ਅੰਮ੍ਰਿਤਸਰ: ਚੋਣਾਂ ਭਾਵੇਂ ਕੋਈ ਵੀ ਹੋਣ ਖੜਕਾ-ਦੜਕਾ ਤਾਂ ਜ਼ਰੂਰ ਹੁੰਦਾ ਹੈ। ਅਜਿਹਾ ਹੀ ਮਾਹੌਲ ਪੰਚਾਇਤੀ ਚੋਣਾਂ 'ਚ ਵੇਖਣ ਨੂੰ ਮਿਲ ਰਿਹਾ। ਅੰਮ੍ਰਿਤਸਰ ਦੇ ਪਿੰਡ ਬਲੱਗਣ ਸਿੱਧੂ 'ਚ ਅਜਿਹਾ ਹੀ ਵੇਖਣ ਨੂੰ ਮਿਲਿਆ। ਇੱਥੇ ਦੋ ਧਿਰਾਂ ਆਪਸ 'ਚ ਭਿੜ ਗਈਆਂ। ਹਾਲਾਤ ਇੰਨ੍ਹੇ ਜਿਆਦਾ ਖ਼ਰਾਬ ਹੋ ਗਏ ਕਿ ਦੋਵਾਂ ਧਿਰਾਂ ਵੱਲੋਂ ਜੰਮ ਕੇ ਇੱਟਾਂ-ਰੋੜੇ ਵਰਸਾਏ ਗਏ। ਇੱਥੋਂ ਕੁੱਝ ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਵੀ ਸਾਹਮਣੇ ਆਈ ਹੈ। ਉਧਰ ਕਾਂਗਰਸ ਧੜੇ ਦੇ ਸਰਪੰਚੀ ਉਮੀਦਵਾਰ ਤਰਸੇਮ ਸਿੰਘ ਸੋਨਾ ਨੇ ਪ੍ਰਸ਼ਾਸਨ ਤੇ ਆਮ ਆਦਮੀ ਪਾਰਟੀ ਦੇ ਨਾਲ ਰਲੇ ਹੋਣ ਦੇ ਮੁਲਜ਼ਮਾਂ ਲਾਏ।
ਪਿੰਡ ਸਵਾਲ 'ਚ ਖੂਨੀ ਤਤਕਾਰ
ਉਧਰ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਸਵਾਲ ਵਿਖੇ ਪੋਲਿੰਗ ਸਟੇਸ਼ਨ ਨੰਬਰ 116 ਤੇ ਦੋ ਧਿਰਾਂ ਵਿੱਚ ਖੂਨੀ ਤਕਰਾਰ ਹੋਈ। ਇਸ ਦੌਰਾਨ ਤੇਜ਼ਧਾਰ ਹਥਿਆਰ ਵੀ ਚੱਲੇ ਅਤੇ ਦੋਵਾਂ ਧਿਰਾਂ ਦੇ ਵਿਅਕਤੀ ਜਖ਼ਮੀ ਹੋਏ। ਜਾਣਕਾਰੀ ਦਿੰਦੇ ਹੋਏ ਗੁਰਪ੍ਰੀਤ ਸਿੰਘ ਪੁੱਤਰ ਤਰਲੌਕ ਸਿੰਘ ਨਿਵਾਸੀ ਪਿੰਡ ਸਵਾਲ ਨੇ ਦੱਸਿਆ ਕਿ ਦੂਜੀ ਧਿਰ ਵੱਲੋਂ ਪੋਲਿੰਗ ਬੂਥ ਦੇ ਅੰਦਰ ਜਾਅਲੀ ਵੋਟਾਂ ਭੁਗਤਾਈਆਂ ਜਾ ਰਹੀਆਂ ਸਨ। ਜਦੋਂ ਮੈਂ ਇਸ ਦਾ ਵਿਰੋਧ ਕੀਤਾ ਤਾਂ ਦੂਸਰੀ ਧਿਰ ਵੱਲੋਂ ਸਾਡੇ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਜਿਸ ਤੋਂ ਬਾਅਦ ਮੈ ਅਤੇ ਮੇਰਾ ਸਾਥੀ ਰਣਜੀਤ ਸਿੰਘ ਜ਼ਖਮੀ ਹੋ ਗਿਆ ਹੈ।
ਉਹਨਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੁਲਜ਼ਮਾਂ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਅਤੇ ਜੋ ਵਿਅਕਤੀ ਜਾਅਲੀ ਵੋਟਿੰਗ ਕਰਵਾ ਰਹੇ ਸਨ। ਉਹਨਾਂ ਦੇ ਵਿਰੁੱਧ ਵੀ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਜਿੰਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਦਾਖਲ ਕਰਵਾਇਆ ਗਿਆ ਹੈ। ਦੂਸਰੀ ਧਿਰ ਵੱਲੋਂ ਯੋਗਰਾਜ ਸਿੰਘ ਅਤੇ ਸ਼ਿੰਗਾਰਾ ਸਿੰਘ ਨੇ ਇਹਨਾਂ ਆਰੋਪਾਂ ਨੂੰ ਝੂਠੇ ਤੇ ਬੇਬੁਨਿਆਦ ਦੱਸਿਆ। ਉਹਨਾਂ ਨੇ ਕਿਹਾ ਕਿ ਗੁਰਪ੍ਰੀਤ ਸਿੰਘ ਅਤੇ ਉਸ ਦੇ ਸਾਥੀਆਂ ਵੱਲੋਂ ਸਾਡੇ ਘਰ ਦੇ ਅੰਦਰ ਦਾਖਲ ਹੋ ਕੇ ਹਮਲਾ ਕੀਤਾ, ਜਿਸ ਦੌਰਾਨ ਅਸੀਂ ਜਖਮੀ ਹੋ ਗਏ। ਉਹਨਾਂ ਨੇ ਵੀ ਪੁਲਿਸ ਪ੍ਰਸ਼ਾਸਨ ਤੋਂ ਮੁਲਜ਼ਮਾਂ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਦੋਵੇਂ ਵਿਆਕਤੀ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਵਿਚ ਇਲਾਜ ਅਧੀਨ ਹਨ।
ਪਟਿਆਲਾ 'ਚ ਗੋਲੀਬਾਰੀ, 2 ਲੋਕ ਜ਼ਖਮੀ
ਪਟਿਆਲਾ ਦੇ ਸਨੌਰ ਨੇੜੇ ਪਿੰਡ ਖੁੱਡਾ ਵਿੱਚ ਗੋਲੀਬਾਰੀ ਦੇ ਨਾਲ-ਨਾਲ ਪਥਰਾਅ ਵੀ ਹੋਇਆ। ਇਸ ਘਟਨਾ 'ਚ 2 ਲੋਕ ਜ਼ਖਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਪਿੰਡ 'ਚ ਸ਼ਾਂਤੀਪੂਰਵਕ ਵੋਟਿੰਗ ਚੱਲ ਰਹੀ ਹੈ। ਇਸੇ ਦੌਰਾਨ ਪਿੰਡ ਦੇ ਪੋਲਿੰਗ ਬੂਥ ’ਤੇ ਕੁਝ ਬਾਹਰੀ ਵਿਅਕਤੀ ਵੀ ਪਹੁੰਚ ਗਏ। ਜਿੱਥੇ ਪੋਲਿੰਗ ਏਜੰਟ ਨਾਲ ਉਸ ਦੀ ਝੜਪ ਹੋ ਗਈ। ਇਸ ਤੋਂ ਬਾਅਦ ਸਥਾਨਕ ਲੋਕਾਂ ਵੱਲੋਂ ਪੱਥਰਬਾਜ਼ੀ ਕੀਤੀ ਗਈ। ਜਿਸ ਤੋਂ ਬਾਅਦ ਬਾਹਰੋਂ ਆ ਰਹੇ ਲੋਕਾਂ ਨੇ ਗੋਲੀਆਂ ਚਲਾ ਦਿੱਤੀਆਂ। ਦੱਸਿਆ ਜਾ ਰਿਹਾ ਹੈ ਕਿ 8 ਰਾਊਂਡ ਫਾਇਰ ਕੀਤੇ ਗਏ। ਗੋਲੀ ਲੱਗਣ ਵਾਲੇ ਵਿਅਕਤੀ ਦੀ ਪਛਾਣ ਸੋਨੀ ਉਰਫ਼ ਤੇਜਾ ਸਿੰਘ ਵਜੋਂ ਹੋਈ ਹੈ, ਜਦਕਿ ਦੂਜਾ ਵਿਅਕਤੀ ਪੱਥਰਬਾਜ਼ੀ 'ਚ ਜ਼ਖ਼ਮੀ ਹੋ ਗਿਆ। ਜ਼ਖਮੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
ਮੋਗਾ 'ਚ ਚੱਲੀਆਂ ਡਾਂਗਾ
ਮੋਗਾ ਦੇ ਪਿੰਡ ਮੰਗੇ ਵਾਲਾ ਵਿਖੇ ਦੋ ਧਿਰਾਂ ਦਰਮਿਆਨ ਝੜਪ ਹੋਈ। ਇਸ ਝੜਪ 'ਚ ਇੱਕ ਵਿਅਕਤੀ ਦੇ ਜ਼ਖਮੀ ਹੋਣ ਦੀ ਖ਼ਬਰ ਵੀ ਸਾਹਮਣੇ ਆਈ ਹੈ। ਜਦਕਿ ਜ਼ਖਮੀ ਨੂੰ ਪਿੰਡ ਡਰੋਲੀ ਦੇ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਜ਼ਖਮੀ ਵਿਅਕਤੀ ਕਾਲਾ ਸਿੰਘ ਨੇ ਦੱਸਿਆ ਕਿ ਜਦ ਉਹ ਵੋਟ ਪਾਉਣ ਲਈ ਜਾ ਰਹੇ ਸਨ ਤਾਂ ਤਿੰਨ ਵਿਅਕਤੀਆਂ ਵੱਲੋਂ ਉਹਨਾਂ ਉੱਪਰ ਹਮਲਾ ਕਰ ਦਿੱਤਾ ਉਹਨਾਂ ਕਿਹਾ ਕਿ ਹਮਲਾਵਰਾਂ ਕੋਲ ਡਾਂਗਾ ਸੀ ਜਿਸ ਨਾਲ ਉਹਨਾਂ ਨੇ ਉਸ ਤੇ ਵਾਰ ਕੀਤਾ।