ਚੰਡੀਗੜ੍ਹ: ਪੰਜਾਬ ਅਤੇ ਦੇਸ਼ ਵਿੱਚ ਲੋਕ ਸਭਾ ਚੋਣਾਂ ਦੇ 7ਵੇਂ ਗੇੜ ਦੀ ਵੋਟਿੰਗ ਮਗਰੋਂ ਅੱਜ ਵੋਟਾਂ ਦੀ ਗਿਣਤੀ ਹੋਈ ਹੈ। ਪੰਜਾਬ ਦੀਆਂ ਕਈ ਸੀਟਾਂ ਉੱਤੇ ਫਸਵਾਂ ਮੁਕਾਬਲਾ ਵੀ ਰਿਹਾ ਅਤੇ ਇਨ੍ਹਾਂ ਸੀਟਾਂ ਵਿੱਚੋਂ ਹੁਸ਼ਿਆਰਪੁਰ ਦੀ ਲੋਕ ਸਭਾ ਸੀਟ ਜਿਸ 'ਤੇ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ 'ਚ ਆਏ ਡਾ. ਰਾਜ ਕੁਮਾਰ ਚੱਬੇਵਾਲ ਨੇ ਜਿੱਤ ਦਰਜ ਕੀਤੀ ਹੈ। ਜਦਕਿ ਉਨ੍ਹਾਂ ਦਾ ਮੁਕਾਬਲਾ ਪੁਰਾਣੀ ਪਾਰਟੀ ਕਾਂਗਰਸ ਦੀ ਉਮੀਦਵਾਰ ਯਾਮਿਨੀ ਗੋਮਰ ਦੇ ਨਾਲ ਸੀ।
ਕਾਂਗਰਸ ਤੋਂ ਅੱਗੇ ਚੱਬੇਵਾਲ: ਲੋਕ ਸਭਾ ਚੋਣਾਂ ਦੀ ਗਿਣਤੀ 'ਚ ਡਾ. ਚੱਬੇਵਾਲ ਨੂੰ ਤਿੰਨ ਲੱਖ 3 ਹਜ਼ਾਰ 859 (303859) ਮਿਲੀਆਂ ਹਨ, ਜਦਕਿ ਕਾਂਗਰਸ ਦੀ ਉਮੀਦਵਾਰ ਯਾਮਿਨੀ ਗੋਮਰ ਨੂੰ ਦੋ ਲੱਖ 59 ਹਜ਼ਾਰ 748 (259748) ਵੋਟਾਂ ਮਿਲੀਆਂ ਹਨ। ਡਾ. ਰਾਜ ਕੁਮਾਰ ਚਾਬੇਵਾਲ ਨੇ ਕਾਂਗਰਸ ਉਮੀਦਵਾਰ ਤੋਂ ਇਸ ਸੀਟ ਨੂੰ 44 ਹਜ਼ਾਰ 111 (44111) ਵੋਟਾਂ ਦੇ ਫਰਕ ਨਾਲ ਜਿੱਤਿਆ ਹੈ। ਜਦਕਿ ਹੁਸ਼ਿਆਰਪੁਰ 'ਚ ਤੀਜੇ ਨੰਬਰ 'ਤੇ ਭਾਜਪਾ ਦੀ ਅਨੀਤਾ ਸੋਮ ਪ੍ਰਕਾਸ਼ ਰਹੇ, ਜਿੰਨ੍ਹਾਂ ਨੂੰ ਇੱਕ ਲੱਖ 99 ਹਜ਼ਾਰ 994 (199994) ਵੋਟਾਂ ਮਿਲੀਆਂ ਹਨ। ਇਸ ਸੀਟ ਤੋਂ ਉਨ੍ਹਾਂ ਦੇ ਪਤੀ ਸੋਮ ਪ੍ਰਕਾਸ਼ ਪਿਛਲੀਆਂ ਚੋਣਾਂ 'ਚ ਭਾਜਪਾ ਦੇ ਸਾਂਸਦ ਸੀ।
ਲੋਕ ਸਭਾ ਚੋਣਾਂ ਤੋਂ ਪਹਿਲਾਂ ਹੋਏ ਸੀ ਸ਼ਾਮਲ: ਡਾ. ਰਾਜ ਕੁਮਾਰ ਚੱਬੇਵਾਲ ਪਿਛਲੀਆਂ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਦੇ ਉਮੀਦਵਾਰ ਵਜੋਂ ਚੋਣ ਲੜੇ ਸਨ ਅਤੇ ਉਨ੍ਹਾਂ ਨੇ ਜਿੱਤ ਦਰਜ ਕੀਤੀ ਸੀ। ਇਸ ਤੋਂ ਬਾਅਦ ਲੋਕ ਸਭਾ ਚੋਣਾਂ ਦੇ ਕੁਝ ਸਮਾਂ ਪਹਿਲਾਂ ਹੀ ਉਨ੍ਹਾਂ ਨੇ ਕਾਂਗਰਸ ਨੂੰ ਅਲਵਿਦਾ ਆਖ ਕੇ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਸੀ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਦਾ ਪਾਰਟੀ 'ਚ ਸਵਾਗਤ ਕੀਤਾ ਸੀ। ਇਸ ਦੌਰਾਨ ਉਨ੍ਹਾਂ ਨੇ ਲੋਕ ਸਭਾ ਚੋਣਾਂ ਲੜਨ ਲਈ ਆਪਣੀ ਵਿਧਾਇਕੀ ਤੋਂ ਅਸਤੀਫ਼ਾ ਦੇ ਦਿੱਤਾ ਸੀ। ਕਾਬਿਲੇਗੌਰ ਹੈ ਕਿ ਪਾਰਟੀ ਛੱਡਣ ਦਾ ਉਨ੍ਹਾਂ 'ਤੇ ਕੋਈ ਅਸਰ ਨਹੀਂ ਪਿਆ ਤੇ ਉਹ ਲੋਕ ਸਭਾ ਚੋਣਾਂ 'ਚ ਜਿੱਤ ਦੀ ਰਾਹ 'ਤੇ ਚੱਲ ਰਹੇ ਹਨ।
ਚੱਬੇਵਾਲ ਦਾ ਸਿਆਸੀ ਸਫ਼ਰ: ਡਾ. ਰਾਜ ਕੁਮਾਰ ਚੱਬੇਵਾਲ ਦੇ ਪਿਛੋਕੜ ਦੀ ਗੱਲ ਕੀਤੀ ਜਾਵੇ ਤਾਂ ਉਹ ਹੁਸ਼ਿਆਰਪੁਰ ਦੇ ਪਿੰਡ ਮਾਂਝੀ ਦੇ ਰਹਿਣ ਵਾਲੇ ਹਨ, ਜੋ ਪੇਸ਼ੇ ਵਜੋਂ ਡਾਕਟਰ ਵੀ ਹਨ। ਡਾ. ਰਾਜ ਕੁਮਾਰ ਚੱਬੇਵਾਲ ਸਾਲ 2009 'ਚ ਕਾਂਗਰਸ ਪਾਰਟੀ 'ਚ ਸ਼ਾਮਲ ਹੋਏ ਸਨ। ਜਿਸ ਤੋਂ ਬਾਅਦ ਉਹ ਪਾਰਟੀ 'ਚ ਕਾਫੀ ਸਰਗਰਮ ਰਹੇ ਅਤੇ ਪਾਰਟੀ ਵਲੋਂ ਚੱਬੇਵਾਲ ਨੂੰ 2015 ਵਿੱਚ ਕਾਂਗਰਸ ਦੇ ਅਨੁਸੂਚਿਤ ਜਾਤੀ (ਐਸਸੀ) ਵਿਭਾਗ, ਪੰਜਾਬ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਸੀ। ਉਹ ਆਲ ਇੰਡੀਆ ਕਾਂਗਰਸ ਕਮੇਟੀ ਦੇ ਮੈਂਬਰ ਵੀ ਰਹਿ ਚੁੱਕੇ ਹਨ। ਇਸ ਤੋਂ ਬਾਅਦ ਪਹਿਲੀ ਵਾਰ ਉਨ੍ਹਾਂ ਨੂੰ ਸਾਲ 2017 'ਚ ਚੱਬੇਵਾਲ ਤੋਂ ਉਮੀਦਵਾਰ ਬਣਾਇਆ ਗਿਆ। ਜਿਸ 'ਚ ਰਾਜ ਕੁਮਾਰ ਚੱਬੇਵਾਲ ਨੇ ਭਰੋਸਾ ਕਾਇਮ ਕਰਦਿਆਂ ਇਹ ਚੋਣ ਜਿੱਤੀ ਅਤੇ ਵਿਧਾਨ ਸਭਾ 'ਚ ਪਹੁੰਚੇ।
ਕਾਂਗਰਸ ਤੋਂ ਦੋ ਵਾਰ ਵਿਧਾਇਕ: ਇਸ ਤੋਂ ਬਾਅਦ ਸਾਲ 2022 ਦੀਆਂ ਵਿਧਾਨ ਸਭਾ 'ਚ ਮੁੜ ਤੋਂ ਡਾ. ਰਾਜ ਕੁਮਾਰ ਚੱਬੇਵਾਲ ਨੂੰ ਕਾਂਗਰਸ ਵਲੋਂ ਉਮੀਦਵਾਰ ਬਣਾਇਆ ਗਿਆ ਤੇ ਇਸ ਵਾਰ ਵੀ ਉਹ ਆਮ ਆਦਮੀ ਪਾਰਟੀ ਦੀ ਹਨੇਰੀ ਹੋਣ ਦੇ ਬਾਵਜੂਦ ਆਪਣੀ ਸੀਟ ਗਏ। ਜਿਸ ਤੋਂ ਬਾਅਦ ਉਹ ਵਿਧਾਨਸਭਾ ਪਹੁੰਚੇ ਤੇ ਉਨ੍ਹਾਂ ਨੂੰ ਕਾਂਗਰਸ ਵਲੋਂ ਪੰਜਾਬ ਵਿਧਾਨ ਸਭਾ ਦਾ ਡਿਪਟੀ ਸੀਐਲਪੀ ਲੀਡਰ ਬਣਾਇਆ ਗਿਆ ਸੀ। ਇਸ ਦੌਰਾਨ ਆਖਰੀ ਵਿਧਾਨਸਭਾ ਸੈਸ਼ਨ ਦੌਰਾਨ ਉਹ ਕਰਜ਼ੇ ਦੀ ਪੰਡ ਅਤੇ ਸੰਗਲ ਲੈਕੇ ਪੰਜਾਬ ਵਿਧਾਨ ਸਭਾ ਪਹੁੰਚੇ ਸਨ, ਜਿਸ ਤੋਂ ਬਾਅਦ ਉਨ੍ਹਾਂ ਦੀ ਕਾਫੀ ਚਰਚਾ ਵੀ ਹੋਈ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਕਾਂਗਰਸ ਨੂੰ ਅਲਵਿਦਾ ਆਖ ਕੇ ਆਮ ਆਦਮੀ ਪਾਰਟੀ ਦਾ ਝਾੜੂ ਫੜ ਲਿਆ ਤੇ ਸ਼ਾਮਲ ਹੁੰਦਿਆਂ ਹੀ ਉਨ੍ਹਾਂ ਨੂੰ 'ਆਪ' ਨੇ ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਉਮੀਦਵਾਰ ਬਣਾ ਦਿੱਤੇ ਤੇ ਉਨ੍ਹਾਂ ਨੇ ਪਾਰਟੀ ਨੂੰ ਨਾਰਾਜ਼ ਨਾ ਕਰਦਿਆਂ ਜਿੱਤ ਆਮ ਆਦਮੀ ਪਾਰਟੀ ਦੀ ਝੋਲੀ ਪਾ ਦਿੱਤੀ ਹੈ।
- ਜਲੰਧਰ 'ਚ ਇੱਕ ਲੱਖ ਵੋਟ ਤੋਂ ਅੱਗੇ ਕਾਂਗਰਸੀ ਉਮੀਦਵਾਰ ਚਰਨਜੀਤ ਚੰਨੀ, ਵਿਰੋਧੀਆਂ ਨੂੰ ਛੱਡਿਆ ਬਹੁਤ ਜ਼ਿਆਦਾ ਪਿੱਛੇ - Lok Sabha elections in Jalandhar
- ਲੁਧਿਆਣਾ 'ਚ ਬਿੱਟੂ ਨੂੰ ਪਛਾੜਦੇ ਹੋਏ ਰੁਝਾਨਾਂ 'ਚ ਕਾਂਗਰਸ ਉਮੀਦਵਾਰ ਰਾਜਾ ਵੜਿੰਗ ਅੱਗੇ - Lok sabha election result
- ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਆਜ਼ਾਦ ਉਮੀਦਵਾਰ ਅੰਮ੍ਰਿਤਪਾਲ ਸਿੰਘ ਦੇ ਜਿੱਤ ਵੱਲ ਵਧਦੇ ਕਦਮ - Punjab Lok Sabha Elections Result