ਚੰਡੀਗੜ੍ਹ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅੱਜ ਪੰਜਾਬ ਮਹਿਲਾ ਕਮਿਸ਼ਨ ਦਾ ਸੰਮਨ ਮਿਲਣ ਮਗਰੋਂ ਆਪਣਾ ਸਪੱਸ਼ਟੀਕਰਨ ਦੇਣ ਲਈ ਕਮਿਸ਼ਨ ਦੇ ਚੰਡੀਗੜ੍ਹ ਸਥਿਤ ਦਫ਼ਤਰ ਪਹੁੰਚੇ। ਪਿਛਲੇ ਸ਼ਨੀਵਾਰ ਤੋਂ ਸ਼ੁਰੂ ਹੋਏ ਇਸ ਵਿਵਾਦ ਵਿੱਚ SGPC ਦੇ ਮੌਜੂਦਾ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ SGPC ਦੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਦੇ ਖਿਲਾਫ਼ ਭੱਦੀ ਸ਼ਬਦਾਵਲੀ ਵਰਤੀ ਸੀ। ਮੀਡੀਆ ਵਿੱਚ ਇਹ ਮਾਮਲਾ ਆਉਣ ਮਗਰੋਂ ਮਹਿਲਾ ਕਮਿਸ਼ਨ ਨੇ ਇਸ 'ਤੇ ਹਰਜਿੰਦਰ ਸਿੰਘ ਧਾਮੀ ਨੂੰ 17 ਦਸੰਬਰ ਤੱਕ ਆਪਣਾ ਜਵਾਬ ਦੇਣ ਦਾ ਨੋਟਿਸ ਜਾਰੀ ਕੀਤਾ ਸੀ।
ਧਾਮੀ ਨੇ ਸੌਂਪਿਆ ਜਵਾਬ
ਅੱਜ ਹਰਜਿੰਦਰ ਸਿੰਘ ਧਾਮੀ ਨੇ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਨੂੰ ਆਪਣਾ ਜਵਾਬ ਸੌਂਪਿਆ ਅਤੇ ਉਨ੍ਹਾਂ ਨੇ ਬੀਬੀ ਜਗੀਰ ਕੌਰ ਬਾਰੇ ਜਿਹੜੀ ਭੱਦੀ ਸ਼ਬਦਾਵਲੀ ਵਰਤੀ ਸੀ ਉਸ 'ਤੇ ਵੀ ਖੇਦ ਜਤਾਇਆ ਅਤੇ ਮੁਆਫੀ ਮੰਗੀ ਪਰ ਮਹਿਲਾ ਕਮਿਸ਼ਨ ਚੇਅਰਪਰਸਨ ਨੇ ਸਾਫ਼ ਸ਼ਬਦਾਂ ਵਿੱਚ ਕਿਹਾ ਕਿ ਇਹ ਮਾਮਲਾ ਸਿਰਫ਼ ਮੁਆਫੀ ਮੰਗਣ ਨਾਲ ਖਤਮ ਨਹੀਂ ਹੋਵੇਗਾ। ਰਾਜ ਲਾਲੀ ਗਿੱਲ ਨੇ ਕਿਹਾ ਕਿ ਉਨ੍ਹਾਂ ਨੇ ਬੀਬੀ ਜਗੀਰ ਕੌਰ ਨਾਲ ਵੀ ਫੋਨ 'ਤੇ ਗੱਲ ਕੀਤੀ ਹੈ, ਉਨ੍ਹਾਂ ਨੂੰ ਵੀ ਬੁਲਾ ਕੇ ਉਨ੍ਹਾਂ ਦਾ ਪੱਖ ਵੀ ਸੁਣਿਆ ਜਾਏਗਾ। ਇਸ ਤੋਂ ਬਾਅਦ ਅੱਗੇ ਦੀ ਕਾਰਵਾਈ ਕੀਤੀ ਜਾਏਗੀ। ਹਰਜਿੰਦਰ ਸਿੰਘ ਧਾਮੀ ਖਿਲਾਫ਼ FIR ਦਰਜ ਕਰਾਉਣ 'ਤੇ ਮਹਿਲਾ ਚੇਅਰਪਰਸਨ ਨੇ ਕਿਹਾ ਕਿ ਪਹਿਲਾਂ ਉਹ ਬੀਬੀ ਜਗੀਰ ਕੌਰ ਦਾ ਪੱਖ ਸੁਣ ਲੈਣ ਉਸ ਤੋਂ ਬਾਅਦ ਹੀ ਅਗਲੀ ਕਾਰਵਾਈ ਬਾਰੇ ਦੱਸਿਆ ਜਾ ਸਕਦਾ ਹੈ।
ਸੁਖਬੀਰ ਬਾਦਲ ਦੇ ਅਸਤੀਫ਼ੇ 'ਤੇ ਚਰਚਾ ਵੇਲੇ ਵਰਤੇ ਭੱਦੇ ਸ਼ਬਦ
ਦਰਅਸਲ, ਵਕੀਲ ਹਰਜਿੰਦਰ ਧਾਮੀ ਨੇ ਇੱਕ ਵੈਬ ਚੈਨਲ ਦੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ SGPC ਦੇ ਤਿੰਨ ਵਾਰ ਪ੍ਰਧਾਨ ਰਹਿ ਚੁੱਕੇ ਬੀਬੀ ਜਗੀਰ ਕੌਰ ਦੇ ਖਿਲਾਫ਼ ਭੱਦੀ ਸ਼ਬਦਾਵਲੀ ਵਰਤੀ ਸੀ। ਫੋਨ ਰਿਕਾਰਡਿੰਗ ਵਿੱਚ ਵਕੀਲ ਧਾਮੀ ਅਤੇ ਪੱਤਰਕਾਰ ਦਰਮਿਆਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਅਸਤੀਫ਼ੇ ਦੀ ਚਰਚਾ ਹੋ ਰਹੀ ਸੀ ਕਿ ਅਚਾਨਕ ਬੀਬੀ ਜਗੀਰ ਕੌਰ ਦਾ ਜ਼ਿਕਰ ਆਉਂਦਿਆਂ ਹੀ SGPC ਪ੍ਰਧਾਨ ਨੇ ਬੀਬੀ ਖਿਲਾਫ਼ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਕਰਦਿਆਂ ਭੱਦੀ ਸ਼ਬਦਾਵਲੀ ਬੋਲੀ। ਉਨ੍ਹਾਂ ਦੀ ਇਹ ਆਡੀਓ ਤੇਜ਼ੀ ਨਾਲ ਮੀਡੀਆ ਵਿੱਚ ਵਾਇਰਲ ਹੋਈ ਜਿਸ ਤੋਂ ਬਾਅਦ ਪੰਜਾਬ ਮਹਿਲਾ ਕਮਿਸ਼ਨ ਨੇ ਸੂ-ਮੋਟੋ ਤਹਿਤ SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ 17 ਦਸੰਬਰ ਤੱਕ ਆਪਣਾ ਜਵਾਬ ਦੇਣ ਲਈ ਨੋਟਿਸ ਜਾਰੀ ਕੀਤਾ ਸੀ।
ਸ੍ਰੀ ਅਕਾਲ ਤਖਤ ਸਾਹਿਬ ਤੋਂ ਮੰਗੀ ਮੁਆਫੀ
ਇਸ ਤੋਂ ਪਹਿਲਾਂ ਲੰਘੇ ਸ਼ਨੀਵਾਰ ਨੂੰ SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਸ੍ਰੀ ਅਕਾਲ ਤਖਤ ਸਾਹਿਬ ਪੇਸ਼ ਹੋ ਕੇ ਮਾਫ਼ੀਨਾਮਾ ਸੌਂਪਿਆ ਸੀ। ਉਨ੍ਹਾਂ ਬੀਬੀ ਜਗੀਰ ਕੌਰ ਪ੍ਰਤੀ ਵਰਤੇ ਮਾੜੇ ਬੋਲਾਂ ਲਈ ਮੁਆਫੀ ਮੰਗੀ ਅਤੇ ਕਿਹਾ ਕਿ ਬਤੌਰ SGPC ਪ੍ਰਧਾਨ ਉਨ੍ਹਾਂ ਦੇ ਮੂੰਹੋਂ ਨਿਕਲੇ ਭੱਦੇ ਬੋਲ ਉਨ੍ਹਾਂ ਨੂੰ ਨਹੀਂ ਸੋਭਦੇ ਅਤੇ ਉਹ ਇਸ ਲਈ ਮੁਆਫੀ ਮੰਗਦੇ ਹਨ। ਉਨ੍ਹਾਂ ਨਾਲ ਹੀ ਇਹ ਵੀ ਕਿਹਾ ਸੀ ਕਿ ਉਹ ਬੀਬੀ ਜਗੀਰ ਕੌਰ ਅਤੇ ਸਾਰੀਆਂ ਔਰਤਾਂ ਕੋਲੋਂ ਇਨ੍ਹਾਂ ਸ਼ਬਦਾਂ ਦੀ ਮੁਆਫੀ ਮੰਗਦੇ ਹਨ।