ਲੁਧਿਆਣਾ: ਨਗਰ ਨਿਗਮ ਚੋਣਾਂ ਲਈ ਅੱਜ ਨਾਮਜ਼ਦਗੀਆਂ ਭਰਨ ਦਾ ਆਖਰੀ ਦਿਨ ਰਿਹਾ ਅਤੇ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਅਮਰਿੰਦਰ ਸਿੰਘ ਰਾਜਾ ਵੜਿੰਗ ਲੁਧਿਆਣਾ ਤੋਂ ਗੈਰ ਹਾਜ਼ਰ ਰਹੇ। ਇਸ ਦੌਰਾਨ ਉਹਨਾਂ ਦੀ ਗੈਰ ਮੌਜੂਦਗੀ ਦੇ ਵਿੱਚ ਸਿਮਰਜੀਤ ਬੈਂਸ ਵੱਲੋਂ ਉਹਨਾਂ ਦੇ ਦਫਤਰ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਗਈ। ਜਿਸ ਨੂੰ ਲੈ ਕੇ ਵਿਰੋਧੀ ਪਾਰਟੀਆਂ ਨੇ ਸਵਾਲ ਖੜੇ ਕੀਤੇ ਹਨ।
ਵੜਿੰਗ ਨੇੇ ਬੈਂਸ ਨੂੰ ਦਿੱਤੀ ਪਾਵਰ ਆਫ਼ ਅਟਾਰਨੀ
ਆਮ ਆਦਮੀ ਪਾਰਟੀ ਦੇ ਵਿਧਾਇਕ ਅਸ਼ੋਕ ਪਰਾਸ਼ਰ ਨੇ ਕਿਹਾ ਕਿ ਅਮਰਿੰਦਰ ਰਾਜਾ ਵੜਿੰਗ, ਸਿਮਰਜੀਤ ਬੈਂਸ ਨੂੰ ਪਾਵਰ ਆਫ਼ ਅਟਾਰਨੀ ਦੇ ਕੇ ਗਏ ਹਨ। ਇਸ ਕਰਕੇ ਬੈਂਸ ਹੀ ਹੁਣ ਸਾਰਾ ਕੁਝ ਦੇਖ ਰਹੇ ਹਨ। ਉਹਨਾਂ ਕਿਹਾ ਕਿ ਅਮਰਿੰਦਰ ਰਾਜਾ ਵੜਿੰਗ ਗਿੱਦੜਬਾਹਾ ਦੇ ਹਲਕੇ ਦੇ ਲੋਕਾਂ ਨੂੰ ਇਹ ਪੁੱਛਦੇ ਫਿਰ ਰਹੇ ਹਨ ਕਿ ਉਹਨਾਂ ਨੂੰ ਕਿਉਂ ਹਰਾ ਦਿੱਤਾ ਗਿਆ। ਉਹਨਾਂ ਕਿਹਾ ਕਿ ਇਸ ਕਰਕੇ ਉਹਨਾਂ ਕੋਲ ਲੁਧਿਆਣਾ ਵਿੱਚ ਆਉਣ ਦਾ ਸਮਾਂ ਹੀ ਨਹੀਂ ਹੈ। ਉਹਨਾਂ ਕਿਹਾ ਕਿ ਲੁਧਿਆਣੇ ਦੇ ਜਿੰਨ੍ਹਾਂ ਲੋਕਾਂ ਨੇ ਉਨ੍ਹਾਂ ਨੂੰ ਵੋਟ ਪਾਈ ਸੀ, ਉਹ ਵੀ ਅੱਜ ਇਹ ਪੁੱਛ ਰਹੇ ਹਨ।
ਅਕਾਲੀ ਦਲ ਨੇ ਖੜੇ ਕੀਤੇ ਸਵਾਲ
ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਰਾਜਾ ਵੜਿੰਗ ਨੂੰ ਲੈ ਕੇ ਸਵਾਲ ਖੜੇ ਕੀਤੇ ਹਨ। ਲੁਧਿਆਣਾ ਤੋਂ ਸ਼੍ਰੋਮਣੀ ਅਕਾਲੀ ਦਲ ਵਲੋਂ ਲੋਕ ਸਭਾ ਦੀ ਚੋਣ ਲੜ ਚੁੱਕੇ ਰਣਜੀਤ ਢਿਲੋਂ ਨੇ ਕਿਹਾ ਕਿ ਉਹ ਪੁੱਛਣਾ ਚਾਹੁੰਦੇ ਹਨ ਕਿ ਜਿਨਾਂ ਨੂੰ ਲੁਧਿਆਣੇ ਦੇ ਲੋਕਾਂ ਨੇ ਵੋਟ ਪਾਈ ਹੈ, ਉਹ ਕਿੱਥੇ ਹਨ। ਉਹਨਾਂ ਕਿਹਾ ਕਿ ਮੇਰੇ ਤੋਂ ਇਲਾਵਾ ਸਾਰੇ ਹੀ ਪਾਵਰ ਦੇ ਵਿੱਚ ਹਨ। ਅਸ਼ੋਕ ਪਰਾਸ਼ਰ ਆਮ ਆਦਮੀ ਪਾਰਟੀ ਦੇ ਐਮਐਲਏ ਹਨ, ਜਦੋਂ ਕਿ ਰਵਨੀਤ ਬਿੱਟੂ ਨੂੰ ਕੇਂਦਰੀ ਮੰਤਰੀ ਬਣਾ ਦਿੱਤਾ ਗਿਆ, ਇਸ ਤੋਂ ਇਲਾਵਾ ਰਾਜਾ ਵੜਿੰਗ ਐਮਪੀ ਹਨ। ਉਹਨਾਂ ਕਿਹਾ ਕਿ ਪਰ ਇਹ ਆਪਣੇ ਹਲਕੇ ਦੇ ਵਿੱਚ ਹੀ ਨਜ਼ਰ ਨਹੀਂ ਆਉਂਦੇ।
ਲੀਡਰਾਂ ਦੀ ਨੀ ਲੋਕਾਂ ਦੀ ਗਲਤੀ
ਰਣਜੀਤ ਢਿਲੋਂ ਨੇ ਕਿਹਾ ਕਿ ਜੇਕਰ ਸਥਾਨਕ ਕਿਸੇ ਮੈਂਬਰ ਨੂੰ ਜਿਤਾਇਆ ਜਾਂਦਾ ਤਾਂ ਉਹ ਲੋਕਾਂ ਦੇ ਸੁੱਖ-ਦੁੱਖ ਦੇ ਵਿੱਚ ਉਹਨਾਂ ਦੇ ਨਾਲ ਖੜਦਾ। ਉਹਨਾਂ ਕਿਹਾ ਕਿ ਇਹ ਲੋਕ ਬਾਹਰੋਂ ਆਏ ਅਤੇ ਵੋਟਾਂ ਲੈ ਕੇ ਚਲੇ ਗਏ। ਉਹਨਾਂ ਕਿਹਾ ਕਿ ਇਹ ਇਨ੍ਹਾਂ ਲੀਡਰਾਂ ਦੀ ਗਲਤੀ ਨਹੀਂ ਹੈ, ਸਗੋਂ ਲੋਕਾਂ ਦੀ ਗਲਤੀ ਹੈ, ਜੋ ਕਿ ਇਹਨਾਂ ਨੂੰ ਵੋਟਾਂ ਪਾਉਂਦੇ ਹਨ। ਉਹਨਾਂ ਕਿਹਾ ਕਿ ਉਹ ਗੱਲਾਂ ਦੇ ਵਿੱਚ ਆ ਕੇ ਵੋਟ ਪਾ ਦਿੰਦੇ ਹਨ ਪਰ ਉਹਨਾਂ ਨੂੰ ਵੋਟ ਦੀ ਅਹਿਮੀਅਤ ਦਾ ਪਤਾ ਹੋਣਾ ਚਾਹੀਦਾ।