ਲੁਧਿਆਣਾ: ਪੰਜਾਬ ਵਿੱਚ ਪਿਛਲੇ ਦੋ ਮਹੀਨਿਆਂ ਅੰਦਰ ਮੌਨਸੂਨ ਕਮਜ਼ੋਰ ਰਹਿਣ ਤੋਂ ਬਾਅਦ ਅਗਸਤ ਮਹੀਨੇ ਵਿੱਚ ਮੌਨਸੂਨ ਨੇ ਆਪਣੀਆਂ ਪਿਛਲੀਆਂ ਘੱਟ ਪਈਆਂ ਬਾਰਿਸ਼ਾਂ ਦੀ ਪੂਰਤੀ ਵੀ ਕਰ ਲਈ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਮੌਸਮ ਵਿਭਾਗ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਨੇ ਉਮੀਦ ਜਤਾਈ ਕਿ ਪੰਜਾਬ ਵਿੱਚ ਹੁਣ ਮੀਂਹ ਦੀ ਮਾਤਰਾ ਸਬੰਧੂੀ ਪੂਰਤੀ ਹੋ ਸਕਦੀ ਹੈ ਅਤੇ ਨਾਲ ਹੀ ਕਿਸਾਨਾਂ ਲਈ ਖਾਸ ਹਿਦਾਇਤ ਵੀ ਜਾਰੀ ਕੀਤੀ ਹੈ।
ਆਉਣ ਵਾਲੇ ਦਿਨਾਂ 'ਚ ਮੀਂਹ ਦਾ ਅਲਰਟ: ਪੀਏਯੂ ਤੋਂ ਮੌਸਮ ਵਿਭਾਗ ਦੇ ਮਾਹਿਰ ਡਾ. ਕੁਲਵਿੰਦਰ ਕੌਰ ਗਿੱਲ ਨੇ ਈਟੀਵੀ ਭਾਰਤ ਦੀ ਟੀਮ ਨਾਲ ਗੱਲ ਕਰਦਿਆ ਦੱਸਿਆ ਹੈ ਕਿ ਅਗਸਤ ਮਹੀਨੇ ਦੇ ਵਿੱਚ 190 ਐਮਐਮ ਤੱਕ ਬਾਰਿਸ਼ ਹੁੰਦੀ ਹੈ, ਜਦਕਿ ਹੁਣ ਤੱਕ 140 ਐਮਐਮ ਦੇ ਕਰੀਬ ਬਾਰਿਸ਼ ਹੋ ਚੁੱਕੀ ਹੈ ਅਤੇ ਉਮੀਦ ਹੈ ਕਿ ਅਗਸਤ ਮਹੀਨੇ ਦੇ ਵਿੱਚ ਆਮ ਜਿੰਨੀ ਜਾਂ ਫਿਰ ਇਸ ਤੋਂ ਵੀ ਵੱਧ ਬਾਰਿਸ਼ ਹੋ ਸਕਦੀ ਹੈ, ਕਿਉਂਕਿ ਹਾਲੇ ਵੀ ਆਉਂਦੇ ਦਿਨਾਂ ਵਿੱਚ ਪੰਜਾਬ ਦੇ ਕੁਝ ਹਿੱਸਿਆਂ 'ਚ ਬਾਰਿਸ਼ ਪੈਣ ਦੀ ਸੰਭਾਵਨਾ ਹੈ।
ਤਾਪਮਾਨ 'ਚ ਗਿਰਾਵਟ, ਕਿਸਾਨਾਂ ਦੇ ਖਿੜੇ ਚਿਹਰੇ: ਪੀਏਯੂ ਤੋਂ ਮੌਸਮ ਵਿਭਾਗ ਦੇ ਮਾਹਿਰ ਡਾ. ਕੁਲਵਿੰਦਰ ਕੌਰ ਗਿੱਲ ਨੇ ਦੱਸਿਆ ਕਿ ਲਗਾਤਾਰ ਪੈ ਰਹੇ ਮੀਹ ਦੇ ਕਰਕੇ ਜਿੱਥੇ ਕਿਸਾਨਾਂ ਨੂੰ ਫਾਇਦਾ ਹੋਇਆ ਹੈ, ਉੱਥੇ ਹੀ ਦੂਜੇ ਪਾਸੇ ਟੈਂਪਰੇਚਰ ਦੇ ਵਿੱਚ ਵੀ ਕਾਫੀ ਕਮੀ ਵੇਖਣ ਨੂੰ ਮਿਲੀ ਹੈ। ਟੈਂਪਰੇਚਰ ਸੋਮਵਾਰ ਨੂੰ ਵੱਧ ਤੋਂ ਵੱਧ 30 ਡਿਗਰੀ ਦੇ ਨੇੜੇ ਜਦਕਿ ਘੱਟ ਤੋਂ ਘੱਟ ਟੈਂਪਰੇਚਰ 24 ਡਿਗਰੀ ਦੇ ਨੇੜੇ ਰਿਹਾ ਹੈ, ਜੋ ਕਿ ਪਿਛਲੇ ਦਿਨੀ ਪੈ ਰਹੀ ਗਰਮੀ ਤੋਂ ਚਾਰ ਤੋਂ ਪੰਜ ਡਿਗਰੀ ਘੱਟ ਹੈ।
ਕਿਸਾਨਾਂ ਨੂੰ ਖਾਸ ਇਹ ਗੱਲ ਦਾ ਧਿਆਨ ਰੱਖਣ ਦੀ ਲੋੜ: ਨਾਲ ਹੀ, ਡਾਕਟਰ ਕੁਲਵਿੰਦਰ ਕੌਰ ਗਿੱਲ ਨੇ ਕਿਸਾਨਾਂ ਲਈ ਇਸ ਮੀਂਹ ਨੂੰ ਲਾਹੇਵੰਦ ਦੱਸਦੇ ਹੋਏ ਕਿਹਾ ਕਿ ਹੁਣ ਪਾਣੀ ਲਾਉਣ ਦੀ ਲੋੜ ਸੀ ਅਤੇ ਕਿਸਾਨਾਂ ਨੂੰ ਪਾਣੀ ਬਾਰਿਸ਼ ਰਾਹੀਂ ਮਿਲ ਗਿਆ ਹੈ। ਉਨ੍ਹਾਂ ਕਿਹਾ ਕਿ ਪਰ ਕਿਸਾਨ ਜਿਆਦਾ ਦੇਰ ਪਾਣੀ ਫਸਲਾਂ ਵਿੱਚ ਨਾ ਖੜਾ ਰੱਖਣ, ਕਿਉਂਕਿ ਜਿਆਦਾ ਨਮੀ ਵਧਣ ਦੇ ਨਾਲ ਫਸਲਾਂ ਨੂੰ ਬਿਮਾਰੀ ਲੱਗਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਇਸ ਕਰਕੇ ਉਹ ਆਪਣੇ ਖੇਤ ਦੇ ਵਿੱਚ ਪਾਣੀ ਦੀ ਨਿਕਾਸੀ ਜ਼ਰੂਰ ਰੱਖਣ ਅਤੇ ਜੇਕਰ ਕੋਈ ਵੀ ਬਿਮਾਰੀ ਫਸਲਾਂ ਨੂੰ ਲੱਭਦੀ ਹੈ, ਤਾਂ ਤੁਰੰਤ ਮਾਹਰ ਡਾਕਟਰਾਂ ਨਾਲ ਸਲਾਹ ਕਰਨ ਤਾਂ ਜੋ ਫਸਲ ਨੂੰ ਖਰਾਬ ਹੋਣ ਤੋਂ ਬਚਾਇਆ ਜਾ ਸਕੇ।