ਬਠਿੰਡਾ: ਬਠਿੰਡਾ ਅੰਦਰ ਬਣੀ ਮਲਟੀ ਲੈਵਲ ਪਾਰਕਿੰਗ ਦੇ ਠੇਕੇਦਾਰਾਂ ਵੱਲੋਂ ਕੀਤੀ ਜਾ ਰਹੀ ਕਥਿਤ ਗੁੰਡਾਗਰਦੀ ਦੇ ਖਿਲਾਫ ਅੱਜ ਬਠਿੰਡਾ ਵਾਸੀ ਇੱਕ ਜੁੱਟ ਹੋਏ ਨਜ਼ਰ ਆਏ ਹਨ। ਬਠਿੰਡਾ ਦੇ ਵੱਖ-ਵੱਖ ਬਾਜ਼ਾਰਾਂ ਦੇ ਸਮੂਹ ਦੁਕਾਨਦਾਰਾਂ ਅਤੇ ਵਪਾਰੀਆਂ ਨੇ ਅੱਜ ਆਜ਼ਾਦੀ ਦਿਹਾੜੇ ਮੌਕੇ ਆਪਣੀਆਂ ਦੁਕਾਨਾਂ ਬੰਦ ਕਰਕੇ ਫਾਇਰ ਬ੍ਰਿਗੇਡ ਚੌਂਕ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ। ਰੋਸ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਪੰਜਾਬ ਸਰਕਾਰ ਨਗਰ ਨਿਗਮ ਅਤੇ ਠੇਕੇਦਾਰਾਂ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਹੈ।
ਆਮ ਲੋਕਾਂ ਅਤੇ ਦੁਕਾਨਦਾਰਾਂ ਵੱਲੋਂ ਵਿਰੋਧ : ਇੱਥੇ ਦੱਸਣਾ ਬਣਦਾ ਹੈ ਕਿ ਬਠਿੰਡਾ ਵਿਖੇ ਬਣੀ ਮਲਟੀਲੇਬਲ ਪਾਰਕਿੰਗ ਨਗਰ ਨਿਗਮ ਵੱਲੋਂ ਠੇਕੇ 'ਤੇ ਦਿੱਤਾ ਗਿਆ ਸੀ। ਜਿਸਦੇ ਠੇਕੇਦਾਰਾਂ ਵੱਲੋਂ ਬਾਜ਼ਾਰਾਂ ਵਿੱਚ ਟੋਪ ਵੈਨ ਲਗਾ ਕੇ ਗੱਡੀਆਂ ਚੁੱਕੀਆਂ ਜਾ ਰਹੀਆਂ ਸਨ। ਜਿਨਾਂ ਦਾ ਆਮ ਲੋਕਾਂ ਅਤੇ ਦੁਕਾਨਦਾਰਾਂ ਵੱਲੋਂ ਵਿਰੋਧ ਕੀਤਾ ਗਿਆ ਅਤੇ ਠੇਕੇਦਾਰ ਦੀ ਇਸ ਕਾਰਵਾਈ ਨੂੰ ਲੈ ਕੇ ਦੁਕਾਨਦਾਰਾਂ ਨੇ ਠੇਕੇਦਾਰ ਦੀ ਗੁੰਡਾਗਰਦੀ ਨਕਾਰ ਦਿੱਤਾ ਗਿਆ। ਜਿਸ ਦੇ ਚਲਦਿਆਂ ਬੀਤੇ ਦਿਨ ਸਮੂਹ ਬਾਜ਼ਾਰਾਂ ਨੇ ਇਕੱਠੇ ਹੋ ਕੇ 15 ਅਗਸਤ ਨੂੰ ਸਮੂਹ ਬਾਜ਼ਾਰ ਬੰਦ ਕਰਕੇ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ। ਉਨ੍ਹਾਂ ਨੇ ਮੰਗ ਕੀਤੀ ਕਿ ਠੇਕੇ ਨੂੰ ਖਤਮ ਕਰਕੇ ਪਹਿਲਾਂ ਦੀ ਤਰ੍ਹਾਂ ਪੁਲਿਸ ਪ੍ਰਸ਼ਾਸਨ ਹੀ ਟਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਵੇ।
ਪਰੇਸ਼ਾਨ ਹੋ ਕੇ ਆਖਿਰ ਵਪਾਰੀਆਂ ਨੂੰ ਰੋਸ ਪ੍ਰਦਰਸ਼ਨ ਦਾ ਰਾਹ ਅਪਣਾਉਣਾ ਪਿਆ: ਪ੍ਰਦਰਸ਼ਨਕਾਰੀਆਂ ਨੇ ਦੱਸਿਆ ਕਿ ਕਈ ਵਾਰ ਪ੍ਰਸ਼ਾਸਨ ਅਤੇ ਨਗਰ ਨਿਗਮ ਨੂੰ ਮੁਸ਼ਕਿਲਾਂ ਸਬੰਧੀ ਜਾਣੂ ਕਰਾਇਆ ਪਰ ਸਰਕਾਰ ਅਤੇ ਪ੍ਰਸ਼ਾਸਨ ਨੇ ਵਪਾਰੀਆਂ ਦੀ ਕੋਈ ਮੁਸ਼ਕਿਲ ਨਹੀਂ ਸੁਣੀ ਅਤੇ ਨਾ ਹੀ ਇਸ ਦਾ ਹੱਲ ਕੀਤਾ। ਜਿਸ ਕਰਕੇ ਲਗਾਤਾਰ ਵਪਾਰੀਆਂ ਦਾ ਕੰਮ ਠੱਪ ਹੋ ਰਿਹਾ ਸੀ ਅਤੇ ਇਸ ਤੋਂ ਪਰੇਸ਼ਾਨ ਹੋ ਕੇ ਆਖਿਰ ਵਪਾਰੀਆਂ ਨੂੰ ਰੋਸ ਪ੍ਰਦਰਸ਼ਨ ਦਾ ਰਾਹ ਅਪਣਾਉਣਾ ਪਿਆ।
ਪ੍ਰਸ਼ਾਸਨ ਨੇ 23 ਅਗਸਤ ਨੂੰ ਨਗਰ ਨਿਗਮ ਦੀ ਸੱਦੀ ਮੀਟਿੰਗ: ਪ੍ਰਦਰਸ਼ਨਕਾਰੀਆਂ ਨੇ ਦੱਸਿਆ ਕਿ ਪ੍ਰਸ਼ਾਸਨ ਲਗਾਤਾਰ ਉਨ੍ਹਾਂ ਨੂੰ ਧਰਨਾ ਮੁਅਤਲ ਕਰਨ ਲਈ ਮੀਟਿੰਗਾਂ ਕਰ ਰਿਹਾ ਸੀ ਅਤੇ ਹੁਣ ਪ੍ਰਸ਼ਾਸਨ ਨੇ 23 ਅਗਸਤ ਨੂੰ ਨਗਰ ਨਿਗਮ ਦੀ ਮੀਟਿੰਗ ਵੀ ਸੱਦ ਲਈ ਹੈ। ਜਿਸ ਵਿੱਚ ਉਨ੍ਹਾਂ ਨੇ ਠੇਕੇ ਨੂੰ ਰੱਦ ਕਰਨ ਦਾ ਭਰੋਸਾ ਵੀ ਦਿੱਤਾ ਹੈ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਸਰਕਾਰ ਦਾ ਵਪਾਰੀਆਂ ਵੱਲ ਕੋਈ ਧਿਆਨ ਨਹੀਂ ਹੈ।