ਚੰਡੀਗੜ੍ਹ: ਬੰਗਾਲ 'ਚ ਸੰਦੇਸ਼ਖਾਲੀ ਮੁੱਦੇ 'ਤੇ ਟੀਐੱਮਸੀ ਅਤੇ ਭਾਜਪਾ ਵਿਚਾਲੇ ਟਕਰਾਅ ਚੱਲ ਰਿਹਾ ਹੈ। ਮੰਗਲਵਾਰ ਨੂੰ ਵਿਰੋਧੀ ਧਿਰ ਦੇ ਨੇਤਾ ਸੁਭੇਂਦੂ ਅਧਿਕਾਰੀ ਸੰਦੇਸ਼ਖਾਲੀ ਗਏ। ਜਿਸ ਦੌਰਾਨ ਕਈ ਭਾਜਪਾ ਆਗੂ ਵੀ ਉਨ੍ਹਾਂ ਦੇ ਨਾਲ ਮੌਜੂਦ ਸੀ। ਇਸ ਦੌਰਾਨ ਮਾਹੌਲ ਤਲਖੀ ਭਰਿਆ ਬਣ ਗਿਆ ਤਾਂ ਭਾਜਪਾ ਆਗੂ ਅਤੇ ਪੁਲਿਸ ਅਧਿਕਾਰੀਆਂ ਵਿਚਾਲੇ ਤਕਰਾਰ ਹੁੰਦੀ ਵੀ ਦੇਖੀ ਗਈ। ਜਿਸ ਦੌਰਾਨ ਆਈਪੀਐਸ ਅਧਿਕਾਰੀ ਜਸਪ੍ਰੀਤ ਸਿੰਘ ਨੂੰ ਪਾਸ ਕੀਤੀਆਂ ਟਿੱਪਣੀਆਂ 'ਤੇ ਸਵਾਲ ਚੁੱਕਦੇ ਹੋਏ ਦਿਖਾਈ ਦੇ ਰਹੇ ਹਨ ਅਤੇ ਕਹਿੰਦੇ ਹਨ, 'ਮੈਂ ਪੱਗ ਬੰਨ੍ਹੀ ਹੋਈ ਹੈ, ਸਿਰਫ਼ ਇਸ ਲਈ ਤੁਸੀਂ ਮੈਨੂੰ ਖਾਲਿਸਤਾਨੀ ਕਰਾਰ ਦੇ ਰਹੇ ਹੋ। ਜੇ ਮੈਂ ਪੱਗ ਨਾ ਬੰਨ੍ਹੀ ਹੁੰਦੀ ਤਾਂ ਕੀ ਤੁਸੀਂ ਅਜਿਹੀ ਗੱਲ ਕਹਿ ਸਕਦੇ ਸੀ?
ਮੁੱਖ ਮੰਤਰੀ ਮਾਨ ਨੇ ਚੁੱਕੇ ਸਵਾਲ: ਉਧਰ ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਦੀ ਵੀ ਸਿਆਸਤ ਗਰਮਾ ਗਈ, ਜਿਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਸਣੇ ਕਈ ਲੀਡਰਾਂ ਨੇ ਭਾਜਪਾ 'ਤੇ ਨਿਸ਼ਾਨਾ ਸਾਧਿਆ ਹੈ। ਇਸ ਨੂੰ ਲੈਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਸੋਸ਼ਲ ਮੀਡੀਆ ਐਕਸ 'ਤੇ ਲਿਖਿਆ ਕਿ, 'ਬੰਗਾਲ ਦੇ ਸਿੱਖ IPS ਅਫਸਰ ਨੂੰ ਭਾਜਪਾ ਦੇ ਨੇਤਾ ਵੱਲੋਂ ਦੇਸ਼ ਵਿਰੋਧੀ ਕਹਿਣਾ ਬਹੁਤ ਹੀ ਨਿੰਦਣਯੋਗ ਹੈ ..ਸ਼ਾਇਦ ਭਾਜਪਾ ਨੂੰ ਪਤਾ ਨਹੀਂ ਕਿ ਦੇਸ਼ ਨੂੰ ਆਜ਼ਾਦ ਕਰਵਾਉਣ ਅਤੇ ਅੱਜ ਤੱਕ ਆਜ਼ਾਦੀ ਨੂੰ ਕਾਇਮ ਰੱਖਣ 'ਚ ਸਭ ਤੋਂ ਵੱਧ ਕੁਰਬਾਨੀਆਂ ਪੰਜਾਬੀਆਂ ਦੀਆਂ ਹਨ..ਭਾਜਪਾ ਨੂੰ ਪੰਜਾਬੀਆਂ ਤੋਂ ਮਾਫੀ ਮੰਗਣੀ ਚਾਹੀਦੀ ਹੈ।'
ਫਿਰਕੂ ਭਾਵਨਾਵਾਂ ਨੂੰ ਭੜਕਾਉਣ ਦੀ ਨਿੰਦਣਯੋਗ ਕਾਰਵਾਈ : ਉਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਐਕਸ 'ਤੇ ਲਿਖਿਆ ਕਿ, 'ਮੈਂ ਕੱਲ੍ਹ ਪੱਛਮੀ ਬੰਗਾਲ ਵਿੱਚ ਇੱਕ ਸਿੱਖ ਪੁਲਿਸ ਅਧਿਕਾਰੀ ਵਿਰੁੱਧ ਵੱਖਵਾਦੀ ਟਿੱਪਣੀਆਂ ਕਰਕੇ ਫਿਰਕੂ ਭਾਵਨਾਵਾਂ ਨੂੰ ਭੜਕਾਉਣ ਦੀ ਨਿੰਦਣਯੋਗ ਕਾਰਵਾਈ ਦੀ ਸਖ਼ਤ ਨਿੰਦਾ ਕਰਦਾ ਹਾਂ। ਦਸਤਾਰ ਸਾਡੀ ਪਹਿਚਾਣ ਹੈ ਅਤੇ ਇਹ ਸਾਨੂੰ ਸਾਡੇ ਮਹਾਨ ਗੁਰੂ ਸਾਹਿਬਾਨ ਨੇ ਬਖਸ਼ੀ ਹੈ। ਇਹ ਹਮੇਸ਼ਾ ਸਾਡੇ ਦੇਸ਼ ਭਗਤੀ ਦੇ ਅਥਾਹ ਉਤਸ਼ਾਹ ਦਾ ਪ੍ਰਤੀਕ ਰਹੀ ਹੈ। ਇਸ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਨ ਅਤੇ ਦੇਸ਼ ਦੀ ਸ਼ਾਂਤੀ ਅਤੇ ਫਿਰਕੂ ਸਦਭਾਵਨਾ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਹਰਕਤਾਂ ਕਰਨ ਵਾਲੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।'
ਭਾਜਪਾ ਨੂੰ ਕਰਨੀ ਚਾਹੀਦੀ ਸਖ਼ਤ ਕਾਰਵਾਈ: ਇਸ ਵੀਡੀਓ ਨੂੰ ਲੈਕੇ ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ ਨੇ ਲਿਖਿਆ ਕਿ, 'ਬੱਲੇ ਸ਼ੇਰਾ, ਅਜਿਹੇ ਨਫ਼ਰਤ ਫੈਲਾਉਣ ਵਾਲਿਆਂ ਨੂੰ ਜਵਾਬ ਦੇਣ ਦਾ ਇਹ ਤਰੀਕਾ ਹੈ। ਮੈਂ ਬੇਨਤੀ ਕਰਦਾ ਹਾਂ ਭਾਜਪਾ ਲੀਡਰਸ਼ਿਪ ਨੂੰ ਕਿ ਇਸ ਖਿਲਾਫ ਸਖਤ ਕਾਰਵਾਈ ਕਰਨ ਦੀ ਲੋੜ ਹੈ ਕਿਉਂਕਿ ਕਿਸੇ ਵੀ ਸਿੱਖ ਅਫਸਰ ਖਿਲਾਫ ਨਫਰਤੀ ਅਪਰਾਧ ਬਹੁਤ ਹੀ ਨਿੰਦਣਯੋਗ ਹੈ।
ਹਰੇਕ ਪੱਗ ਵਿੱਚੋਂ ਖਾਲਿਸਤਾਨ ਨਜ਼ਰ ਆਉਂਦਾ: ਉਥੇ ਹੀ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਲਿਖਿਆ ਕਿ,'ਇਹ ਸੋਚ ਹੈ ਭਾਜਪਾ ਵਾਲਿਆਂ ਦੀ ਸਿੱਖਾਂ ਪ੍ਰਤੀ? ਹਰੇਕ ਪੱਗ ਵਿੱਚੋਂ ਇਹਨਾਂ ਨੂੰ ਖਾਲਿਸਤਾਨ ਨਜ਼ਰ ਆਉਂਦਾ ਹੈ? ਇਹਨਾਂ ਤੇ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਇੱਕ IPS ਅਫ਼ਸਰ ਪ੍ਰਤੀ ਇਹ ਵਤੀਰਾ ਹੈ ਤਾਂ ਇਹ ਲੋਕ ਆਮ ਸਿੱਖਾਂ ਨਾਲ ਕੀ ਕਰਨਗੇ?'
ਭਾਜਪਾ ਦੀ ਸਿੱਖਾਂ ਪ੍ਰਤੀ ਸੋਚ: ਇਸ ਦੇ ਨਾਲ ਹੀ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਵੀ ਸਵਾਲ ਖੜੇ ਕੀਤੇ ਹਨ। ਜਿਸ ਦੇ ਚੱਲਦੇ ਉਨ੍ਹਾਂ ਸੋਸ਼ਲ ਮੀਡੀਆ ਐਕਸ 'ਤੇ ਲਿਖਿਆ ਕਿ, 'ਇਹ ਸ਼ਬਦਾਂ ਤੋਂ ਪਰੇ ਸ਼ਰਮਨਾਕ ਹੈ। ਪੱਛਮੀ ਬੰਗਾਲ ਵਿੱਚ ਭਾਜਪਾ ਵਰਕਰ ਇੱਕ ਸਿੱਖ IPS ਅਫਸਰ ਨੂੰ ਖਾਲਿਸਤਾਨੀ ਕਹਿ ਰਹੇ ਹਨ ਕਿਉਂਕਿ ਉਹ ਆਪਣੀ ਡਿਊਟੀ ਨਿਭਾ ਰਿਹਾ ਹੈ। ਕੀ ਭਾਜਪਾ ਸਿੱਖਾਂ ਬਾਰੇ ਇਹੀ ਸੋਚਦੀ ਹੈ? ਇਸ ਗੁੰਡਾਗਰਦੀ ਨੂੰ ਅੰਜਾਮ ਦੇਣ ਵਾਲੇ ਅਤੇ ਸਿੱਖਾਂ ਨੂੰ ਖਾਲਿਸਤਾਨੀਆਂ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।'
- ਕੌਮਾਂਤਰੀ ਮਾਂ ਬੋਲੀ ਦਿਵਸ: ਸਰਕਾਰਾਂ ਅਤੇ ਭਾਸ਼ਾ ਪ੍ਰੇਮੀਆਂ ਦੀ ਸਖ਼ਤੀ ਦੇ ਬਾਵਜੂਦ ਵੀ ਪੰਜਾਬੀ ਭਾਸ਼ਾ ਨੂੰ ਪਹਿਲੇ ਨੰਬਰ 'ਤੇ ਰੱਖਣ 'ਚ ਹੋਏ ਫੇਲ੍ਹ !
- ਕਿਸਾਨ ਅੰਦੋਲਨ ਦਾ 9ਵਾਂ ਦਿਨ: ਆਰ-ਪਾਰ ਦੀ ਲੜਾਈ ਲਈ ਤਿਆਰ ਕਿਸਾਨ, ਅੱਜ ਦਿੱਲੀ ਵੱਲ ਕਰਨਗੇ ਕੂਚ, ਪੁਲਿਸ ਦੀ ਵੀ ਪੂਰੀ ਤਿਆਰੀ
- ਜ਼ਮੀਨੀ ਵਿਵਾਦ ਨੂੰ ਲੈਕੇ ਘਰ 'ਤੇ ਹਮਲਾ, ਸੀਸੀਟੀਵੀ ਤਸਵੀਰਾਂ ਆਈਆਂ ਸਾਹਮਣੇ ਤਾਂ ਜਾਂਚ 'ਚ ਜੁਟੀ ਪੁਲਿਸ