ਚੰਡੀਗੜ੍ਹ: ਪੰਜਾਬ ਵਿੱਚ ਅੱਜ ਤੋਂ ਮਾਨਸੂਨ ਮੁੜ ਐਕਟਿਵ ਹੋ ਗਿਆ ਹੈ। ਮੌਸਮ ਵਿਭਾਗ ਵਲੋਂ ਅੱਜ ਪੰਜਾਬ ਦੇ ਕੁਝ ਜ਼ਿਲ੍ਹਿਆਂ, ਜੋ ਹਿਮਾਚਲ ਪ੍ਰਦੇਸ਼ ਨਾਲ ਲੱਗਦੇ ਹਨ, ਉੱਥੇ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਤੋਂ ਬਾਅਦ 17 ਅਗਸਤ ਲਈ ਅਜੇ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ, ਪਰ ਮੀਂਹ ਹਲਕੇ ਤੋਂ ਦਰਮਿਆਨਾ ਪੈਂਦਾ ਰਹੇਗਾ। ਪੰਜਾਬ ਦੇ ਉਨ੍ਹਾਂ ਹਿੱਸਿਆਂ ਦੇ ਤਾਪਮਾਨ ਵਿੱਚ ਗਿਰਾਵਟ ਦਰਜ ਹੋਈ ਹੈ, ਜਿੱਥੇ ਮੀਂਹ ਪਿਆ ਹੈ। ਪਰ, ਜੇਕਰ ਬੀਤੇ ਦਿਨ ਦੀ ਗੱਲ ਕਰੀਏ ਤਾਂ ਆਮ ਤਾਪਮਾਨ ਵਿੱਚ ਕਰੀਬ 4.4 ਡਿਗਰੀ ਵਾਧਾ ਹੋਇਆ ਅਤੇ ਪੰਜਾਬ ਦਾ ਮੋਹਾਲੀ ਜ਼ਿਲ੍ਹਾਂ ਸਭ ਤੋਂ ਵਧ ਗਰਮ ਰਿਹਾ, ਜਿੱਥੇ 34.6 ਤਾਪਮਾਨ ਦਰਜ ਕੀਤਾ ਗਿਆ।
ਇਨ੍ਹਾਂ ਜ਼ਿਲ੍ਹਿਆਂ ਵਿੱਚ ਪਵੇਗਾ ਮੀਂਹ: ਮੌਸਮ ਵਿਭਾਗ ਮੁਤਾਬਕ, ਪੰਜਾਬ ਦੇ ਉਹ ਜ਼ਿਲ੍ਹੇ ਜੋ ਹਿਮਾਚਲ ਦੇ ਹੱਦ ਕੋਲ ਹਨ, ਉੱਥੇ ਮੌਸਮ ਜ਼ਰੂਰ ਕਰਵਟ ਬਦਲੇਗਾ। ਇੱਥੇ ਵਿਭਾਗ ਵਲੋਂ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਦੱਸ ਦਈਏ ਕਿ ਪਠਾਨਕੋਟ, ਹੁਸ਼ਿਆਰਪੁਰ ਤੇ ਰੂਪਨਗਰ ਵਿੱਚ ਭਾਰੀ ਮੀਂਹ ਪੈਣ ਦਾ ਅਲਰਟ ਹੈ। ਦੂਜੇ ਪਾਸੇ, ਪੰਜਾਬ ਵਿੱਚ ਪਿਛਲੇ ਕੁਝ ਦਿਨਾਂ ਤੋਂ ਮੀਂਹ ਪੈ ਰਿਹਾ ਹੈ, ਪਰ ਹੁਣ ਇਹ ਸਿਰਫ਼ ਕੁਝ ਜ਼ਿਲ੍ਹਿਆਂ ਤੱਕ ਹੀ ਸੀਮਤ ਹੈ। ਇਸ ਕਾਰਨ ਦਿਨ ਵੇਲੇ ਤਾਪਮਾਨ ਅਤੇ ਨਮੀ ਵਧਣ ਲੱਗੀ ਹੈ।
ਚੰਡੀਗੜ੍ਹ ਵਿੱਚ ਵੀ ਮੌਸਮ ਬਦਲੇਗਾ ਕਰਵਟ: ਮੌਸਮ ਵਿਭਾਗ ਨੇ ਚੰਡੀਗੜ੍ਹ ਵਿੱਚ 16 ਅਗਸਤ ਤੱਕ ਮੀਂਹ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਹਾਲਾਂਕਿ ਚੰਡੀਗੜ੍ਹ ਵਿੱਚ ਪਿਛਲੇ ਦੋ ਦਿਨਾਂ ਤੋਂ ਮੀਂਹ ਨਹੀਂ ਪੈ ਰਿਹਾ ਹੈ। ਇਸ ਕਾਰਨ ਕੱਲ੍ਹ ਵੱਧ ਤੋਂ ਵੱਧ ਤਾਪਮਾਨ 35.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਜੋ ਕਿ ਆਮ ਨਾਲੋਂ 1.7 ਡਿਗਰੀ ਸੈਲਸੀਅਸ ਵੱਧ ਸੀ।
ਹਿਮਾਚਲ ਵਿੱਚ 213 ਸੜਕਾਂ ਪ੍ਰਭਾਵਿਤ: ਹਿਮਾਚਲ ਪ੍ਰਦੇਸ਼ 'ਚ ਮੀਂਹ, ਜ਼ਮੀਨ ਖਿਸਕਣ ਅਤੇ ਹੜ੍ਹਾਂ ਕਾਰਨ 213 ਸੜਕਾਂ ਬੰਦ ਹਨ ਅਤੇ ਸਥਾਨਕ ਮੌਸਮ ਵਿਭਾਗ ਨੇ 19 ਅਗਸਤ ਤੱਕ ਸੂਬੇ ਦੇ ਵੱਖ-ਵੱਖ ਹਿੱਸਿਆਂ 'ਚ ਹੋਰ ਭਾਰੀ ਬਾਰਸ਼ ਲਈ 'ਯੈਲੋ' ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਨੇ ਸ਼ਨੀਵਾਰ ਤੱਕ ਸੂਬੇ ਦੇ ਵੱਖ-ਵੱਖ ਹਿੱਸਿਆਂ 'ਚ ਭਾਰੀ ਮੀਂਹ ਲਈ 'ਯੈਲੋ' ਅਲਰਟ ਵੀ ਜਾਰੀ ਕੀਤਾ ਹੈ।
ਇਨ੍ਹਾਂ ਰਾਜਾਂ ਵਿੱਚ ਅੱਜ ਮੀਂਹ: ਮੌਸਮ ਦੀ ਭਵਿੱਖਬਾਣੀ ਕਰਨ ਵਾਲੀ ਏਜੰਸੀ ਸਕਾਈਮੇਟ ਅਨੁਸਾਰ ਅੱਜ (14 ਅਗਸਤ) ਹਰਿਆਣਾ, ਦਿੱਲੀ, ਪੂਰਬੀ ਅਤੇ ਉੱਤਰੀ ਰਾਜਸਥਾਨ ਦੇ ਕੁਝ ਹਿੱਸੇ, ਮੱਧ ਪ੍ਰਦੇਸ਼, ਛੱਤੀਸਗੜ੍ਹ, ਉੱਤਰ ਪ੍ਰਦੇਸ਼, ਝਾਰਖੰਡ ਦੇ ਕੁਝ ਹਿੱਸੇ, ਉੜੀਸਾ, ਪੱਛਮੀ ਬੰਗਾਲ, ਕੇਰਲ, ਅੰਦਰੂਨੀ ਤਾਮਿਲਨਾਡੂ, ਆਂਧਰਾ ਪ੍ਰਦੇਸ਼, ਲਕਸ਼ਦੀਪ, ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ, ਦੱਖਣੀ ਕਰਨਾਟਕ, ਦੱਖਣ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਦੇ ਨਾਲ ਕੁਝ ਭਾਰੀ ਮੀਂਹ ਦਾ ਅਲਰਟ। ਬਿਹਾਰ, ਝਾਰਖੰਡ, ਉੱਤਰ-ਪੂਰਬੀ ਭਾਰਤ, ਵਿਦਰਭ, ਤੇਲੰਗਾਨਾ, ਤੱਟਵਰਤੀ ਆਂਧਰਾ ਪ੍ਰਦੇਸ਼, ਪੰਜਾਬ, ਜੰਮੂ ਅਤੇ ਕਸ਼ਮੀਰ, ਉੱਤਰਾਖੰਡ, ਹਿਮਾਚਲ ਪ੍ਰਦੇਸ਼ ਅਤੇ ਗੁਜਰਾਤ ਵਿੱਚ ਹਲਕੀ ਤੋਂ ਦਰਮਿਆਨੀ ਮੀਂਹ ਪੈ ਸਕਦਾ ਹੈ। ਸੌਰਾਸ਼ਟਰ ਅਤੇ ਕੱਛ, ਮਹਾਰਾਸ਼ਟਰ, ਆਂਧਰਾ ਪ੍ਰਦੇਸ਼ ਦੇ ਦੱਖਣੀ ਤੱਟ, ਤੱਟਵਰਤੀ ਤਾਮਿਲਨਾਡੂ, ਲੱਦਾਖ ਅਤੇ ਪੱਛਮੀ ਰਾਜਸਥਾਨ ਵਿੱਚ ਹਲਕੀ ਬਾਰਿਸ਼ ਹੋ ਸਕਦੀ ਹੈ।