ਅੰਮ੍ਰਿਤਸਰ: ਆਏ ਦਿਨ ਸੜਕ ਹਾਦਿਸਆਂ ਦੀਆਂ ਖ਼ਬਰਾਂ ਸਾਡੇ ਸਾਹਮਣੇ ਆਉਂਦੀਆਂ ਹਨ। ਅਜਿਹਾ ਹੀ ਇੱਕ ਸੜਕ ਹਾਦਸਾ ਬਿਆਸ ਪੁਲ 'ਤੇ ਹੋਇਆ ਜਦੋਂ ਸਵਾਰੀਆਂ ਨਾਲ ਭਰੀ ਇੱਕ ਨਿੱਜੀ ਬੱਸ ਟਰੈਕਟਰ ਟਰਾਲੀ ਨਾਲ ਟਕਰਾ ਗਈ। ਇਸ ਹਾਦਸੇ 'ਚ ਦੋ ਲੋਕਾਂ ਦੀ ਮੌਤ ਹੋ ਗਈ, ਜਦਕਿ ਕਈ ਲੋਕ ਜ਼ਖ਼ਮੀ ਹੋ ਗਏ। ਮਾਮਲੇ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੀ ਪੁਲਿਸ ਨੇ ਹਾਦਸੇ 'ਚ ਜ਼ਖ਼ਮੀ ਹੋਏ ਲੋਕਾਂ ਨੂੰ ਹਸਪਤਾਲ ਪਹੁੰਚਾ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਬੁਰੀ ਤਰ੍ਹਾਂ ਨੁਕਸਾਨੀ ਗਈ ਬੱਸ
ਜਾਣਕਾਰੀ ਮੁਤਾਬਿਕ ਅੰਮ੍ਰਿਤਸਰ ਦੇ ਬਿਆਸ ਪੁਲ 'ਤੇ ਦੁਪਹਿਰ 12 ਵਜੇ ਇਕ ਟਰੈਕਟਰ ਟਰਾਲੀ ਅਤੇ ਬੱਸ ਦੀ ਟੱਕਰ ਹੋ ਗਈ। ਜਿਸ ਵਿਚ ਬੱਸ ਪੂਰੀ ਤਰ੍ਹਾਂ ਨੁਕਸਾਨੀ ਗਈ। ਟਰਾਲੀ ਇੱਟਾਂ ਨਾਲ ਭਰੀ ਹੋਈ ਸੀ। ਬੱਸ ਅੰਮ੍ਰਿਤਸਰ ਤੋਂ ਜਲੰਧਰ ਜਾ ਰਹੀ ਸੀ।ਟਰੈਕਟਰ ਟਰਾਲੀ ਵੀ ਅੰਮ੍ਰਿਤਸਰ ਤੋਂ ਜਲੰਧਰ ਵੱਲ ਜਾ ਰਹੀ ਸੀ। ਹਾਦਸਾ ਇੰਨਾ ਭਿਆਨਕ ਸੀ ਦੋ ਵਿਅਕਤੀਆਂ ਦੀ ਮੌਤ ਹੋ ਗਈ। ਹਾਦਸੇ ਦੀ ਸੂਚਨਾ ਮਿਲਦੇ ਹੀ ਵੱਡੀ ਗਿਣਤੀ 'ਚ ਲੋਕ ਮੌਕੇ 'ਤੇ ਇਕੱਠੇ ਹੋ ਗਏ ਅਤੇ ਬੱਸ ਤੋੜ ਕੇ ਲੋਕਾਂ ਨੂੰ ਬੱਸ 'ਚੋਂ ਬਾਹਰ ਕੱਢਿਆ ਗਿਆ।
ਮ੍ਰਿਤਕਾਂ ਦੀ ਨਹੀਂ ਹੋਈ ਪਛਾਣ
ਦੱਸ ਦੇਈਏ ਕਿ ਹਾਦਸੇ ਵਿਚ ਮਰਨ ਵਾਲੇ ਦੋ ਵਿਅਕਤੀਆਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। ਇਸ ਹਾਦਸੇ 'ਚ ਕਈ ਯਾਤਰੀ ਗੰਭੀਰ ਜ਼ਖ਼ਮੀ ਹੋ ਗਏ। ਜਿੰਨ੍ਹਾਂ ਵਿੱਚੋਂ ਅੱਧੇ ਲੋਕਾਂ ਨੂੰ ਬਿਆਸ ਹਸਪਤਾਲ ਅਤੇ ਅੱਧੇ ਨੂੰ ਬਾਬਾ ਬਕਾਲਾ ਸਾਹਿਬ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਹਾਦਸੇ ਕਾਰਨ ਪੂਰੀ ਸੜਕ ਜਾਮ ਹੋ ਗਈ ਹੈ।