ਚੰਡੀਗੜ੍ਹ: ਸੂਬੇ 'ਚ ਪੰਚਾਇਤੀ ਚੋਣਾਂ ਦਾ ਰਾਹ ਪੱਧਰਾ ਹੋ ਗਿਆ ਹੈ ਤੇ ਪਹਿਲਾਂ ਤੋਂ ਹੀ ਪੰਜਾਬ ਚੋਣ ਕਮਿਸ਼ਨ ਵਲੋਂ ਨਿਰਧਾਰਿਤ ਤਰੀਕ 15 ਅਕਤੂਬਰ ਨੂੰ ਹੀ ਵੋਟਾਂ ਪੈਣਗੀਆਂ। ਕਾਬਿਲੇਗੌਰ ਹੈ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਵੀਰਵਾਰ ਨੂੰ ਪੰਚਾਇਤੀ ਚੋਣਾਂ ਵਿੱਚ ਰਾਖਵੇਂਕਰਨ ਅਤੇ ਹੋਰ ਮੁੱਦਿਆਂ ਸਬੰਧੀ ਦਾਇਰ 170 ਪਟੀਸ਼ਨਾਂ ਦਾ ਨਿਪਟਾਰਾ ਕਰਦਿਆਂ ਪੰਚਾਇਤੀ ਚੋਣਾਂ ਦਾ ਰਾਹ ਪੱਧਰਾ ਕਰ ਦਿੱਤਾ ਹੈ। ਇਸ 'ਤੇ ਪੰਜਾਬ ਹਰਿਆਣਾ ਹਾਈਕੋਰਟ ਅੱਜ ਫੈਸਲਾ ਸੁਣਾਇਆ ਹੈ।
ਪੰਚਾਇਤੀ ਚੋਣਾਂ ਦਾ ਰਾਹ ਪੱਧਰਾ
ਇਸ ਦੇ ਨਾਲ ਹੀ ਜਿਨ੍ਹਾਂ ਪਟੀਸ਼ਨਾਂ ਵਿੱਚ ਵੋਟਾਂ ਕੱਟਣ ਜਾਂ ਗਲਤ ਵਾਰਡ-ਬੰਦੀ ਕਰਨ ਦੀ ਗੱਲ ਸੀ, ਉਨ੍ਹਾਂ ਨੂੰ ਮਨਜ਼ੂਰ ਕਰ ਲਿਆ ਗਿਆ ਹੈ। ਹਾਈ ਕੋਰਟ ਨੇ ਚੋਣ ਕਮਿਸ਼ਨ ਨੂੰ ਹਦਾਇਤ ਕੀਤੀ ਹੈ ਕਿ ਜਿਨ੍ਹਾਂ ਦੀਆਂ ਵੋਟਾਂ ਕੱਟੀਆਂ ਗਈਆਂ ਹਨ, ਉਨ੍ਹਾਂ ਨੂੰ ਠੀਕ ਕੀਤਾ ਜਾਵੇ। ਜਿਨ੍ਹਾਂ ਦੀਆਂ ਵੋਟਾਂ ਗਲਤ ਵਾਰਡ ਵਿੱਚ ਦਿਖਾਈਆਂ ਗਈਆਂ ਹਨ, ਉਨ੍ਹਾਂ ਨੂੰ ਵੀ ਠੀਕ ਕੀਤਾ ਜਾਵੇ। ਚੁੱਲ੍ਹਾ ਟੈਕਸ ਅਤੇ ਨੋ-ਡਿਊ ਜਾਰੀ ਨਾ ਕਰਨ ਸਬੰਧੀ ਦਾਇਰ ਪਟੀਸ਼ਨਾਂ ਨੂੰ ਪ੍ਰਵਾਨ ਕਰਦਿਆਂ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਅੱਜ ਹੀ ਚੁੱਲ੍ਹਾ ਟੈਕਸ ਅਤੇ ਨੋ-ਡਿਊ ਸਰਟੀਫਿਕੇਟ ਜਾਰੀ ਕਰਨ ਦੇ ਹੁਕਮ ਦਿੱਤੇ ਹਨ ।
ਰਾਖਵੇਂਕਰਨ ਦੇ ਮੁੱਦੇ 'ਤੇ ਸੀ ਪਟੀਸ਼ਨਾਂ
ਦੱਸ ਦਈਏ ਕਿ ਕੁਝ ਦਿਨ ਪਹਿਲਾਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜਸਟਿਸ ਸੁਰੇਸ਼ਵਰ ਠਾਕੁਰ ਦੀ ਅਗਵਾਈ ਵਾਲੇ ਬੈਂਚ ਨੇ ਸਰਕਾਰ ਨੂੰ ਵੀਰਵਾਰ ਨੂੰ ਅਦਾਲਤ ਵਿੱਚ ਚੋਣਾਂ ਵਿੱਚ ਰਾਖਵੇਂਕਰਨ ਦਾ ਪੂਰਾ ਰਿਕਾਰਡ ਪੇਸ਼ ਕਰਨ ਦਾ ਹੁਕਮ ਦਿੱਤਾ ਸੀ। ਇਸ ਮਾਮਲੇ 'ਚ ਗੁਰਦਾਸਪੁਰ ਦੇ ਵਸਨੀਕ ਸੁੱਚਾ ਸਿੰਘ ਅਤੇ ਹੋਰਾਂ ਨੇ ਦੋਸ਼ ਲਾਇਆ ਸੀ ਕਿ ਰਾਖਵੇਂਕਰਨ ਸਬੰਧੀ ਚੋਣ ਨੋਟੀਫਿਕੇਸ਼ਨ ਜਾਰੀ ਕਰਨ ਤੋਂ ਪਹਿਲਾਂ ਰਾਖਵੇਂਕਰਨ ਦਾ ਗਜ਼ਟ ਨੋਟੀਫਿਕੇਸ਼ਨ ਹੋਣਾ ਚਾਹੀਦਾ ਸੀ, ਜੋ ਅੱਜ ਤੱਕ ਨਹੀਂ ਕੀਤਾ ਗਿਆ। ਇਲਜ਼ਾਮ ਲਗਾਇਆ ਗਿਆ ਕਿ ਸਰਕਾਰ ਨੇ ਜਲਦਬਾਜ਼ੀ 'ਚ ਇਨ੍ਹਾਂ ਚੋਣਾਂ ਦਾ ਨੋਟੀਫਿਕੇਸ਼ਨ ਦਿੰਦੇ ਸਮੇਂ ਇਹ ਗਲਤੀਆਂ ਕੀਤੀਆਂ ਹਨ।
ਚੋਣ ਕਮਿਸ਼ਨ 'ਤੇ ਵੀ ਚੁੱਕਿਆ ਸੀ ਸਵਾਲ
ਚੋਣ ਕਮਿਸ਼ਨ ਵੱਲੋਂ ਬਿਨਾਂ ਕਾਰਨ ਸਰਟੀਫਿਕੇਟ ਲਈ ਜਾਰੀ ਪੱਤਰ ਨੂੰ ਵੀ ਚੁਣੌਤੀ ਦਿੱਤੀ ਗਈ ਸੀ। ਪਟੀਸ਼ਨਰ ਨੇ ਕਿਹਾ ਸੀ ਕਿ ਜੋ ਚੋਣ ਪ੍ਰੋਗਰਾਮ ਜਾਰੀ ਕੀਤਾ ਗਿਆ ਹੈ, ਉਹ ਨਿਰਧਾਰਿਤ ਵਿਵਸਥਾਵਾਂ ਦੇ ਉਲਟ ਕੀਤਾ ਗਿਆ ਹੈ। ਜੇਕਰ ਇਸ ਪ੍ਰੋਗਰਾਮ ਰਾਹੀਂ ਚੋਣਾਂ ਕਰਵਾਈਆਂ ਜਾਂਦੀਆਂ ਹਨ ਤਾਂ ਅਦਾਲਤ ਵਿੱਚ ਪਟੀਸ਼ਨਾਂ ਦਾ ਹੜ੍ਹ ਆ ਜਾਵੇਗਾ। ਅਜਿਹੀ ਸਥਿਤੀ ਵਿੱਚ ਪੰਜਾਬ ਸਰਕਾਰ ਨੂੰ ਨਿਰਧਾਰਿਤ ਵਿਵਸਥਾਵਾਂ ਅਨੁਸਾਰ ਚੋਣਾਂ ਕਰਵਾਉਣ ਦੇ ਹੁਕਮ ਦਿੱਤੇ ਜਾਣੇ ਚਾਹੀਦੇ ਹਨ।
ਸਰਪੰਚਾਂ ਦੀ ਬੋਲੀ 'ਤੇ ਵੀ ਕਾਰਵਾਈ ਦੀ ਮੰਗ
ਪੰਜਾਬ 'ਚ ਕਈ ਥਾਵਾਂ 'ਤੇ ਸਰਪੰਚਾਂ ਦੀਆਂ ਅਸਾਮੀਆਂ ਦੀ ਬੋਲੀ ਦੇ ਖਿਲਾਫ਼ ਹਾਈਕੋਰਟ 'ਚ ਪਟੀਸ਼ਨ ਦਾਇਰ ਕਰਕੇ ਇਸ 'ਤੇ ਰੋਕ ਲਗਾਉਣ ਦੀ ਮੰਗ ਵੀ ਕੀਤੀ ਗਈ ਸੀ। ਹਾਈਕੋਰਟ ਦੀ ਵਕੀਲ ਸਤਿੰਦਰ ਕੌਰ ਵੱਲੋਂ ਪਾਈ ਪਟੀਸ਼ਨ ਵਿੱਚ ਦੋਸ਼ ਲਾਇਆ ਗਿਆ ਹੈ ਕਿ ਸਰਪੰਚ ਦੀਆਂ ਅਸਾਮੀਆਂ ਵੇਚਣ ਦਾ ਮਾਮਲਾ ਪੂਰੀ ਤਰ੍ਹਾਂ ਗੈਰ ਸੰਵਿਧਾਨਕ ਹੈ। ਚੋਣ ਜ਼ਾਬਤੇ ਅਤੇ ਪੰਜਾਬ ਰਾਜ ਚੋਣ ਐਕਟ ਦੀ ਵੀ ਉਲੰਘਣਾ ਕਰਕੇ ਇਸ ਸਬੰਧੀ ਹਾਈਕੋਰਟ ਨੂੰ ਹਦਾਇਤਾਂ ਜਾਰੀ ਕਰਨ ਦੀ ਮੰਗ ਕੀਤੀ ਗਈ ਹੈ। ਪਟੀਸ਼ਨ ਮੁਤਾਬਕ ਸੁਪਰੀਮ ਕੋਰਟ ਅਤੇ ਹਾਈ ਕੋਰਟ ਦੇ ਕਈ ਫੈਸਲੇ ਹਨ, ਜਿਨ੍ਹਾਂ ਦੀ ਉਲੰਘਣਾ ਹੋਈ ਹੈ। ਹਾਈ ਕੋਰਟ ਇਸ ਪਟੀਸ਼ਨ 'ਤੇ ਅੱਜ ਸੁਣਵਾਈ ਹੋਈ।
- ਸਿਆਸੀ ਨਹੀਂ ਰੰਜਿਸ਼ ਕਾਰਨ ਹੋਇਆ ਕਤਲ, ਮਾਨਸਾ ਦੇ ਖੈਰਾ ਖੁਰਦ ਕਤਲ ਮਾਮਲੇ 'ਚ ਪੁਲਿਸ ਨੇ ਦੋ ਸ਼ਖ਼ਸ ਕੀਤੇ ਕਾਬੂ - Mansa Murder Update
- ਹਿਮਾਚਲ ਦੀ ਰਹਿਣ ਵਾਲੀ ਲੜਕੀ ਨਾਲ ਵਾਪਰਿਆ ਦਰਦਨਾਕ ਹਾਦਸਾ, ਦੋਵੇਂ ਲੱਤਾਂ ਉਪਰੋਂ ਲੰਘੀ ਰੇਲ ਗੱਡੀ, ਹਾਲਤ ਗੰਭੀਰ - HP girl train accident
- ਕਪੂਰਥਲਾ ਦੇ ਨੌਜਵਾਨ ਪੁੱਤ ਦੀ ਅਮਰੀਕਾ 'ਚ ਹੋਈ ਮੌਤ, ਪਰਿਵਾਰ ਨੇ ਲਾਏ ਕਤਲ ਦੇ ਦੋਸ਼ - Kapurthala young murder in America