ਲੁਧਿਆਣਾ: ਅੱਜ ਪੰਜਾਬ ਦੀ ਸਿਆਸਤ ਦਾ ਧੁਰਾ ਬਣਿਆ ਰਹੇਗਾ, ਕਿਉਂਕਿ ਅੱਜ ਇੱਕ ਪਾਸੇ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਈ ਸਾਹਨੇਵਾਲ ਵਿੱਚ ਇੱਕ ਵੱਡਾ ਰੋਡ ਸ਼ੋਅ ਕਰਨਗੇ। ਉੱਥੇ ਹੀ ਦੂਜੇ ਪਾਸੇ ਅੱਜ ਕਾਂਗਰਸ ਦੇ ਲੁਧਿਆਣਾ ਤੋਂ ਉਮੀਦਵਾਰ ਅਤੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਲੁਧਿਆਣਾ ਤੋਂ ਉਮੀਦਵਾਰ ਘੋਸ਼ਿਤ ਹੋਣ ਤੋਂ ਬਾਅਦ ਸ਼ਕਤੀ ਪ੍ਰਦਰਸ਼ਨ ਕਰਨ ਦੇ ਲਈ ਲੁਧਿਆਣਾ ਪਹੁੰਚਣਗੇ। ਉਨ੍ਹਾਂ ਵੱਲੋਂ ਵੀ ਇੱਕ ਰੋਡ ਸ਼ੋਅ ਲੁਧਿਆਣਾ ਸਮਰਾਲਾ ਚੌਂਕ ਤੋਂ ਕੱਢਿਆ ਜਾਵੇਗਾ, ਜੋ ਕਿ ਜਗਰਾਓ ਜਾ ਕੇ ਸੰਪੰਨ ਹੋਵੇਗਾ। ਇਸ ਤੋਂ ਬਾਅਦ ਉਹ ਮੀਡੀਆ ਨੂੰ ਸੰਬੋਧਿਤ ਕਰਨਗੇ।
ਕਾਂਗਰਸ ਵੱਲੋਂ ਲੁਧਿਆਣਾ ਲੋਕ ਸਭਾ ਸੀਟ ਲਈ ਰਾਜਾ ਵੜਿੰਗ ਨੂੰ ਉਮੀਦਵਾਰ ਬਣਾਏ ਜਾਣ ਤੋਂ ਬਾਅਦ ਰਾਜਾ ਵੜਿੰਗ ਦਾ ਇਹ ਪਹਿਲਾਂ ਚੋਣ ਪ੍ਰਚਾਰ ਹੋਵੇਗਾ। ਅੱਜ ਦੋਵੇਂ ਵੱਡੇ ਲੀਡਰ ਲੁਧਿਆਣਾ ਵਿੱਚ ਚੋਣ ਪ੍ਰਚਾਰ ਕਰਨਗੇ।
ਮੁੱਖ ਮੰਤਰੀ ਮਾਨ ਦਾ ਰੋਡ ਸ਼ੋਅ: ਮੁੱਖ ਮੰਤਰੀ ਮਾਨ ਵੱਲੋਂ ਦੁਪਹਿਰ 3 ਵਜੇ ਦੇ ਕਰੀਬ ਲੁਧਿਆਣਾ ਦੇ ਸਾਹਨੇਵਾਲ ਵਿੱਚ ਸਥਿਤ ਪੋਲਟਰੀ ਫਾਰਮ ਚੌਂਕ ਤੋਂ ਮੁੰਡੀਆਂ ਤੱਕ ਰੋਡ ਸ਼ੋਅ ਕੀਤਾ ਜਾਵੇਗਾ। ਸਾਹਨੇਵਾਲ ਹਲਕਾ ਹਾਲਾਂਕਿ ਇਸ ਵਾਰ ਫਤਿਹਗੜ੍ਹ ਲੋਕ ਸਭਾ ਦਾ ਹਿੱਸਾ ਹੈ ਅਤੇ ਫ਼ਤਿਹਗੜ੍ਹ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਈ ਉਹ ਚੋਣ ਪ੍ਰਚਾਰ ਕਰਨ ਲਈ ਪਹੁੰਚਣਗੇ। 3 ਵਜੇ ਦੇ ਕਰੀਬ ਮੁੱਖ ਮੰਤਰੀ ਮਾਨ ਰੋਡ ਸ਼ੋਅ ਕੱਢਣਗੇ। ਇਸ ਤੋਂ ਪਹਿਲਾਂ ਉਨ੍ਹਾਂ ਨੇ ਲੁਧਿਆਣਾ ਦੇ ਹੰਬੜਾ ਵਿਖੇ ਆਮ ਆਦਮੀ ਪਾਰਟੀ ਦੇ ਲੁਧਿਆਣਾ ਤੋਂ ਉਮੀਦਵਾਰ ਅਸ਼ੋਕ ਪਰਾਸ਼ਰ ਦੇ ਲਈ ਚੋਣ ਪ੍ਰਚਾਰ ਕੀਤਾ ਸੀ ਅਤੇ ਇੱਕ ਰੋਡ ਸ਼ੋਅ ਕੱਢਿਆ ਸੀ।
ਰਾਜਾ ਵੜਿੰਗ ਦਾ ਰੋਡ ਸ਼ੋਅ: ਉੱਥੇ ਹੀ ਦੂਜੇ ਪਾਸੇ ਅੱਜ ਅਮਰਿੰਦਰ ਸਿੰਘ ਰਾਜਾ ਵੜਿੰਗ ਪੰਜਾਬ ਕਾਂਗਰਸ ਦੇ ਪ੍ਰਧਾਨ ਲੁਧਿਆਣਾ ਦੀ ਲੀਡਰਸ਼ਿਪ ਨੂੰ ਇੱਕਜੁੱਟ ਕਰਕੇ ਲੁਧਿਆਣਾ ਦੇ ਸਮਰਾਲਾ ਚੌਂਕ ਤੋਂ ਸਵੇਰੇ 10:30 ਵਜੇ ਦੇ ਕਰੀਬ ਰੋਡ ਸ਼ੋਅ ਸ਼ੁਰੂ ਕਰਨਗੇ। ਸਭ ਤੋਂ ਪਹਿਲਾਂ ਉਹ ਜਗਰਾਓ ਪੁਲ ਤੇ ਸਥਿਤ ਸ਼ਹੀਦਾਂ ਦੀਆਂ ਸਮਾਰਕਾਂ ਤੇ ਨਤਮਸਤਕ ਹੋਣਗੇ ਜਿਸ ਤੋਂ ਬਾਅਦ ਲੁਧਿਆਣਾ ਦੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਅਤੇ ਫਿਰ ਦੁਰਗਾ ਮਾਤਾ ਮੰਦਿਰ ਵਿਖੇ ਨਤਮਸਤਕ ਹੋਣ ਤੋਂ ਬਾਅਦ ਲੁਧਿਆਣਾ ਦੇ ਭਾਰਤ ਨਗਰ ਚੌਂਕ, ਫਿਰ ਭਾਈ ਬਾਲਾ ਚੌਕ, ਆੜਤੀ ਚੌਕ ਇਸ ਤੋਂ ਬਾਅਦ ਫਿਰੋਜ਼ਪੁਰ ਰੋਡ ਹੁੰਦੇ ਹੋਏ ਬਦੋਵਾਲ ਰਾਹੀਂ ਜਗਰਾਉਂ ਪਹੁੰਚਣਗੇ ਅਤੇ ਸ਼ਾਮ ਲਗਭਗ 5:30 ਵਜੇ ਦੇ ਕਰੀਬ ਉਹ ਜਗਰਾਉਂ ਵਿਖੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਿਤ ਕਰਨਗੇ।
ਲੁਧਿਆਣਾ ਤੋਂ ਕਾਂਗਰਸ ਦੇ ਉਮੀਦਵਾਰ ਰਾਜਾ ਵੜਿੰਗ: ਬੀਤੀ ਦੋ ਦਿਨ ਪਹਿਲਾਂ ਹੀ ਅਮਰਿੰਦਰ ਰਾਜਾ ਵੜਿੰਗ ਨੂੰ ਕਾਂਗਰਸ ਵੱਲੋਂ ਆਪਣਾ ਲੁਧਿਆਣਾ ਤੋਂ ਉਮੀਦਵਾਰ ਐਲਾਨਿਆ ਗਿਆ ਹੈ। ਰਵਨੀਤ ਬਿੱਟੂ ਦੇ ਭਾਜਪਾ ਦੇ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਕਾਂਗਰਸ ਵੱਲੋਂ ਲੁਧਿਆਣਾ ਤੋਂ ਉਮੀਦਵਾਰ ਐਲਾਨੇ ਜਾਣ ਨੂੰ ਲੈ ਕੇ ਸਸਪੈਂਸ ਬਰਕਰਾਰ ਸੀ, ਪਰ ਆਪਣੀ ਸੀਨੀਅਰ ਲੀਡਰਸ਼ਿਪ ਤੇ ਕਾਂਗਰਸ ਨੇ ਭਰੋਸਾ ਕਰਦਿਆਂ ਅਮਰਿੰਦਰ ਰਾਜਾ ਵੜਿੰਗ ਨੂੰ ਟਿਕਟ ਦਿੱਤੀ। ਅਮਰਿੰਦਰ ਰਾਜਾ ਵੜਿੰਗ ਲਗਾਤਾਰ ਰਵਨੀਤ ਬਿੱਟੂ 'ਤੇ ਹਮਲਾਵਰ ਹਨ ਅਤੇ ਬਿੱਟੂ ਨੂੰ ਸਬਕ ਸਿਖਾਉਣ ਲਈ ਰਾਹੁਲ ਗਾਂਧੀ ਵੱਲੋਂ ਉਨ੍ਹਾਂ ਦੀ ਡਿਊਟੀ ਲਾਉਣ ਦੀ ਗੱਲ ਕਹਿ ਰਹੇ ਹਨ।