ਲੁਧਿਆਣਾ: ਭਾਜਪਾ ਦੇ ਲੁਧਿਆਣਾ ਤੋਂ ਉਮੀਦਵਾਰ ਰਵਨੀਤ ਬਿੱਟੂ ਵੱਲੋਂ ਲਗਾਤਾਰ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸ ਵਿਚਕਾਰ ਘੁਮਾਰ ਮੰਡੀ ਦੇ ਵਿੱਚ ਉਹਨਾਂ ਵੱਲੋਂ ਚੋਣ ਪ੍ਰਚਾਰ ਦੇ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਗਿਆ ਹੈ ਕਿ ਸਿੱਧੂ ਮੂਸੇਵਾਲੇ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਮਰਵਾਇਆ ਸੀ। ਉਹਨਾਂ ਕਿਹਾ ਕਿ ਪਹਿਲਾਂ ਸਿੱਧੂ ਮੂਸੇਵਾਲਾ ਤੋਂ ਸਾਰੀ ਸੁਰੱਖਿਆ ਵਾਪਸ ਲੈ ਲਈ ਗਈ ਤੇ ਫਿਰ ਪੂਰੀ ਸਾਜ਼ਿਸ਼ ਰਚੀ ਗਈ। ਉਹਨਾਂ ਕਿਹਾ ਕਿ ਉਹਨਾਂ ਦੇ ਪਿਤਾ ਇਨਸਾਫ ਲਈ ਅੱਜ ਵੀ ਉਡੀਕ ਕਰ ਰਹੇ ਹਨ। ਬਿੱਟੂ ਨੇ ਕਿਹਾ ਕਿ ਉਹਨਾਂ ਦਾ ਮੰਤਬ ਮੈਂਬਰ ਪਾਰਲੀਮੈਂਟ ਬਣਨਾ ਨਹੀਂ ਹੈ, ਸਗੋਂ ਆਪਣੇ ਬੇਟੇ ਦੇ ਲਈ ਇਨਸਾਫ ਲੈਣਾ ਹੈ ਜੋ ਅੱਜ ਤੱਕ ਉਹਨਾਂ ਨੂੰ ਨਹੀਂ ਮਿਲ ਪਾਇਆ ਹੈ।
ਹਰ ਇੱਕ ਨੂੰ ਚੋਣ ਲੜਨ ਦਾ ਅਧਿਕਾਰ: ਉੱਥੇ ਹੀ ਦੂਜੇ ਪਾਸੇ ਅੰਮ੍ਰਿਤਪਾਲ ਸਿੰਘ ਦੇ ਚੋਣ ਮੈਦਾਨ ਦੇ ਵਿੱਚ ਉਤਰਨ ਨੂੰ ਲੈ ਕੇ ਵੀ ਉਹਨਾਂ ਕਿਹਾ ਕਿ ਲੋਕਤੰਤਰ ਦੇ ਵਿੱਚ ਸਭ ਦਾ ਅਧਿਕਾਰ ਹੈ ਕਿ ਉਹ ਚੋਣਾਂ ਦੇ ਵਿੱਚ ਉਤਰ ਸਕਦੇ ਹਨ। ਉਹਨਾਂ ਕਿਹਾ ਕਿ ਸਿਮਰਨਜੀਤ ਸਿੰਘ ਮਾਨ ਜੇਲ੍ਹ ਦੇ ਵਿੱਚੋਂ ਚੋਣ ਮੈਦਾਨ ਦੇ ਵਿੱਚ ਖੜੇ ਹੋਏ ਸਨ। ਇਸ ਦੌਰਾਨ ਸਾਬਕਾ ਐਮਪੀ ਚੌਧਰੀ ਸੰਤੋਖ ਸਿੰਘ ਚੌਧਰੀ ਦੇ ਪਰਿਵਾਰ ਨੂੰ ਲੈ ਕੇ ਵੀ ਉਹਨਾਂ ਨੇ ਕਿਹਾ ਕਿ ਕਦੇ ਰਾਹੁਲ ਗਾਂਧੀ ਨੇ ਉਹਨਾਂ ਨੂੰ ਮਿਲਣ ਦੀ ਇੱਛਾ ਹੀ ਨਹੀਂ ਜਾਹਿਰ ਕੀਤੀ ਤੇ ਕਦੇ ਉਹਨਾਂ ਦੇ ਪਰਿਵਾਰ ਨੂੰ ਗਲ ਹੀ ਨਹੀਂ ਲਾਇਆ। ਉਥੇ ਹੀ ਭਾਜਪਾ ਦੇ ਵਿੱਚ ਹੋਰ ਲੀਡਰਾਂ ਦੇ ਸ਼ਾਮਿਲ ਹੋਣ ਸਬੰਧੀ ਉਹਨਾਂ ਕਿਹਾ ਕਿ ਲਗਾਤਾਰ ਕਿਆਸਰਾਈਆਂ ਚੱਲ ਰਹੀਆਂ ਹਨ।
ਗੁਰਕੀਰਤ ਕੋਟਲੀ ਨੂੰ ਲੈਕੇ ਵੀ ਆਖੀ ਇਹ ਗੱਲ: ਇਸ ਮੌਕੇ ਕਾਂਗਰਸ ਵਲੋਂ ਉਨ੍ਹਾਂ ਦੇ ਭਰਾ ਗੁਰਕੀਰਤ ਕੋਟਲੀ ਦੇ ਚੋਣ ਮੈਦਾਨ ਦੇ ਵਿੱਚ ਖੜੇ ਹੋਣ ਸਬੰਧੀ ਚੱਲ ਰਹੀਆਂ ਗੱਲਾਂ ਨੂੰ ਲੈ ਕੇ ਉਹਨਾਂ ਕਿਹਾ ਕਿ ਫਿਲਹਾਲ ਟਿਕਟ ਫਾਈਨਲ ਨਹੀਂ ਹੋਈ ਹੈ। ਉਨ੍ਹਾਂ ਕਿਹਾ ਕਿ ਹਾਲੇ ਗੱਲ ਚੱਲ ਰਹੀ ਹੈ। ਰਵਨੀਤ ਬਿੱਟੂ ਨੇ ਕਿਹਾ ਕਿ ਚੋਣ ਮੈਦਾਨ ਦੇ ਵਿੱਚ ਕੋਈ ਵੀ ਖੜਾ ਹੋ ਸਕਦਾ ਹੈ। ਕਾਂਗਰਸ ਵੱਲੋਂ ਹਾਲੇ ਤੱਕ ਕਿਸੇ ਵੀ ਉਮੀਦਵਾਰ ਨੂੰ ਚੋਣ ਮੈਦਾਨ ਦੇ ਵਿੱਚ ਲੁਧਿਆਣੇ ਤੋਂ ਉਤਾਰਿਆ ਨਹੀਂ ਗਿਆ ਹੈ, ਜਿਸ ਨੂੰ ਲੈਕੇ ਵੀ ਬਿੱਟੂ ਨੇ ਕਾਂਗਰਸ ਨੂੰ ਨਿਸ਼ਾਨੇ 'ਤੇ ਲਿਆ ਹੈ।
ਕਾਂਗਰਸ ਉਮੀਦਵਾਰਾਂ ਦਾ ਕਾਂਗਰਸੀ ਹੀ ਕਰ ਰਹੇ ਵਿਰੋਧ: ਇਸ ਦੌਰਾਨ ਰਵਨੀਤ ਬਿੱਟੂ ਨੇ ਕਿਹਾ ਕਿ ਕਾਂਗਰਸ ਦਾ ਕਲੇਸ਼ ਖਤਮ ਹੋਣ ਦਾ ਨਾਮ ਹੀ ਨਹੀਂ ਲੈ ਰਿਹਾ। ਉਨ੍ਹਾਂ ਕਿਹਾ ਕਿ ਕਾਂਗਰਸ ਵਲੋਂ ਖੜੇ ਕੀਤੇ ਉਮੀਦਵਾਰਾਂ ਦਾ ਉਨ੍ਹਾਂ ਦੇ ਪਾਰਟੀ ਵਰਕਰ ਤੇ ਆਗੂ ਹੀ ਹਰ ਜਗ੍ਹਾਂ ਵਿਰੋਧ ਕਰ ਰਹੇ ਹਨ। ਭਾਵੇਂ ਕਿ ਜਲੰਧਰ, ਸ੍ਰੀ ਫਤਿਹਗੜ੍ਹ ਸਾਹਿਬ, ਬਠਿੰਡਾ, ਪਟਿਆਲਾ ਹੋਣ ਤੇ ਕਾਂਗਰਸ ਵਲੋਂ ਹਾਲੇ ਕੁਝ ਟਿਕਟਾਂ ਦਾ ਐਲਾਨ ਨਹੀਂ ਕੀਤਾ ਗਿਆ ਹੈ, ਜਿਸ 'ਤੇ ਬਾਅਦ 'ਚ ਪਤਾ ਲੱਗੇਗਾ ਕਿ ਉਥੇ ਆਪਸੀ ਵਿਰੋਧ ਹੁੰਦਾ ਜਾਂ ਨਹੀਂ। ਇਸ ਕਰਕੇ ਹੀ ਕਾਂਗਰਸ ਨੂੰ ਉਮੀਦਵਾਰ ਐਲਾਨ ਕਰਨ 'ਚ ਮੁਸ਼ਕਿਲ ਆ ਰਹੀ ਹੈ। ਬਿੱਟੂ ਨੇ ਕਿਹਾ ਕਿ ਭਾਜਪਾ ਤੋਂ ਇਲਾਵਾ ਕੋਈ ਪਾਰਟੀ ਨਹੀਂ ਰਹੇਗੀ।