ਅੰਮ੍ਰਿਤਸਰ: ਪੰਜਾਬ ਦੀ ਕਾਨੂੰਨ ਵਿਵਸਥਾ ਰੱਬ ਆਸਰੇ ਹੁੰਦੀ ਜਾ ਰਹੀ ਹੈ। ਅੰਮ੍ਰਿਤਸਰ ਦਿਹਾਤੀ ਦੇ ਕਸਬਾ ਰਈਆ ਤੋਂ ਇੱਕ ਬੇਹੱਦ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਕਿ ਬੀਤੀ ਦੇਰ ਰਾਤ ਪਿੰਡ ਦੇ ਹੀ ਇੱਕ ਵਿਅਕਤੀ ਵੱਲੋਂ ਡਿਊਟੀ ਤੋਂ ਵਾਪਸ ਪਰਤ ਰਹੇ ਆਪਣੇ ਪਿੰਡ ਦੇ ਗ੍ਰੰਥੀ ਸਿੰਘ ਦਾ ਬੇਹਦ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਹੈ।
ਪੁਲਿਸ ਚੌਂਕੀ ਨਜ਼ਦੀਕ ਕਤਲ
ਇਸ ਦੌਰਾਨ ਹੈਰਾਨੀ ਦੀ ਗੱਲ ਇਹ ਹੈ ਕਿ ਦੇਰ ਰਾਤ ਜਿਸ ਜਗ੍ਹਾ ਦੇ ਉੱਤੇ ਪਾਠੀ ਸਿੰਘ ਦਾ ਕਤਲ ਕੀਤਾ ਗਿਆ ਹੈ, ਉਸ ਤੋਂ ਮਹਿਜ਼ ਕੁਝ ਹੀ ਮੀਟਰ ਦੇ ਉੱਤੇ ਪੁਲਿਸ ਚੌਂਕੀ ਰਈਆ ਮੌਜੂਦ ਹੈ। ਇਸ ਦੇ ਬਾਵਜੂਦ ਹਾਈ ਅਲਰਟ 'ਤੇ ਹੋਣ ਦਾ ਦਾਅਵਾ ਕਰ ਰਹੀ ਬਿਆਸ ਪੁਲਿਸ ਕਿੰਨੀ ਕੁ ਚੌਕਸ ਹੈ, ਇਸ ਤੋਂ ਸਾਫ ਪਤਾ ਲੱਗ ਰਿਹਾ ਹੈ।
ਡਿਊਟੀ ਤੋਂ ਆ ਰਹੇ ਪਾਠੀ ਸਿੰਘ ਦਾ ਕਤਲ
ਇਸ ਸਬੰਧੀ ਥਾਣਾ ਬਿਆਸ ਦੇ ਐਸਐਚਓ ਗਗਨਦੀਪ ਸਿੰਘ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਮ੍ਰਿਤਕ ਦੀ ਪਛਾਣ ਰਮਨਦੀਪ ਸਿੰਘ ਪੁੱਤਰ ਦਿਲਬਾਗ ਸਿੰਘ ਵਾਸੀ ਪਿੰਡ ਮੱਦ ਥਾਣਾ ਬਿਆਸ ਵਜੋਂ ਹੋਈ ਹੈ, ਜੋ ਕਿ ਬਾਬਾ ਬਕਾਲਾ ਸਾਹਿਬ ਗੁਰਦੁਆਰਾ ਸਾਹਿਬ ਦੇ ਵਿੱਚ ਪਾਠੀ ਸਿੰਘ ਵਜੋਂ ਡਿਊਟੀ ਕਰਦਾ ਸੀ ਅਤੇ ਬੀਤੀ ਸ਼ਾਮ 7 ਵਜੇ ਪਿੰਡ ਤੋਂ ਬਾਬਾ ਬਕਾਲਾ ਸਾਹਿਬ ਡਿਊਟੀ ਕਰਨ ਗਿਆ ਸੀ। ਉਨ੍ਹਾਂ ਦੱਸਿਆ ਕਿ ਤੜਕੇ ਕਰੀਬ 2 ਵਜੇ ਡਿਊਟੀ ਤੋਂ ਬਾਅਦ ਸਾਈਕਲ 'ਤੇ ਵਾਪਸ ਪਿੰਡ ਪਰਤ ਰਿਹਾ ਸੀ ਕਿ ਇਸ ਦੌਰਾਨ ਪਿੰਡ ਦੇ ਹੀ ਇੱਕ ਵਿਅਕਤੀ ਵੱਲੋਂ ਕਥਿਤ ਤੌਰ ਦੇ ਉੱਤੇ ਰਮਨਦੀਪ ਸਿੰਘ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਗਿਆ।
ਕਤਲ ਦੀ ਵਜ੍ਹਾ ਦੱਸੀ ਜਾ ਰਹੀ ਰੰਜਿਸ਼
ਪੁਲਿਸ ਅਧਿਕਾਰੀ ਨੇ ਕਿਹਾ ਕਿ ਮੁੱਢਲੀ ਜਾਂਚ ਪੜਤਾਲ ਦੇ ਵਿੱਚ ਉਕਤ ਮਾਮਲਾ ਪੁਰਾਣੀ ਰੰਜਿਸ਼ ਦੇ ਨਾਲ ਜੁੜਿਆ ਹੋਇਆ ਦੱਸਿਆ ਜਾ ਰਿਹਾ ਹੈ। ਇਸ ਮਾਮਲੇ ਦੀ ਗਹਿਰਾਈ ਦੇ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਅਤੇ ਕਿਸ ਵਜ੍ਹਾ ਜਾਂ ਰੰਜਿਸ਼ ਦੇ ਨਾਲ ਪਿੰਡ ਦੇ ਹੀ ਕਥਿਤ ਮੁਲਜ਼ਮ ਸਾਹਿਬ ਸਿੰਘ ਵੱਲੋਂ ਉਕਤ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ, ਇਸ ਬਾਰੇ ਵੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ।
ਪੁਲਿਸ ਵਲੋਂ ਮੁਲਜ਼ਮ ਦੀ ਭਾਲ ਜਾਰੀ
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕਤਲ ਦੇ ਵਿੱਚ ਵਰਤੇ ਗਏ ਤੇਜ਼ਧਾਰ ਹਥਿਆਰ ਅਤੇ ਕਥਿਤ ਮੁਲਜ਼ਮ ਦੀ ਗ੍ਰਿਫਤਾਰੀ ਦੇ ਲਈ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਨਾਲ ਹੀ ਘਟਨਾ ਸਥਾਨ ਦੇ ਉੱਤੇ ਫੋਰੈਂਸਿਕ ਟੀਮਾਂ ਵੱਲੋਂ ਪਹੁੰਚ ਕੇ ਜ਼ਰੂਰੀ ਤੱਥ ਇਕੱਤਰ ਕੀਤੇ ਜਾ ਰਹੇ ਹਨ। ਉਹਨਾਂ ਦੱਸਿਆ ਕਿ ਇਸ ਸਬੰਧੀ ਥਾਣਾ ਬਿਆਸ ਦੇ ਵਿੱਚ ਵੱਖ-ਵੱਖ ਧਾਰਾਵਾਂ ਦੇ ਤਹਿਤ ਕਥਿਤ ਮੁਲਜ਼ਮ ਦੇ ਖਿਲਾਫ ਮਾਮਲਾ ਦਰਜ ਕਰਕੇ ਹੁਣ ਅਗਲੇਰੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ।