ਬਠਿੰਡਾ: ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਵੱਲੋਂ ਕੀਤੀਆਂ ਟਿੱਪਣੀਆਂ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਦਿੱਤੇ ਅਸਤੀਫੇ ਦੀ ਖ਼ਬਰ ਤੋਂ ਬਾਅਦ ਸਿੱਖ ਪੰਥ ਵਿੱਚ ਹਲਚਲ ਮਚੀ ਹੋਈ ਹੈ। ਉਥੇ ਹੀ ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਅਸਤੀਫੇ ਦੀ ਖਬਰ ਤੋਂ ਬਾਅਦ ਵੱਖ-ਵੱਖ ਸਿਆਸੀ ਧਿਰਾਂ ਉਨ੍ਹਾਂ ਨਾਲ ਮੁਲਾਕਾਤ ਕਰਨ ਪਹੁੰਚ ਰਹੀਆਂ ਹਨ। ਇਸ ਤਹਿਤ ਤੋਂ ਐਮ ਪੀ ਅੰਮ੍ਰਿਤਪਾਲ ਸਿੰਘ ਦੇ ਪਰਿਵਾਰਿਕ ਮੈਂਬਰ ਵੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕਰਨ ਪਹੂੰਚੇ। ਇਸ ਮੌਕੇ ਅੰਮ੍ਰਿਤਪਾਲ ਸਿੰਘ ਦੇ ਚਾਚਾ ਹਰਜੀਤ ਸਿੰਘ ਸੰਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਆਪਣਾ ਸਿਆਸੀ ਭੱਵਿਖ ਖਤਮ ਹੁੰਦਾ ਵੇਖ ਕੇ ਬੌਖਲਾ ਗਏ ਹਨ।
ਅਕਾਲੀ ਦਲ ਦੀ ਕਾਰਵਾਈ 'ਤੇ ਵੀ ਸਵਾਲ ਚੁੱਕੇ
ਉਹਨਾਂ ਕਿਹਾ ਕਿ ਅਕਾਲੀ ਦਲ ਵੱਲੋਂ ਕਰਮ ਹੀ ਅਜਿਹੇ ਕੀਤੇ ਹਨ ਕਿ ਇਨ੍ਹਾਂ ਨੂੰ ਸਜ਼ਾ ਮਿਲ ਰਹੀ ਹੈ। ਇਹਨਾਂ ਵਿਚ ਹੀ ਇੱਕ ਵਿਰਸਾ ਸਿੰਘ ਵਲਟੋਹਾ ਵੀ ਸ਼ਾਮਿਲ ਹੈ ਜਿਨਾਂ ਦੀ ਸੋਚ ਹੁਣ ਦਿਨ ਬ ਦਿਨ ਸਾਹਮਣੇ ਆ ਰਹੀ ਹੈ। ਉਹਨਾਂ ਕਿਹਾ ਕਿ ਅਸੀਂ ਗਿਆਨੀ ਹਰਪ੍ਰੀਤ ਸਿੰਘ ਨੁੰ ਮਿਲੇ ਹਾਂ ਅਤੇ ਉਹਨਾਂ ਨੂੰ ਸਾਥ ਦਿੰਦੇ ਹੋਏ ਚੱੜ੍ਹਦੀ ਕਲਾ 'ਚ ਰਹਿਣ ਲਈ ਕਿਹਾ ਹੈ। ਨਾਲ ਹੀ, ਅਕਾਲੀ ਦਲ ਦੀ ਕਾਰਵਾਈ 'ਤੇ ਵੀ ਸਵਾਲ ਚੁੱਕੇ ਹਨ ਕਿ ਵਲਟੋਹਾ ਨੂੰ ਜਦ ਪਾਰਟੀ ਚੋਂ ਕੱਢਣ ਦੀ ਗੱਲ ਆਈ ਤਾਂ ਅਕਾਲੀ ਦਲ ਨੇ ਕਾਰਵਾਈ ਨਹੀਂ ਕੀਤੀ ਅਤੇ ਦੁਜੇ ਦਿਨ ਜਾ ਕੇ ਅਸਤੀਫਾ ਮਨਜ਼ੂਰ ਕੀਤਾ ਹੈ। ਇਸ ਤੋਂ ਸਾਫ ਹੁੰਦਾ ਹੈ ਕਿ ਅਕਾਲੀ ਦਲ ਵੀ ਨਾਲ ਹੀ ਰਲੀ ਹੋਈ ਹੈ ਅਤੇ ਵਲਟੋਹਾ ਉਨ੍ਹਾਂ ਦੀ ਹੀ ਬੋਲੀ ਬੋਲ ਰਿਹਾ ਹੈ। ਇਸ ਮੌਕੇ ਹਰਜੀਤ ਸਿੰਘ ਨੇ ਸਮੂਹ ਸਿੱਖ ਸੰਗਤ ਨੂੰ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਖੜ੍ਹੇ ਰਹਿਣ ਦੀ ਅਪੀਲ ਕੀਤੀ ਹੈ।
ਗਿਆਨੀ ਹਰਪ੍ਰੀਤ ਸਿੰਘ ਦਾ ਅਸਤੀਫਾ ਰੱਦ
ਜ਼ਿਕਰਯੋਗ ਹੈ ਕਿ ਅੱਜ ਸ਼੍ਰੋਮਣੀ ਕਮੇਟੀ ਵੱਲੋਂ ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਅਸਤੀਫਾ ਰੱਦ ਕਰ ਦਿੱਤਾ ਗਿਆ ਹੈ। ਗਿਆਨੀ ਹਰਪ੍ਰੀਤ ਸਿੰਘ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਇਹ ਕਹਿੰਦੇ ਹੋਏ ਅਸਤੀਫਾ ਨਾ-ਮਨਜ਼ੂਰ ਕਰ ਦਿੱਤਾ ਕਿ 'ਸਾਨੂੰ ਤੁਹਾਡੀਆਂ ਸੇਵਾਵਾਂ ਦੀ ਲੋੜ ਹੈ'।
ਅਕਾਲੀਆਂ ਦਾ ਵਿਰਸਾ ਅਜਿਹਾ ਨਹੀਂ ਹੋ ਸਕਦਾ - ਕੁਲਤਾਰ ਸਿੰਘ ਸੰਧਵਾਂ
ਜਿਥੇ ਇੱਕ ਪਾਸੇ ਸਮੂਹ ਸਿੱਖ ਸੰਗਤ ਵੱਲੋਂ ਅਤੇ ਸਿੱਖ ਆਗੂਆਂ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਨੂੰ ਸਮਰਥਨ ਦਿੱਤਾ ਜਾ ਰਿਹਾ ਹੈ। ਉਥੇ ਹੀ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਵਫਦ ਨੇ ਵੀ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਜਥੇਦਾਰ ਸਾਹਿਬ 'ਤੇ ਗਲਤ ਟਿੱਪਣੀ ਕਰਨ ਵਾਲਾ ਵਿਅਕਤੀ ਅਕਾਲੀ ਨਹੀਂ ਹੋ ਸਕਦਾ। ਉਹਨਾਂ ਕਿਹਾ ਕਿ ਜਥੇਦਾਰ ਸਾਹਬ ਅਤੇ ਉਨ੍ਹਾਂ ਦੇ ਪਰਿਵਾਰ 'ਤੇ ਕੀਤੀਆਂ ਟਿੱਪਣੀਆਂ ਨੇ ਦਿਲ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਇਸ ਮੌਕੇ ਉਨ੍ਹਾਂ ਵਿਰਸਾ ਸਿੰਘ ਵਲਟੋਹਾ ਦਾ ਨਾਂ ਲਏ ਬਿਨਾਂ ਕਿਹਾ ਕਿ ‘ਅਕਾਲੀ ਦਲ ਦਾ ਵਿਰਸਾ ਅਜਿਹਾ ਨਹੀਂ ਹੈ। ਉਥੇ ਹੀ ਸਪੀਕਰ ਸੰਧਵਾਂ ਨੇ ਕਿਹਾ ਕਿ ਜਿਹੜਾ ਵਿਅਕਤੀ ਤਖ਼ਤ ਸਾਹਿਬਾਨ ਅਤੇ ਜਥੇਦਾਰ ਸਾਹਿਬਾਨ ਦਾ ਸਤਿਕਾਰ ਨਹੀਂ ਕਰ ਸਕਦਾ, ਉਹ ਅਕਾਲੀ ਨਹੀਂ ਹੋ ਸਕਦਾ।