ਲੁਧਿਆਣਾ: ਬੇਸ਼ੱਕ ਲੋਕ ਸਭਾ ਚੋਣਾਂ ਸਿਰ ਉੱਤੇ ਨੇ ਪਰ ਬਾਵਜੂਦ ਇਸ ਦੇ ਲੋਕ ਸੜਕਾਂ ਉੱਤੇ ਹੱਥਾਂ ਵਿੱਚ ਤਖਤੀਆਂ ਫੜੀਆਂ ਕੇ ਉਤਰੇ ਹਨ। ਤਸਵੀਰਾਂ ਲੁਧਿਆਣਾ ਦੇ ਜਲੰਧਰ ਬਾਈਪਾਸ ਨਜ਼ਦੀਕ ਦੀਆ ਨੇ ਜਿੱਥੇ ਡਾਕਟਰ ਅੰਬੇਦਕਰ ਏਕਤਾ ਮਿਸ਼ਨ ਪੰਜਾਬ ਵੱਲੋਂ ਸਮੇਂ ਦੀਆਂ ਸਰਕਾਰਾਂ ਖਿਲਾਫ ਹੱਥਾਂ ਵਿੱਚ ਤਖਤੀਆਂ ਫੜ ਕੇ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਆਗੂਆਂ ਨੇ ਕਿਹਾ ਕਿ ਜਿੱਥੇ ਫਰੀ ਦੇ ਲਾਲਚ ਦੇ ਕੇ ਲੋਕਾਂ ਕੋਲੋਂ ਵੋਟ ਬੈਂਕ ਹਾਸਲ ਕੀਤਾ ਜਾਂਦਾ ਹੈ ਉੱਥੇ ਹੀ ਉਹਨਾਂ ਜ਼ਿਕਰ ਕੀਤਾ ਕਿ ਲੋਕਾਂ ਨੂੰ ਫਰੀ ਦੇ ਲਾਲਚ ਛੱਡ ਕੇ ਰੋਜ਼ਗਾਰ ਅਤੇ ਸਿੱਖਿਆ ਤੋਂ ਇਲਾਵਾ ਮੈਡੀਕਲ ਸੁਵਿਧਾਵਾਂ ਫਰੀ ਵਿੱਚ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ।
ਸਿੱਧੇ ਤੌਰ ਉੱਤੇ ਸੰਵਿਧਾਨ ਦਾ ਘਾਣ: ਉਹਨਾਂ ਕਿਹਾ ਕਿ ਲੋਕਾਂ ਨੂੰ ਸਿੱਖਿਅਤ ਕਰਕੇ ਰੁਜ਼ਗਾਰ ਦੇਣ ਦੀ ਬਜਾਏ ਮੁਫਤ ਦੇ ਸੁਪਨੇ ਵਿਖਾਉਣ ਦਾ ਮਤਲਬ ਸਿੱਧੇ ਤੌਰ ਉੱਤੇ ਸੰਵਿਧਾਨ ਦਾ ਘਾਣ ਕਰਨਾ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਦਲਿਤ ਆਗੂ ਦੀਪਕ ਹੰਸ ਨੇ ਕਿਹਾ ਕਿ ਅੱਜ ਲੋਕਾਂ ਨੂੰ ਉਹਨਾਂ ਦੇ ਸੰਵਿਧਾਨ ਪ੍ਰਤੀ ਜਾਗਰੂਕ ਕਰਨ ਦੇ ਮਕਸਦ ਨਾਲ ਸਮੇਂ ਦੀਆਂ ਸਰਕਾਰਾਂ ਖਿਲਾਫ ਰੋਸ ਵਿਅਕਤ ਕੀਤਾ ਜਾ ਰਿਹਾ ਹੈ। ਲੋਕਾਂ ਦਾ ਵੋਟ ਬੈਂਕ ਹਾਸਲ ਕਰਨ ਦੇ ਲਈ ਸਮੇਂ ਦੀਆਂ ਸਰਕਾਰਾਂ ਉਹਨਾਂ ਨੂੰ ਫਰੀ ਦੇ ਲਾਲਚ ਦਿੰਦੀਆਂ ਨੇ। ਸਰਕਾਰ ਨੂੰ ਮੁਫਤ ਆਟਾ-ਦਾਲ ਦੇ ਲਾਲਚ ਛੱਡ ਕੇ ਰੁਜ਼ਗਾਰ ਅਤੇ ਸਿੱਖਿਆ ਤੋਂ ਇਲਾਵਾ ਮੈਡੀਕਲ ਸੁਵਿਧਾਵਾਂ ਲੋਕਾਂ ਨੂੰ ਦੇਣੀਆਂ ਚਾਹੀਦੀਆਂ ਨੇ ਤਾਂ ਜੋ ਉਨ੍ਹਾਂ ਦਾ ਜੀਵਨ ਪੱਧਰ ਉੱਚਾ ਹੋ ਸਕੇ। ਉਹਨਾਂ ਕਿਹਾ ਕਿ ਲੋਕਾਂ ਦੀ ਵੋਟ ਨੂੰ ਫਰੀ ਦੇ ਲਾਲਚ ਵਿੱਚ ਖਰੀਦਿਆ ਜਾਂਦਾ ਹੈ ਜੋ ਕਿ ਸਿੱਧੇ ਤੌਰ ਉੱਤੇ ਸੰਵਿਧਾਨ ਦੀ ਉਲੰਘਣਾ ਹੈ।
ਜਾਗਰੂਕ ਕੈਂਪ ਲਗਾ ਕੇ ਜਾਣਕਾਰੀ: ਪ੍ਰਦਰਸ਼ਨਕਾਰੀਆਂ ਨੇ ਅੱਗੇ ਕਿਹਾ ਕਿ ਉਹ ਘਰ-ਘਰ ਜਾ ਕੇ ਲੋਕਾਂ ਨੂੰ ਜਾਗਰੂਕ ਕਰਨਗੇ ਤਾਂ ਕਿ ਲੋਕਾਂ ਨੂੰ ਉਹਨਾਂ ਦੇ ਅਧਿਕਾਰਾਂ ਬਾਰੇ ਪਤਾ ਲੱਗ ਸਕੇ। ਇਸ ਦੌਰਾਨ ਆਗੂਆਂ ਨੇ ਕਿਹਾ ਕਿ ਸਾਡੇ ਨੌਜਵਾਨਾਂ ਨੂੰ ਗਲਤ ਦਿਸ਼ਾ ਵਿੱਚ ਲਜਾਇਆ ਜਾ ਰਿਹਾ ਹੈ ਉਹਨਾਂ ਨੂੰ ਇਸ ਤਰ੍ਹਾਂ ਦੇ ਜਾਗਰੂਕ ਕੈਂਪ ਲਗਾ ਕੇ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਹੈ ਤਾਂ ਜੋ ਉਹਨਾਂ ਨੂੰ ਪਤਾ ਲੱਗ ਸਕੇ ਉਹਨਾਂ ਦੇ ਮੁੱਢਲੇ ਅਧਿਕਾਰ ਕੀ ਹਨ।