ਹੈਦਰਾਬਾਦ ਡੈਸਕ: ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂਵਾਲੇ ਖਿਲਾਫ ਬਲਾਤਕਾਰ ਅਤੇ ਕਤਲ ਦਾ ਮਾਮਲਾ ਦਰਜ ਹੋਣ ਤੋ ਬਾਅਦ ਉਨ੍ਹਾਂ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ। ਫੇਸਬੁੱਕ 'ਤੇ ਇੱਕ ਵੀਡੀਓ ਜਾਰੀ ਕਰ ਉਨ੍ਹਾਂ ਨੇ ਆਖਿਆ ਕਿ "ਮੇਰੇ 'ਤੇ ਜੋ ਇਲਜ਼ਾਮ ਲੱਗੇ ਨੇ ਮੈਂ ਉਨ੍ਹਾਂ ਤੋਂ ਹੈਰਾਨ ਹਾਂ। ਇਸ ਦੇ ਨਾਲ ਹੀ ਉਨ੍ਹਾਂ ਨੇ ਆਖਿਆ ਕਿ ਕੁੱਝ ਵਿਰੋਧੀ ਬਹੁਤ ਖੁਸ਼ ਹੋਣਗੇ"।
ਅਸੀਂ ਹਰ ਜਾਂਚ ਲਈ ਹਾਂ ਤਿਆਰ
ਰਣਜੀਤ ਸਿੰਘ ਨੇ ਕਿਹਾ ਪ੍ਰਮੇਸ਼ਵਰ ਦੁਆਰ ਅਤੇ ਮੈਂ ਹਰ ਤਰ੍ਹਾਂ ਦੀ ਜਾਂਚ ਲਈ ਤਿਆਰ ਹਾਂ। ਮੈਨੂੰ ਹਾਈਕੋਰਟ ਦੇ ਨਾਲ ਪੰਜਾਬ ਪੁਲਿਸ ਉਤੇ ਵੀ ਪੂਰਾ ਭਰੋਸਾ ਹੈ। ਕਾਬਲੇਜ਼ਿਕਰ ਹੈ ਕਿ ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂਵਾਲੇ ਖਿਲਾਫ ਐਫ.ਆਈ.ਆਰ. ਦਰਜ ਕਰ ਲਈ ਗਈ ਹੈ। ਇਹ ਜਾਣਕਾਰੀ ਅੱਜ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਪੰਜਾਬ ਦੇ ਡੀਜੀਪੀ ਵੱਲੋਂ ਦਾਇਰ ਹਲਫ਼ਨਾਮੇ ਵਿੱਚ ਦਿੱਤੀ ਗਈ ਹੈ। ਰਣਜੀਤ ਸਿੰਘ ਢੱਡਰੀਆਂਵਾਲੇ ਖ਼ਿਲਾਫ਼ ਧਾਰਾ 302, 376 ਅਤੇ 506 ਤਹਿਤ ਕੇਸ ਦਰਜ ਕੀਤਾ ਗਿਆ ਹੈ।
ਸਾਡਾ ਕੇਸ ਨਾਲ ਕੋਈ ਲੈਣਾ-ਦੇਣਾ ਨਹੀਂ
ਹਾਲਾਂਕਿ ਪਹਿਲਾਂ ਵੀ ਰਣਜੀਤ ਸਿੰਘ ਢੱਡਰੀਆਂਵਾਲੇ ਨੇ ਇਲਜ਼ਾਮਾਂ ਨੂੰ ਸਿਰੇ ਤੋਂ ਖਾਰਿਜ ਕੀਤਾ ਸੀ। ਉਨ੍ਹਾਂ ਕਿਹਾ ਸੀ ਕਿ ਉਸ ਲੜਕੀ ਦੀ ਜਦੋਂ ਮੌਤ ਹੋਈ ਸੀ, ਮੈਂ ਵਿਦੇਸ਼ ਵਿੱਚ ਸੀ, ਉਸ ਲੜਕੀ ਵੱਲੋਂ ਗੁਰੂ ਘਰ 'ਚ ਨਹੀਂ ਸਗੋਂ ਬਾਹਰ ਜ਼ਹਿਰੀਲਾ ਪਦਾਰਥ ਨਿਗਲਿਆ ਗਿਆ ਸੀ। ਜਿਸ ਵਿੱਚ ਉਨ੍ਹਾਂ ਦਾ ਕੋਈ ਲੈਣਾ ਦੇਣਾ ਨਹੀਂ ਹੈ। ਹੁਣ ਮੁੜ ਤੋਂ ਢੱਡਰੀਆਂਵਾਲੇ ਨੇ ਬਿਆਨ ਜਾਰੀ ਕਰਕੇ ਆਪਣੇ ਆਪ ਨੂੰ ਬੇਕਸੂਰ ਦੱਸਿਆ ਹੈ। ਉਨ੍ਹਾਂ ਨੇ ਆਖਿਆ ਕਿ ਅਸੀਂ ਹਰ ਤਰ੍ਹਾਂ ਦੀ ਜਾਂਚ 'ਚ ਪੂਰਾ ਸਹਿਯੋਗ ਦੇਵਾਂਗੇ।
12 ਸਾਲ ਪੁਰਾਣਾ ਕੇਸ
ਦਰਅਸਲ ਸਾਲ 2012 ਵਿੱਚ ਇਕ ਲੜਕੀ ਦੇ ਕਤਲ ਅਤੇ ਰੇਪ ਦੇ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਜਵਾਬ ਤਲਬ ਕੀਤਾ ਸੀ। ਇਸ ਮਾਮਲੇ ਵਿੱਚ ਮ੍ਰਿਤਕ ਦੇ ਭਰਾ ਨੇ ਪਟੀਸ਼ਨ ਦਾਇਰ ਕਰਕੇ ਮਾਮਲੇ ਦੀ ਜਾਂਚ ਸੀਨੀਅਰ ਆਈਪੀਐਸ ਦੀ ਪਟੀਸ਼ਨ ਵਿਚ ਰਣਜੀਤ ਸਿੰਘ ਢੱਡਰੀਆਂਵਾਲੇ ‘ਤੇ ਗੰਭੀਰ ਇਲਜ਼ਾਮ ਲਾਏ ਗਏ ਸਨ।
ਕੋਰਟ 'ਚ ਦਾਇਰ ਕੀਤਾ ਹਲਫ਼ਨਾਮਾ
ਉੱਥੇ ਦੂਜੇ ਪਾਸੇ ਡੀਜੀਪੀ ਨੇ ਹਾਈਕੋਰਟ ’ਚ ਦਰਜ ਕਰਵਾਏ ਹਲਫਨਾਮੇ ’ਚ ਦੱਸਿਆ ਹੈ ਕਿ ਉਸ ਸਮੇਂ ਮ੍ਰਿਤਕ ਦੀ ਮਾਂ ਨੇ ਕਿਸੇ ’ਤੇ ਵੀ ਸਵਾਲ ਨਹੀਂ ਚੁੱਕੇ ਸੀ ਅਤੇ ਕੁਝ ਵੀ ਗਲਤ ਹੋਣ ਤੋਂ ਇਨਕਾਰ ਕੀਤਾ ਸੀ ਪਰ ਬਾਅਦ ਵਿੱਚ ਮ੍ਰਿਤਕ ਦੀ ਭੈਣ ਨੇ 16 ਜੂਨ 2012 ਤੋਂ 9 ਨਵੰਬਰ 2012 ਦਰਮਿਆਨ ਪੁਲਿਸ ਕੋਲ ਚਾਰ ਸ਼ਿਕਾਇਤਾਂ ਦਰਜ ਕਰਵਾਈਆਂ ਅਤੇ ਰਣਜੀਤ ਸਿੰਘ ਢੱਡਰੀਆਂਵਾਲੇ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ। ਉਸ ਸਮੇਂ ਇੰਸਪੈਕਟਰ ਅਸ਼ੋਕ ਕੁਮਾਰ ਜੋ ਕਿ ਪਸਿਆਣਾ ਥਾਣੇ ਦੇ ਐਸਐਚਓ ਸਨ ਅਤੇ ਸੇਵਾ ਸਿੰਘ ਮੱਲ੍ਹੀ ਜੋ ਡੀਐਸਪੀ ਸਨ, ਉਨ੍ਹਾਂ ਨੇ ਅਗਲੀ ਕਾਰਵਾਈ ਨਹੀਂ ਕੀਤੀ। ਜਿਸ ਕਰਕੇ ਹੁਣ ਉਨ੍ਹਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ। ਡੀਜੀਪੀ ਨੇ ਇਹ ਵੀ ਦੱਸਿਆ ਕਿ ਇਹ ਮਾਮਲਾ ਇਸ ਘਟਨਾ ਦੇ 10 ਸਾਲ ਬਾਅਦ ਉਦੋਂ ਸਾਹਮਣੇ ਆਇਆ ਜਦੋਂ ਪਟੀਸ਼ਨਰ, ਜੋ ਕਿ ਮ੍ਰਿਤਕ ਦਾ ਭਰਾ ਹੈ, ਉਸ ਨੇ 12 ਦਸੰਬਰ 2023 ਨੂੰ ਸ਼ਿਕਾਇਤ ਕੀਤੀ ਸੀ ਕਿ 8 ਸਤੰਬਰ 2023 ਨੂੰ ਸਮਾਣਾ ਦੀ ਮੰਡੀ ਵਿੱਚੋਂ ਸਬਜ਼ੀ ਖਰੀਦਦੇ ਸਮੇਂ ਉਸ ਨੂੰ ਕੁਝ ਅਣਪਛਾਤੇ ਲੋਕਾਂ ਨੇ ਧਮਕੀ ਦਿੱਤੀ ਸੀ ਕਿ ਉਹ ਇਸ ਮਾਮਲੇ 'ਤੇ ਆਪਣਾ ਮੂੰਹ ਬੰਦ ਰੱਖੇ, ਨਹੀਂ ਤਾਂ ਉਸ ਦਾ ਵੀ ਉਸ ਦੀ ਭੈਣ ਵਰਗਾ ਹਾਲ ਹੋਵੇਗਾ। ਉਸ ਤੋਂ ਬਾਅਦ ਇਸ ਸਾਲ 16 ਅਕਤੂਬਰ ਨੂੰ ਮੁੜ ਤੋਂ ਸ਼ਿਕਾਇਤ ਦਿੱਤੀ ਗਈ। ਜਿਸ ਤੋਂ ਬਾਅਦ ਇਹ ਪਟੀਸ਼ਨ ਹਾਈਕੋਰਟ ਪਹੁੰਚੀ।