ਸ੍ਰੀ ਅਨੰਦਪੁਰ ਸਾਹਿਬ: ਖਾਲਸੇ ਦੀ ਧਰਤੀ ਸ੍ਰੀ ਅਨੰਦਪੁਰ ਸਾਹਿਬ ਵਿੱਚ ਹੋਲੇ ਮਹੱਲੇ ਨੂੰ ਲੈ ਕੇ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਨੰਗਲ ਤੋਂ ਸਰਸਾ ਨੰਗਲ ਤੱਕ ਮੈਗਾ ਸਫਾਈ ਅਭਿਆਨ ਦੀ ਸੁਰੂਆਤ 26 ਫਰਵਰੀ ਨੂੰ ਹੋਵੇਗੀ ਜਿਸ ਵਿੱਚ ਕੈਬਨਿਟ ਮੰਤਰੀ ਹਰਜੋਤ ਬੈਂਸ ਸਮੇਤ ਕਈ ਅਧਿਕਾਰੀ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨਗੇ। ਇਸ ਵਿਆਪਕ ਸਫਾਈ ਮੁਹਿੰਮ ਵਿੱਚ ਬਾਬਾ ਕਸ਼ਮੀਰ ਸਿੰਘ ਕਾਰ ਸੇਵਾ ਭੂਰੀ ਵਾਲਿਆਂ ਵੱਲੋਂ ਵਿਸ਼ੇਸ਼ ਤੌਰ ਉੱਤੇ ਸਮੂਲੀਅਤ ਕੀਤੀ ਜਾਵੇਗੀ। ਉਨ੍ਹਾਂ ਦੇ ਸੇਵਾਦਾਰ ਇਸ ਇਲਾਕੇ ਵਿੱਚ ਹੋਲਾ ਮਹੱਲਾ ਤੱਕ ਸਵੱਛਤਾ ਅਭਿਆਨ ਚਲਾਉਣਗੇ, ਇਸ ਦੇ ਲਈ ਇਲਾਕਾ ਵਾਸੀਆਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।
ਇਸ ਮੌਕੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਹੋਲਾ ਮਹੱਲਾ ਕੀਰਤਪੁਰ ਸਾਹਿਬ ਵਿੱਚ 21 ਤੋਂ 23 ਮਾਰਚ ਅਤੇ ਸ੍ਰੀ ਅਨੰਦਪੁਰ ਸਾਹਿਬ ਵਿੱਚ 24 ਤੋਂ 26 ਮਾਰਚ ਤੱਕ ਮਨਾਇਆ ਜਾ ਰਿਹਾ ਹੈ। ਹੋਲਾ ਮਹੱਲਾ ਦੌਰਾਨ ਦੇਸ਼ ਵਿਦੇਸ਼ ਤੋਂ ਆਉਣ ਵਾਲੀ ਸੰਗਤ ਤੇ ਸ਼ਰਧਾਲੂਆਂ ਦੀ ਸਹੂਲਤ ਲਈ ਇਹ ਸਮੁੱਚੇ ਗੁਰੂ ਸਹਿਬਾਨ ਦੀ ਚਰਨ ਛੋਹ ਪ੍ਰਾਪਤ ਖੇਤਰ ਨੂੰ ਸਵੱਛ ਸੁੰਦਰ ਮਨਮੋਹਕ ਬਣਾਇਆ ਜਾਵੇਗਾ। ਖਾਲਸੇ ਦੀ ਜਨਮ ਸਥਲ ਸ੍ਰੀ ਅਨੰਦਪੁਰ ਸਾਹਿਬ ਅਤੇ ਕੀਰਤਪੁਰ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਲਈ ਸੜਕਾਂ ਦੇ ਆਲੇ ਦੁਆਲੇ ਲੱਗੇ ਰੁੱਖਾਂ ਦੀ ਕਟਾਈ ਛਟਾਈ ਫੁੱਟਪਾਥ ਦਾ ਰੰਗ ਰੋਗਨ ਅਤੇ ਦਿੱਖ ਨੂੰ ਸਿੰਗਾਰਿਆ ਜਾਵੇਗਾ।
ਉਨ੍ਹਾਂ ਨੇ ਕਿਹਾ ਕਿ 26 ਫਰਵਰੀ ਤੋਂ ਚਲਾਈ ਜਾਣ ਵਾਲੀ ਮੈਗਾ ਸਫਾਈ ਮੁਹਿੰਮ ਹੋਲਾ ਮਹੱਲਾ ਉਪਰੰਤ ਵੀ ਜਾਰੀ ਰਹੇਗੀ। ਇਸ ਤਿਉਹਾਰ ਮੌਕੇ ਲੱਖਾਂ ਸ਼ਰਧਾਲੂ ਸ੍ਰੀ ਅਨੰਦਪੁਰ ਸਾਹਿਬ ਤੇ ਕੀਰਤਪੁਰ ਸਾਹਿਬ ਨਤਮਸਤਕ ਹੁੰਦੇ ਹਨ। ਸੈਕੜੇਂ ਸ਼ਰਧਾਲੂਆਂ ਦੇ ਜੱਥੇ ਲੰਗਰ ਲਗਾਉਂਦੇ ਹਨ, ਮੇਲੇ ਉਪਰੰਤ ਇਸ ਇਲਾਕੇ ਨੂੰ ਹੋਰ ਸਾਫ ਸੁਥਰਾ ਬਣਾਉਣ ਲਈ ਸਾਰਾ ਵੇਸਟ ਮਟੀਰੀਅਲ ਚੁਕਾਵਾਈਆਂ ਜਾਵੇਗਾ। ਇਸ ਤੋਂ ਇਲਾਵਾ ਗਿੱਲਾ ਤੇ ਸੁੱਕਾ ਕੂੜਾ ਵੱਖ-ਵੱਖ ਰੱਖਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਇਸ ਵਾਰ ਹੋਲਾ ਮਹੱਲਾ ਸਿੰਗਲ ਯੂਜ ਪਲਾਸਟਿਕ ਮੁਕਤ ਹੋਵੇਗਾ, ਇਸ ਦੇ ਲਈ ਵਿਸ਼ੇਸ਼ ਮੁਹਿੰਮ ਵਿੱਢੀ ਗਈ ਹੈ। ਵਾਤਾਵਰਣ ਨੂੰ ਗੰਦਲਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਹੋਵੇਗੀ। ਕੈਬਨਿਟ ਮੰਤਰੀ ਨੇ ਕਿਹਾ ਕਿ ਨਗਰ ਨਿਗਮ, ਸਫਾਈ ਕਰਮਚਾਰੀਆਂ ਤੇ ਵੱਖ-ਵੱਖ ਸੰਸਥਾਵਾਂ ਦੇ ਸਟਾਫ ਵੱਲੋਂ ਇਸ ਮੁਹਿੰਮ ਵਿੱਚ ਉਤਸ਼ਾਹ ਨਾਲ ਭਾਗ ਲਿਆ ਜਾਵੇਗਾ। ਉਨ੍ਹਾਂ ਨੇ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ 26 ਫਰਵਰੀ ਦੇ ਮੈਗਾ ਸਫਾਈ ਅਭਿਆਨ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ।