ਚੰਡੀਗੜ੍ਹ: ਉੱਤਰੀ ਭਾਰਤ ਵਿੱਚ ਇੱਕ ਵਾਰ ਫਿਰ ਪੱਛਮੀ ਗੜਬੜੀ ਸਰਗਰਮ ਹੋ ਰਹੀ ਹੈ। ਮੌਸਮ ਵਿਭਾਗ ਮੁਤਾਬਕ ਇਸ ਦਾ ਪ੍ਰਭਾਵ ਉੱਤਰੀ ਅਤੇ ਮੱਧ ਭਾਰਤ ਵਿੱਚ 6 ਦਿਨਾਂ ਤੱਕ ਰਹਿਣ ਵਾਲਾ ਹੈ। ਇਸ ਦੇ ਪ੍ਰਭਾਵ ਕਾਰਨ 1 ਅਤੇ 2 ਮਾਰਚ ਨੂੰ ਪੰਜਾਬ, ਦਿੱਲੀ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਅਤੇ 3 ਮਾਰਚ ਤੱਕ ਹਿਮਾਚਲ ਵਿੱਚ ਮੀਂਹ ਅਤੇ ਗਰਜ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਤੇਜ਼ ਹਵਾਵਾਂ ਚੱਲਣਗੀਆਂ ਅਤੇ ਗੜੇਮਾਰੀ ਵੀ ਹੋ ਸਕਦੀ ਹੈ।
ਪੰਜਾਬ ਦੇ ਇੰਨ੍ਹਾਂ ਜ਼ਿਲ੍ਹਿਆਂ 'ਚ ਅਲਰਟ: ਅੰਮ੍ਰਿਤਸਰ ਸਮੇਤ ਕਈ ਸ਼ਹਿਰਾਂ ਵਿੱਚ ਸਵੇਰ ਤੋਂ ਹੀ ਬੱਦਲਵਾਈ ਹੈ। ਅੰਮ੍ਰਿਤਸਰ 'ਚ ਸਵੇਰ ਤੋਂ ਹੀ ਰੁਕ-ਰੁਕ ਕੇ ਮੀਂਹ ਪੈ ਰਿਹਾ ਹੈ। ਮੌਸਮ ਵਿਭਾਗ ਵੱਲੋਂ ਜਾਰੀ ਅਲਰਟ ਮੁਤਾਬਕ ਵੈਸਟਰਨ ਡਿਸਟਰਬੈਂਸ ਸ਼ੁੱਕਰਵਾਰ ਤੋਂ ਸਰਗਰਮ ਹੋ ਗਿਆ ਹੈ। ਇਸ ਦੌਰਾਨ ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ ਅਤੇ ਪਠਾਨਕੋਟ ਵਿੱਚ ਮੀਂਹ, ਤੇਜ਼ ਹਵਾਵਾਂ ਅਤੇ ਗੜੇ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਇਸ ਜ਼ਿਲ੍ਹਿਆਂ ਲਈ ਓਰੇਂਜ ਅਲਰਟ ਜਾਰੀ ਕੀਤਾ ਹੈ। ਜਦੋਂ ਕਿ ਪੂਰੇ ਪੰਜਾਬ ਲਈ ਯੈਲੋ ਅਲਰਟ ਰਹੇਗਾ।
ਮੌਸਮ ਵਿਭਾਗ ਨੇ ਦਿੱਤੀ ਚਿਤਾਵਨੀ: ਮੌਸਮ ਵਿਭਾਗ ਨੇ ਇਸ ਦੌਰਾਨ ਦਰੱਖਤਾਂ ਦੀਆਂ ਟਾਹਣੀਆਂ ਡਿੱਗਣ, ਮਲਬਾ ਹਵਾ ਵਿੱਚ ਉੱਡਣ, ਬਿਜਲੀ ਦੇ ਖੰਭਿਆਂ ਨੂੰ ਨੁਕਸਾਨ ਪਹੁੰਚਾਉਣ ਆਦਿ ਦੀ ਭਵਿੱਖਬਾਣੀ ਕੀਤੀ ਹੈ। ਇਸ ਦੇ ਨਾਲ ਹੀ ਜੇਕਰ ਗੜੇਮਾਰੀ ਹੁੰਦੀ ਹੈ ਤਾਂ ਪਸ਼ੂਆਂ, ਕਾਰਾਂ ਦੇ ਸ਼ੀਸ਼ੇ ਅਤੇ ਕੱਚੇ ਮਕਾਨਾਂ ਨੂੰ ਨੁਕਸਾਨ ਹੋਣ ਦਾ ਖਦਸ਼ਾ ਹੈ। ਇਸ ਦੇ ਨਾਲ ਹੀ ਸੜਕਾਂ 'ਤੇ ਤਿਲਕਣ ਵੀ ਹੋ ਸਕਦੀ ਹੈ। ਇਸ ਦੌਰਾਨ ਲੋਕਾਂ ਨੂੰ ਚੌਕਸ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ। ਮੌਸਮ ਵਿਭਾਗ ਨੇ ਕੁਝ ਸੁਝਾਅ ਵੀ ਦਿੱਤੇ ਹਨ ਤਾਂ ਜੋ ਗੜੇਮਾਰੀ ਜਾਂ ਗਰਜ ਕਾਰਨ ਬਿਜਲੀ ਡਿੱਗਣ ਤੋਂ ਬਚਿਆ ਜਾ ਸਕੇ। ਮੌਸਮ ਵਿਭਾਗ ਨੇ ਗੜੇਮਾਰੀ ਦੌਰਾਨ ਆਪਣੇ ਸਿਰ ਦੀ ਰੱਖਿਆ ਕਰਨ, ਸੁਰੱਖਿਅਤ ਜਗ੍ਹਾ 'ਤੇ ਰਹਿਣ, ਪਸ਼ੂਆਂ ਨੂੰ ਸੁਰੱਖਿਅਤ ਅਤੇ ਢੱਕੀ ਹੋਈ ਜਗ੍ਹਾ 'ਤੇ ਬੰਨ੍ਹਣ ਅਤੇ ਬਿਜਲੀ ਦੇ ਉਪਕਰਨਾਂ ਨੂੰ ਬਿਨਾਂ ਪਲੱਗ ਰੱਖਣ ਲਈ ਸੁਝਾਅ ਦਿੱਤੇ ਹਨ।
ਦਿੱਲੀ ਐਨਸੀਆਰ 'ਚ ਵੀ ਮੀਂਹ ਅਤੇ ਤੂਫ਼ਾਨ ਲਈ ਅਲਰਟ: ਉਧਰ ਦਿੱਲੀ-ਐਨਸੀਆਰ ਵਿੱਚ ਮੀਂਹ ਅਤੇ ਤੂਫ਼ਾਨ ਲਈ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਨੇ ਸ਼ੁੱਕਰਵਾਰ ਨੂੰ ਯੈਲੋ ਅਲਰਟ ਅਤੇ ਸ਼ਨੀਵਾਰ ਨੂੰ ਓਰੇਂਜ ਅਲਰਟ ਜਾਰੀ ਕੀਤਾ ਹੈ। ਇਸ ਦੌਰਾਨ ਮੀਂਹ ਦੇ ਨਾਲ ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਹਨ। ਸ਼ੁੱਕਰਵਾਰ ਸਵੇਰੇ ਦਿੱਲੀ ਦਾ ਤਾਪਮਾਨ 13 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਅੱਜ ਵੱਧ ਤੋਂ ਵੱਧ ਤਾਪਮਾਨ 26 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ 12 ਡਿਗਰੀ ਸੈਲਸੀਅਸ ਰਹਿਣ ਦਾ ਅਨੁਮਾਨ ਹੈ। ਨਾਲ ਹੀ ਹਵਾ ਵਿੱਚ ਨਮੀ ਦਾ ਪੱਧਰ 96 ਫੀਸਦੀ ਅਤੇ ਹਵਾ ਦੀ ਰਫਤਾਰ 6 ਕਿਲੋਮੀਟਰ ਪ੍ਰਤੀ ਘੰਟਾ ਹੋ ਸਕਦੀ ਹੈ।
ਤਾਪਮਾਨ 'ਚ ਗਿਰਾਵਟ: ਦੂਜੇ ਪਾਸੇ ਐਨਸੀਆਰ ਦੇ ਫਰੀਦਾਬਾਦ ਵਿੱਚ ਤਾਪਮਾਨ 13 ਡਿਗਰੀ ਸੈਲਸੀਅਸ, ਗੁਰੂਗ੍ਰਾਮ ਵਿੱਚ 14 ਡਿਗਰੀ ਸੈਲਸੀਅਸ, ਗਾਜ਼ੀਆਬਾਦ ਵਿੱਚ 13 ਡਿਗਰੀ ਸੈਲਸੀਅਸ, ਗ੍ਰੇਟਰ ਨੋਇਡਾ ਵਿੱਚ 13 ਡਿਗਰੀ ਸੈਲਸੀਅਸ ਅਤੇ ਨੋਇਡਾ ਵਿੱਚ ਵੀ 13 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਭਾਰਤ ਦੇ ਮੌਸਮ ਵਿਭਾਗ ਦੇ ਅਨੁਸਾਰ, ਫਰਵਰੀ 2024 ਵਿੱਚ, ਦਿੱਲੀ ਪਿਛਲੇ ਦਹਾਕੇ ਵਿੱਚ ਸਭ ਤੋਂ ਠੰਡਾ ਸੀ। ਫਰਵਰੀ ਮਹੀਨੇ ਵਿੱਚ ਔਸਤਨ ਘੱਟੋ-ਘੱਟ ਤਾਪਮਾਨ 9.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ। ਇਸ ਤੋਂ ਪਹਿਲਾਂ 2014 ਵਿੱਚ ਦਿੱਲੀ ਦਾ ਔਸਤ ਘੱਟੋ-ਘੱਟ ਤਾਪਮਾਨ 9.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ।
ਚੰਡੀਗੜ੍ਹ 'ਚ ਬਦਲਿਆ ਮੌਸਮ: ਚੰਡੀਗੜ੍ਹ ਮੌਸਮ ਵਿਭਾਗ ਨੇ ਅੱਜ ਤੋਂ 3 ਦਿਨ ਤੱਕ ਬੱਦਲਵਾਈ ਰਹਿਣ ਦੀ ਭਵਿੱਖਬਾਣੀ ਕੀਤੀ ਹੈ। ਇਸ ਦੌਰਾਨ ਹਲਕੀ ਬਾਰਿਸ਼ ਵੀ ਹੋ ਸਕਦੀ ਹੈ। ਮੌਸਮ ਵਿਭਾਗ ਵੱਲੋਂ ਫਰਵਰੀ ਮਹੀਨੇ ਲਈ ਜਾਰੀ ਅੰਕੜਿਆਂ ਅਨੁਸਾਰ ਇਸ ਵਾਰ ਬਾਰਿਸ਼ ਨੇ ਫਰਵਰੀ ਦੇ ਪਿਛਲੇ 10 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਫਰਵਰੀ ਵਿੱਚ ਔਸਤਨ 33 ਮਿਲੀਮੀਟਰ ਮੀਂਹ ਪੈਂਦਾ ਹੈ। ਪਰ ਇਸ ਵਾਰ 57.2 ਐਮਐਮ ਬਾਰਿਸ਼ ਹੋਈ ਹੈ। ਜੋ ਕਿ ਆਮ ਨਾਲੋਂ 73 ਫੀਸਦੀ ਵੱਧ ਹੈ। ਇਸ ਤੋਂ ਪਹਿਲਾਂ ਸਾਲ 2013 ਵਿੱਚ 85.8 ਮਿਲੀਮੀਟਰ ਮੀਂਹ ਪਿਆ ਸੀ।
ਤਾਪਮਾਨ 'ਚ ਆਵੇਗੀ ਮਾਮੂਲੀ ਗਿਰਾਵਟ: ਮੌਸਮ ਵਿਭਾਗ ਅਨੁਸਾਰ 1 ਅਤੇ 2 ਮਾਰਚ ਨੂੰ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 24 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ 14 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ। ਇਸ ਤੋਂ ਬਾਅਦ 3 ਮਾਰਚ ਤੋਂ ਤਾਪਮਾਨ 'ਚ ਮਾਮੂਲੀ ਗਿਰਾਵਟ ਆਵੇਗੀ। 3 ਮਾਰਚ ਨੂੰ ਵੱਧ ਤੋਂ ਵੱਧ ਤਾਪਮਾਨ 21 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ 12 ਡਿਗਰੀ ਸੈਲਸੀਅਸ ਰਹੇਗਾ। 4 ਤੋਂ ਮੌਸਮ ਫਿਰ ਸਾਫ਼ ਹੋ ਜਾਵੇਗਾ। 4 ਫਰਵਰੀ ਨੂੰ ਵੱਧ ਤੋਂ ਵੱਧ ਤਾਪਮਾਨ 22 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ 10 ਡਿਗਰੀ ਸੈਲਸੀਅਸ ਹੋ ਸਕਦਾ ਹੈ।
ਫਰਵਰੀ 'ਚ ਠੰਢ ਦਾ ਟੁੱਟਿਆ ਰਿਕਾਰਡ: ਇਸ ਵਾਰ ਫਰਵਰੀ ਮਹੀਨੇ ਵਿੱਚ ਆਮ ਨਾਲੋਂ 73% ਵੱਧ ਮੀਂਹ ਪਿਆ ਹੈ। ਇਸ ਵਾਰ 57.2 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ ਹੈ। ਜਦੋਂ ਕਿ ਫਰਵਰੀ 2023 ਵਿੱਚ ਇਹ ਜ਼ੀਰੋ ਸੀ। 2022 ਵਿੱਚ, 32.6 ਮਿਲੀਮੀਟਰ ਬਾਰਿਸ਼ ਹੋਈ, ਜੋ ਕਿ 23% ਘੱਟ ਸੀ। 2021 ਵਿੱਚ, 13.3 ਮਿਲੀਮੀਟਰ ਬਾਰਿਸ਼ ਹੋਈ, ਜੋ ਕਿ 60% ਘੱਟ ਸੀ। ਇਸ ਤੋਂ ਪਹਿਲਾਂ 2013 ਵਿੱਚ 85.8 ਐਮਐਮ ਵਰਖਾ ਦਰਜ ਕੀਤੀ ਗਈ ਸੀ। 5 ਫਰਵਰੀ ਤੋਂ ਹਿਮਾਚਲ ਪ੍ਰਦੇਸ਼ 'ਚ ਦੂਜਾ ਪੱਛਮੀ ਗੜਬੜੀ ਸਰਗਰਮ ਹੋ ਰਹੀ ਹੈ। ਇਸ ਦਾ ਅਸਰ ਚੰਡੀਗੜ੍ਹ ਵਿੱਚ ਵੀ ਦੇਖਣ ਨੂੰ ਮਿਲ ਸਕਦਾ ਹੈ।
ਹਿਮਾਚਲ 'ਚ ਮੀਂਹ ਦੀ ਸੰਭਾਵਨਾ: ਹਿਮਾਚਲ ਦੇ 8 ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਸੂਬੇ 'ਚ ਸ਼ੁੱਕਰਵਾਰ ਤੋਂ 2 ਦਿਨਾਂ ਤੱਕ ਭਾਰੀ ਬਰਫਬਾਰੀ ਅਤੇ ਬਾਰਿਸ਼ ਦਾ ਓਰੇਂਜ ਅਲਰਟ ਜਾਰੀ ਕੀਤਾ ਗਿਆ ਹੈ। 2 ਦਿਨਾਂ ਤੱਕ ਭਾਰੀ ਬਰਫਬਾਰੀ ਅਤੇ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ 8 ਜ਼ਿਲ੍ਹਿਆਂ ਲਾਹੌਲ-ਸਪੀਤੀ, ਕਿਨੌਰ, ਚੰਬਾ, ਊਨਾ, ਕਾਂਗੜਾ, ਕੁੱਲੂ, ਮੰਡੀ ਅਤੇ ਸ਼ਿਮਲਾ ਦੇ ਕੁਝ ਹਿੱਸਿਆਂ ਵਿੱਚ ਭਾਰੀ ਬਰਫ਼ਬਾਰੀ ਅਤੇ ਮੀਂਹ ਦੀ ਭਵਿੱਖਬਾਣੀ ਕੀਤੀ ਹੈ, ਜਦੋਂ ਕਿ ਹੇਠਲੇ ਅਤੇ ਮੱਧ ਖੇਤਰਾਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ।