ਲੁਧਿਆਣਾ: ਮੌਸਮ ਵਿਭਾਗ ਵੱਲੋਂ 13 ਅਤੇ 14 ਅਪ੍ਰੈਲ ਲਈ ਕ੍ਰਮਵਾਰ ਓਰੇਂਜ ਅਤੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਨ੍ਹਾਂ 2 ਦਿਨਾਂ ਦੇ ਦੌਰਾਨ ਪੰਜਾਬ ਦੇ ਕਈ ਹਿਸਿਆਂ 'ਚ ਤੇਜ਼ ਹਵਾਵਾਂ ਅਤੇ ਮੀਂਹ ਪੈਣ ਦੀ ਸੰਭਾਵਨਾ ਹੈ। ਪੰਜਾਬ ਦੇ ਲਗਭਗ ਸਾਰੇ ਹੀ ਹਿੱਸਿਆਂ 'ਚ ਇਸ ਦਾ ਅਸਰ ਵੇਖਣ ਨੂੰ ਮਿਲੇਗਾ। ਪੰਜਾਬ ਖੇਤੀਬਾੜੀ ਯੂਨਵਰਸਿਟੀ ਮੌਸਮ ਵਿਭਾਗ ਦੇ ਮਾਹਿਰਾਂ ਨੇ ਦੱਸਿਆ ਕਿ ਕਿਸਾਨ ਵੀਰ ਇੰਨ੍ਹਾਂ ਦਿਨਾਂ ਦੇ ਦੌਰਾਨ ਆਪਣੀਆਂ ਫ਼ਸਲਾਂ ਦਾ ਧਿਆਨ ਜਰੂਰ ਰੱਖਣ ਕਿਉਂਕਿ ਇਹ ਸਮਾਂ ਕਣਕ ਦੀ ਵਾਢੀ ਦਾ ਚੱਲ ਰਿਹਾ ਹੈ ਅਤੇ ਖੜੀਆਂ ਫਸਲਾਂ ਨਾਲੋਂ ਜਿਆਦਾ ਨੁਕਸਾਨ ਕੱਟੀ ਹੋਈ ਫ਼ਸਲ ਦਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਦਿਨਾਂ 'ਚ ਕਿਸਾਨ ਫਸਲਾਂ ਨਾ ਕੱਟਣ।
ਗਰਮੀ ਤੋਂ ਮਿਲੇਗੀ ਰਾਹਤ: ਪੀ ਏ ਯੂ ਮੌਸਮ ਵਿਗਿਆਨੀ ਨੇ ਕਿਹਾ ਕਿ ਜੇਕਰ ਤਾਪਮਾਨ ਦੀ ਗੱਲ ਕੀਤੀ ਜਾਵੇ ਤਾਂ ਵੱਧ ਤੋਂ ਵੱਧ ਤਾਪਮਾਨ ਲੱਗਭਗ 34 ਡਿਗਰੀ ਅਤੇ ਘੱਟ ਤੋਂ ਘੱਟ ਤਾਪਮਾਨ 17 ਡਿਗਰੀ ਤੱਕ ਚੱਲ ਰਿਹਾ ਹੈ। ਜੋਕਿ ਆਮ ਹੈ ਪਰ ਉਹਨਾਂ ਕਿਹਾ ਕਿ ਮੀਂਹ ਪੈਣ ਤੋਂ ਬਾਅਦ ਮੌਸਮ ਦੇ ਵਿੱਚ ਜ਼ਰੂਰ ਕੁਝ ਤਬਦੀਲੀ ਆਵੇਗੀ ਅਤੇ ਕੁਝ ਦਿਨਾਂ ਦੇ ਲਈ ਤਾਪਮਾਨ ਘੱਟ ਹੋਵੇਗਾ ਪਰ ਉਸ ਤੋਂ ਬਾਅਦ ਮੁੜ ਤੋਂ ਗਰਮੀ ਦਾ ਅਸਰ ਲੋਕਾਂ ਨੂੰ ਸਹਿਣਾ ਪਵੇਗਾ ਪਰ ਫਿਲਹਾਲ ਦੋ ਦਿਨ ਲਈ ਲੋਕਾਂ ਨੂੰ ਗਰਮੀ ਤੋਂ ਰਾਹਤ ਜ਼ਰੂਰ ਮਿਲੇਗੀ।
ਮੀਂਹ ਕਾਰਨ ਤਾਪਮਾਨ ਤੋਂ ਮਿਲੇਗੀ ਰਾਹਤ: ਇਸ ਦੌਰਾਨ ਉਨ੍ਹਾਂ ਕਿਹਾ ਕਿ ਮੌਸਮ 'ਚ ਕਾਫੀ ਤਬਦੀਲੀਆਂ ਵੇਖਣ ਨੂੰ ਮਿਲ ਰਹੀਆਂ ਹਨ। ਤਾਪਮਾਨ 'ਚ ਲਗਾਤਾਰ ਕਾਫੀ ਉਤਰਾਅ ਚੜ੍ਹਾਅ ਵੇਖਣ ਨੂੰ ਮਿਲ ਰਿਹਾ ਹੈ। ਕੱਲ੍ਹ ਦਿਨ ਦਾ ਤਾਪਮਾਨ ਲੱਗਭਗ 36 ਡਿਗਰੀ ਦੇ ਨੇੜੇ ਸੀ ਪਰ ਅੱਜ ਇਹ 34 ਡਿਗਰੀ ਦੇ ਨੇੜੇ ਰਿਕਾਰਡ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੀਂਹ ਪੈਣ ਦੇ ਨਾਲ ਕੁਝ ਦਿਨਾਂ ਲਈ ਰਾਹਤ ਜ਼ਰੂਰ ਮਿਲੇਗੀ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਤਾਪਮਾਨ ਫਿਰ ਤੋਂ ਵਧੇਗਾ।