ਬਰਨਾਲਾ: ਪੰਜਾਬ 'ਚ ਇੱਕ ਪਾਸੇ ਪੰਚਾਇਤੀ ਚੋਣਾਂ ਹੋ ਰਹੀਆਂ ਨੇ ਤਾਂ ਦੂਜੇ ਪਾਸੇ ਮੰਦਭਾਗੀਆਂ ਖ਼ਬਰਾਂ ਵੀ ਸਾਹਮਣੇ ਆ ਰਹੀਆਂ ਹਨ। ਇਸੇ ਦੌਰਾਨ ਬਰਨਾਲਾ 'ਚ ਪੰਚਾਇਤੀ ਚੋਣ ਡਿਊਟੀ ’ਤੇ ਤਾਇਨਾਤ ਇੱਕ ਪੁਲਿਸ ਮੁਲਾਜ਼ਮ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸੀਨੀਅਰ ਕਾਂਸਟੇਬਲ ਲੱਖਾ ਸਿੰਘ (53 ਸਾਲ) ਵਜੋਂ ਹੋਈ ਹੈ।ਦੱਸਿਆ ਜਾ ਰਿਹਾ ਕਿ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਉਸ ਨੂੰ ਤੁਰੰਤ ਇਲਾਜ ਲਈ ਬਰਨਾਲਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਪੁਲਿਸ ਮੁਲਾਜ਼ਮ ਆਈਆਰਬੀ ਬਰਨਾਲਾ ਵਿਖੇ ਚੋਣ ਡਿਊਟੀ ’ਤੇ ਸੀ। ਉਹ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਛੀਨਾ ਦਾ ਵਸਨੀਕ ਸੀ। ਬਰਨਾਲਾ ਦੇ ਐਸਐਸਪੀ ਸੰਦੀਪ ਕੁਮਾਰ ਮਲਿਕ ਨੇ ਮੁਲਾਜ਼ਮ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਪੰਚੀ ਦੇ ਉਮੀਦਵਾਰ ’ਤੇ ਹਮਲਾ
ਜਦਕਿ ਇਸ ਤੋਂ ਪਹਿਲਾਂ ਬਰਨਾਲਾ ਦੇ ਪਿੰਡ ਕਰਮਗੜ੍ਹ ਵਿਖੇ ਵੋਟਿੰਗ ਤੋਂ ਕੂਝ ਘੰਟੇ ਪਹਿਲਾਂ ਝਗੜਾ ਹੋ ਗਿਆ ਅਤੇ ਪੰਚੀ ਦੇ ਉਮੀਦਵਾਰ ਦੇ ਕਾਫੀ ਸੱਟਾਂ ਵਜੀਆਂ। ਇਸ ਮੌਕੇ ਜ਼ਖਮੀ ਹੋਏ ਉਮੀਦਵਾਰ ਗੁਰਜੰਟ ਸਿੰਘ ਨੇ ਦੱਸਿਆ ਕਿ ਉਹ ਕਰਮਗੜ੍ਹ ਦੇ ਵਾਰਡ ਨੰਬਰ 9 ਤੋਂ ਪੰਚੀ ਦੀ ਚੋਣ ਲੜ ਰਿਹਾ ਹੈ। ਰਾਤ ਨੂੰ ਜਦੋਂ ਉਹ ਪਿੰਡ ਵਿੱਚ ਆਪਣੇ ਘਰ ਜਾ ਰਿਹਾ ਸੀ, ਤਾਂ ਕੁਝ ਲੋਕਾਂ ਨੇ ਉਸ ਨੂੰ ਘੇਰ ਲਿਆ ਅਤੇ ਉਸ ਦੀ ਕਾਰ ਦੀ ਭੰਨਤੋੜ ਕੀਤੀ। ਇਸ ਦੌਰਾਨ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਉਨ੍ਹਾਂ ਦੱਸਿਆ ਕਿ ਵਿਰੋਧੀ ਧੜੇ ਵੱਲੋਂ ਸਰਪੰਚ ਦੀ ਚੋਣ ਲੜ ਰਹੇ ਉਮੀਦਵਾਰ ਦੀ ਹਾਰ ਦੇਖ ਕੇ 20-25 ਗੁੰਡਿਆਂ ਨੇ ਉਨ੍ਹਾਂ ਦੀ ਗੱਡੀ ’ਤੇ ਹਮਲਾ ਕਰ ਦਿੱਤਾ।