹਨ। ਪੰਜਾਬ ਦੇ ਮੁੱਖ ਮੰਤਰੀ ਨੂੰ ਇੱਕ ਵਾਰ ਫਿਰ ਤੋਂ ਸ਼ਰਾਬੀ ਕਿਹਾ ਹੈ।
ਹੁਣ ਵੇਖਣਾ ਹੋਵੇਗਾ ਕਿ ਇਹ ਯਾਤਰਾ ਸ਼੍ਰੋਮਣੀ ਅਕਾਲੀ ਦਲ ਦੀ ਬੇੜੀ 2024 ਵਿੱਚ ਪਾਰ ਲਗਾਉਂਦੀ ਹੈ ਜਾਂ ਲੋਕ ਅਕਾਲੀ ਦਲ ਦਾ ਇੱਕ ਵਾਰ ਫਿਰ ਤੋਂ ਮੂੰਹ ਮੋੜਦੇ ਹੋਏ ਨਜ਼ਰ ਆਉਣਗੇ। ਪਰ, ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਜੰਮ ਕੇ ਨਿਸ਼ਾਨੇ ਵੀ ਸਾਧੇ ਜਾ ਰਹੇ ਹਨ।