ਮੋਗਾ: ਆਮ ਆਦਮੀ ਪਾਰਟੀ ਵੱਲੋਂ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਐਲਾਨੇ ਗਏ ਉਮੀਦਵਾਰ ਪੰਜਾਬ ਦੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਬੀਤੇ ਦਿਨੀਂ ਇੱਕ ਵਰਕਰ ਰੈਲੀ ਦੌਰਾਨ ਸੁਨਿਆਰਾ ਅਤੇ ਰਾਮਗੜ੍ਹੀਆ ਬਰਾਦਰੀ ਸਬੰਧੀ ਕੀਤੀ ਟਿੱਪਣੀ ਨੂੰ ਲੈ ਕੇ ਸਵਰਨਕਾਰ ਤੇ ਰਾਮਗੜ੍ਹੀਆ ਭਾਈਚਾਰੇ ਦਾ ਗੁੱਸਾ ਸੱਤਵੇਂ ਆਸਮਾਨ ਤੇ ਦੇਖਣ ਨੂੰ ਮਿਲ ਰਿਹਾ ਹੈ।
ਸਵਰਨਕਾਰ ਅਤੇ ਤਰਖਾਣ ਬਰਦਾਰੀ ਖਿਲਾਫ ਕੀਤੀ ਸੀ ਟਿੱਪਣੀ: ਦੱਸ ਦਈਏ ਕਿ ਬੀਤੇ ਦਿਨ ਆਪ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਵੱਲੋਂ ਮਾਹੀ ਰਿਜੋਰਟ ਪੱਟੀ ਵਿੱਚ ਸਵਰਨਕਾਰ ਅਤੇ ਤਰਖਾਣ ਬਰਦਾਰੀ ਖਿਲਾਫ ਟਿੱਪਣੀ ਕੀਤੀ ਗਈ ਸੀ ਅਤੇ ਰਾਮਗੜ੍ਹੀਆ ਬਰਾਦਰੀ ਤੇ ਸੁਨਿਆਰਾ ਬਰਾਦਰੀ ਦਾ ਅਪਮਾਨ ਕੀਤਾ ਗਿਆ ਸੀ। ਪੰਜਾਬ ਭਰ 'ਚ ਇਸ ਨੂੰ ਲੈ ਕੇ ਸੁਨਿਆਰਾ ਅਤੇ ਰਾਮਗੜ੍ਹੀਆ ਭਾਈਚਾਰੇ ਦੇ ਲੋਕਾਂ 'ਚ ਰੋਸ ਵੱਖ ਵੱਖ ਥਾਵਾਂ 'ਤੇ ਪ੍ਰਦਰਸ਼ਨ ਕਰਕੇ ਪੁਤਲੇ ਫੂਕੇ ਜਾ ਰਹੇ ਹਨ। ਇਸ ਤਰ੍ਹਾਂ ਹੀ ਅੱਜ ਮੋਗਾ ਦੇ ਰਾਮਗੜੀਆ ਭਾਈਚਾਰੇ ਤੇ ਸਵਰਨਕਾਰ ਭਾਈਚਾਰੇ ਵੱਲੋਂ ਮੰਤਰੀ ਲਾਲਜੀਤ ਭੁੱਲਰ ਦਾ ਪੁਤਲਾ ਫੂਕਿਆ ਗਿਆ।
ਮੰਤਰੀ ਲਾਲਜੀਤ ਭੁੱਲਰ ਦੀ ਧੌਣ ਚ ਕਿੱਲਾ: ਇਸ ਮੌਕੇ ਸਵਰਨਕਾਰ ਭਾਈਚਾਰੇ ਦੇ ਪ੍ਰਧਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਅੱਜ ਆਮ ਆਦਮੀ ਪਾਰਟੀ ਦੇ ਟਰਾਂਸਪੋਰਟ ਮੰਤਰੀ ਅਤੇ ਖਡੂਰ ਸਾਹਿਬ ਦੇ ਲੋਕ ਸਭਾ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਇੱਕ ਹੰਕਾਰੀ ਮੰਤਰੀ ਹੈ, ਜਿਸ ਦੀ ਧੋਣ ਵਿੱਚ ਜੱਟਵਾਦ ਦਾ ਕਿੱਲਾ ਫਸਿਆ ਹੋਇਆ ਹੈ। ਮੰਤਰੀ ਲਾਲਜੀਤ ਭੁੱਲਰ ਨੇ ਬੀਤੇ ਦਿਨੀ ਇੱਕ ਰੈਲੀ ਦੇ ਵਿੱਚ ਸੰਬੋਧਨ ਕਰਦੇ ਹੋਏ ਸਵਰਨਕਾਰ ਭਾਈਚਾਰੇ ਤੇ ਰਾਮਗੜ੍ਹੀਆ ਭਾਈਚਾਰੇ ਤੇ ਇੱਕ ਬੇਤੁਕੀ ਟਿੱਪਣੀ ਕੀਤੀ ਹੈ, ਇਸ ਲਈ ਅਸੀਂ ਮੰਤਰੀ ਲਾਲਜੀਤ ਭੁੱਲਰ ਦੀ ਧੌਣ ਵਿੱਚੋਂ ਜੱਟਵਾਦ ਦਾ ਕਿੱਲਾ ਕੱਢਣ ਲਈ ਇਕੱਠੇ ਹੋਏ ਹਾਂ।
ਸਖਤ ਤੋਂ ਸਖਤ ਕਾਰਵਾਈ ਕੀਤੀ ਮੰਗ: ਉਹਨਾਂ ਕਿਹਾ ਕਿ ਸਵਰਨਕਾਰ ਭਾਈਚਾਰੇ ਤੇ ਰਾਮਗੜ੍ਹੀਆ ਭਾਈਚਾਰੇ ਵੱਲੋਂ ਪੰਜਾਬ ਵਿੱਚ ਮੰਤਰੀ ਲਾਲਜੀਤ ਸਿੰਘ ਭੁੱਲਰ ਦਾ ਬਾਈਕਾਟ ਕੀਤਾ ਗਿਆ ਹੈ ਤੇ ਉਸਦਾ ਪੁਤਲਾ ਫੂਕਿਆ ਗਿਆ ਹੈ। ਇਸ ਮੌਕੇ ਉਹਨਾਂ ਸੀਐਮ ਭਗਵੰਤ ਮਾਨ ਨੂੰ ਅਪੀਲ ਕੀਤੀ ਹੈ ਕਿ ਮੰਤਰੀ ਲਾਲਜੀਤ ਭੁੱਲਰ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਅਤੇ ਮੰਤਰੀ ਭੁੱਲਰ ਨੂੰ ਮੰਤਰੀ ਅਹੁੱਦੇ ਤੋਂ ਬਰਖਾਸਤ ਕੀਤਾ ਜਾਵੇ, ਨਾਲ ਹੀ ਖਡੂਰ ਸਾਹਿਬ ਤੋਂ ਮੰਤਰੀ ਲਾਲਜੀਤ ਭੁੱਲਰ ਦੀ ਉਮੀਦਵਾਰ ਵੀ ਰੱਦ ਕੀਤੀ ਜਾਵੇ। ਉਹਨਾਂ ਚੇਤਾਵਨੀ ਦਿੰਦਿਆ ਕਿਹਾ ਕਿ ਜੇਕਰ ਸਾਡੀ ਮੰਗ ਪੂਰੀ ਨਹੀਂ ਕੀਤੀ ਗਈ ਤਾਂ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਨੂੰ ਇਸ ਦਾ ਖਮਿਆਜਾ ਭੁਗਤਨਾ ਪਵੇਗਾਰ। ਲੋਕ ਸਭ ਚੋਣਾਂ ਦੌਰਾਨ ਪੂਰੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦਾ ਸਖ਼ਤ ਵਿਰੋਧ ਕੀਤਾ ਜਾਵੇਗਾ।