ਅੰਮ੍ਰਿਤਸਰ: ਕੈਨੇਡਾ ਦੀ ਧਰਤੀ 'ਤੇ ਨਿੱਝਰ ਕਤਲ ਕਾਂਡ ਤੋਂ ਬਾਅਦ ਲਗਾਤਾਰ ਹੀ ਕੈਨੇਡਾ ਅਤੇ ਭਾਰਤ ਵਿੱਚ ਬਹੁਤ ਸਾਰਾ ਵਿਵਾਦ ਵੱਧਦਾ ਹੋਇਆ ਨਜ਼ਰ ਆ ਰਿਹਾ ਹੈ। ਜਿਸ ਤੋਂ ਬਾਅਦ ਇੱਕ ਵਾਰ ਫਿਰ ਤੋਂ ਭਾਰਤ ਸਰਕਾਰ ਵੱਲੋਂ ਕੈਨੇਡਾ ਅਤੇ ਅਮਰੀਕਾ ਦੇ ਦੂਤਾਵਾਸਾਂ ਨੂੰ ਉਨ੍ਹਾਂ ਦੇ ਦੇਸ਼ ਵਾਪਸ ਭੇਜਣ ਲਈ ਕਹਿ ਦਿੱਤਾ ਗਿਆ ਸੀ। 19 ਤਰੀਕ ਤੱਕ ਉਨ੍ਹਾਂ ਨੂੰ ਇਹ ਸਮਾਂ ਦਿੱਤਾ ਗਿਆ ਸੀ ਪਰ ਉਨ੍ਹਾਂ ਦੇ ਹੱਕ ਦੇ ਵਿੱਚ ਹੁਣ ਇਮਾਨ ਸਿੰਘ ਮਾਨ ਜੋ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਹਨ। ਉਨ੍ਹਾਂ ਵੱਲੋਂ ਇੱਕ ਮੰਗ ਪੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਦਿੱਤਾ ਗਿਆ ਤਾਂ ਜੋ ਕਿ ਜੋ ਦਿਨ ਪਰ ਦਿਨ ਭਾਰਤ ਸਰਕਾਰ ਕੈਨੇਡਾ ਤੇ ਅਮਰੀਕਾ ਦੇ ਨਾਲ ਕਰ ਰਹੀ ਹੈ, ਉਸ 'ਤੇ ਠੱਲ ਪਾਈ ਜਾ ਸਕੇ। ਉੱਥੇ ਦੂਸਰੇ ਪਾਸੇ ਉਨ੍ਹਾਂ ਵੱਲੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਨੂੰ ਅਸਤੀਫਾ ਨਾ ਦੇਣ 'ਤੇ ਵੀ ਇੱਕ ਸੁਝਾਅ ਦਿੱਤਾ।
ਜਾਣਬੁਝ ਕੇ ਸਿੱਖ ਨਸਲਕੁਸ਼ੀ ਦਾ ਸ਼ਿਕਾਰ ਬਣਾਇਆ ਜਾ ਰਿਹਾ
ਇਮਾਨ ਸਿੰਘ ਮਾਨ ਨੇ ਕਿਹਾ ਕਿ ਬਹੁਤ ਸਾਰੇ ਪੰਜਾਬ ਦੇ ਨੌਜਵਾਨ ਹਨ ਜੋ ਕਿ ਕੈਨੇਡਾ ਅਤੇ ਅਮਰੀਕਾ ਦੀ ਧਰਤੀ 'ਤੇ ਜਾ ਕੇ ਆਪਣਾ ਭਵਿੱਖ ਸੁਖਾਲਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉੱਥੇ ਹੀ ਹੁਣ ਭਾਰਤ ਸਰਕਾਰ ਵੱਲੋਂ ਕੈਨੇਡਾ ਅਤੇ ਅਮਰੀਕਾ ਦੇ ਦੂਤਾਵਾਸਾਂ ਨੂੰ ਉਨ੍ਹਾਂ ਦੇ ਵਾਪਸ ਦੇਸ਼ ਜਾਣ ਲਈ ਕਹਿ ਦਿੱਤਾ ਗਿਆ ਹੈ। ਜਿਸ ਤੋਂ ਬਾਅਦ ਅੱਜ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਇੱਕ ਵਫਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨਾਲ ਮਿਲਣ ਪਹੁੰਚੇ। ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਇਮਾਨ ਸਿੰਘ ਮਾਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜੋ ਹਾਲਾਤ ਭਾਰਤ ਵੱਲੋਂ ਕੈਨੇਡਾ ਤੇ ਅਮਰੀਕਾ ਦੇ ਨਾਲ ਬਣਾਏ ਜਾ ਰਹੇ ਹਨ ਉਹ ਬਿਲਕੁਲ ਸਹੀ ਨਹੀਂ ਹਨ ਅਤੇ ਜਾਣਬੁਝ ਕੇ ਸਿੱਖ ਨਸਲਕੁਸ਼ੀ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ।
ਸਿੱਖ ਕੌਮ ਦੇ ਜਥੇਦਾਰ ਹਮੇਸ਼ਾ ਹੀ ਆਪਣੀ ਵੱਖਰੀ ਮਿਸਾਲ ਪੈਦਾ ਕਰਦੇ
ਇਮਾਨ ਸਿੰਘ ਮਾਨ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਇਸੇ ਦੇ ਸਬੰਧੀ ਹੀ ਉਨ੍ਹਾਂ ਵੱਲੋਂ ਅੱਜ ਇੱਕ ਮੰਗ ਪੱਤਰ ਸਿੱਖਾਂ ਦੀ ਸਰਵਉੱਚ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕੀਤਾ ਗਿਆ ਹੈ ਅਤੇ ਉਹ ਆਸ ਕਰਦੇ ਹਨ ਇਸ ਨੂੰ ਲੈ ਕੇ ਜ਼ਰੂਰ ਕੋਈ ਨਾ ਕੋਈ ਵੱਡਾ ਵਿਚਾਰ ਕੀਤਾ ਜਾ ਸਕਦਾ ਹੈ। ਦੂਸਰੇ ਪਾਸੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਅਸਤੀਫੇ 'ਤੇ ਇਮਾਨ ਸਿੰਘ ਮਾਨ ਨੇ ਕਿਹਾ ਗਿਆ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਨਹੀਂ ਦੇਣਾ ਚਾਹੀਦਾ ਸੀ ਅਤੇ ਉਨ੍ਹਾਂ ਨੂੰ ਇੰਨਾ ਮੁਸ਼ਕਿਲਾਂ ਦੇ ਨਾਲ ਲੜਨਾ ਜ਼ਰੂਰ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਸਾਡੀ ਸਿੱਖ ਕੌਮ ਦੇ ਜਥੇਦਾਰ ਹਮੇਸ਼ਾ ਹੀ ਆਪਣੀ ਵੱਖਰੀ ਮਿਸਾਲ ਪੈਦਾ ਕਰਦੇ ਹੋਏ ਨਜ਼ਰ ਆਉਂਦੇ ਹਨ ਅਤੇ ਹਮੇਸ਼ਾ ਹੀ ਜ਼ੁਲਮਾਂ ਨਾਲ ਟਾਕਰਾ ਵੀ ਲੈਂਦੇ ਹੋਏ ਨਜ਼ਰ ਆਉਂਦੇ ਹਨ, ਨਾ ਕਿ ਉਹ ਆਪਣੇ ਅਹੁਦਿਆਂ ਤੋਂ ਅਸਤੀਫਾ ਦਿੰਦੇ ਹੋਏ ਨਜ਼ਰ ਆਉਂਦੇ ਹਨ। ਉਨ੍ਹਾਂ ਨੇ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਵੀ ਇਨ੍ਹਾਂ ਜਾਲਮਾਂ ਦੇ ਨਾਲ ਪੂਰੀ ਟੱਕਰ ਲੈਣੀ ਚਾਹੀਦੀ ਸੀ। ਉਨ੍ਹਾਂ ਨੂੰ ਅਸਤੀਫਾ ਨਹੀਂ ਦੇਣਾ ਚਾਹੀਦਾ ਸੀ।
ਜਥੇਦਾਰ ਗਿਆਨੀ ਹਰਪ੍ਰੀਤ ਸਿੰਘ 'ਤੇ ਕਸਿਆ ਤੰਜ
ਉੱਥੇ ਹੀ ਦੂਜੇ ਪਾਸੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਦਿੱਤੇ ਗਏ ਅਸਤੀਫੇ ਅਤੇ ਸੋਸ਼ਲ ਮੀਡੀਆ 'ਤੇ ਭੇਜੀ ਗਈ ਵੀਡੀਓ ਵਿੱਚ ਭਾਵੁਕ ਹੋਏ ਜਥੇਦਾਰ ਬਾਰੇ ਅੱਜ ਗੁਰਮਤਿ ਵਿਦਿਆਲਿਆ ਦਮਦਮੀ ਟਕਸਾਲ ਅਜਨਾਲਾ ਦੇ ਮੁਖੀ ਭਾਈ ਅਮਰੀਕ ਸਿੰਘ ਅਜਨਾਲਾ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ। ਜਿਸ ਵਿੱਚ ਉਨ੍ਹਾਂ ਨੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ 'ਤੇ ਤੰਜ ਕੱਸਦੇ ਹੋਏ ਕਿਹਾ ਕਿ ਪੰਥ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਗਲਾ ਭਰ ਕੇ ਬਿਰਾਗ ਕਰਕੇ ਕੁਝ ਗੱਲਾਂ ਕਹੀਆਂ, ਪਰ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਪਾੜ ਕੇ ਗਲੀਆਂ ਦੇ ਵਿੱਚ ਖਿਲਾਰੇ ਗਏ, ਮਹਾਰਾਜ ਦੇ ਸਰੂਪ ਚੋਰੀ ਕੀਤੇ ਗਏ, ਗੰਦੇ ਨਾਲਿਆਂ 'ਚ ਸੁੱਟੇ ਗਏ, ਪਾਥੀਆਂ ਦੇ ਵਿੱਚ ਲੁਕਾਏ ਗਏ, ਉਦੋਂ ਜਥੇਦਾਰ ਸਾਹਿਬ ਨੂੰ ਕੋਈ ਵਿਰਾਗ ਯਾਦ ਨਹੀਂ ਆਇਆ, ਉਸ ਸਮੇਂ ਅਸਤੀਫਾ ਦੇਣਾ ਯਾਦ ਨਹੀਂ ਆਇਆ। ਉਨ੍ਹਾਂ ਨੇ ਕਿਹਾ ਕਿ ਜੋ ਜੰਗ ਇਸ ਵੇਲੇ ਚੱਲ ਰਹੀ ਹੈ, ਇਸ ਵਿੱਚ ਕਿਸੇ ਦਾ ਨਹੀਂ ਬਲਕਿ ਸਿੱਖ ਕੌਮ ਦਾ ਨੁਕਸਾਨ ਹੋ ਰਿਹਾ ਹੈ।
ਜਥੇਦਾਰ ਹਰਪ੍ਰੀਤ ਸਿੰਘ ਪਛਤਾ ਰਹੇ
ਭਾਈ ਅਮਰੀਕ ਸਿੰਘ ਨੇ ਕਿਹਾ ਕਿ ਸਾਡੇ ਵੱਡ ਵੱਡੇਰਿਆਂ ਨੇ ਸਿੱਖ ਕੌਮ ਨੂੰ ਸਹੀ ਰਾਹ 'ਤੇ ਲਿਆਉਣ ਦੇ ਲਈ ਰਾਜਨੀਤਿਕ ਤੇ ਧਾਰਮਿਕ ਜਥੇਬੰਦੀ ਢਾਂਚੇ ਦਾ ਨਿਰਮਾਣ ਕੀਤਾ ਸੀ ਪਰ ਹੁਣ ਇਹ ਦੋਵੇਂ ਜਥੇਬੰਦੀਆਂ ਗਲਤ ਹੱਥਾਂ ਵਿੱਚ ਆ ਗਈਆਂ ਹਨ। ਉਨ੍ਹਾਂ ਨੇ ਕਿਹਾ ਕਿ ਅੱਜ ਜਥੇਦਾਰ ਹਰਪ੍ਰੀਤ ਸਿੰਘ ਪਛਤਾ ਰਹੇ ਹਨ ਕਿ ਮੈਂ ਅਸਤੀਫਾ ਦੇ ਦੇਣਾ ਹੈ ਪਰ ਜਦੋਂ ਮਹਾਰਾਜ ਦੇ ਸਰੂਪ ਗਲੀਆਂ ਵਿੱਚ ਰੋਲੇ ਗਏ, ਨਾਲੀਆਂ 'ਚ ਰੋਲੇ ਗਏ ਤਾਂ ਉਦੋਂ ਉਨ੍ਹਾਂ ਨੂੰ ਕੋਈ ਦੁੱਖ ਕਿਉਂ ਨਹੀਂ ਹੋਇਆ। ਜਿਹੜਾ ਸਰੂਪ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਗਾਇਬ ਹੋਏ ਸਨ, ਉਨ੍ਹਾਂ ਦਾ ਵੀ ਕਿਸੇ ਨੂੰ ਕੋਈ ਦੁੱਖ ਨਹੀਂ। ਉਨ੍ਹਾਂ ਨੇ ਸਿੱਖ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਉਹ ਮਿਲ ਕੇ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਸਿੱਖ ਪੰਥ ਨੂੰ ਆਜ਼ਾਦ ਕਰਾਉਣ ਵਿੱਚ ਉਨ੍ਹਾਂ ਦੀ ਮਦਦ ਕਰਨ।