ਲੁਧਿਆਣਾ: ਆਈਪੀਐਲ ਦਾ ਕਰੇਜ਼ ਕ੍ਰਿਕਟ ਪ੍ਰੇਮੀਆਂ ਦੇ ਸਿਰ ਚੜ੍ਹ ਕੇ ਬੋਲਦਾ ਹੈ। ਇਸ ਵਾਰ ਪੰਜਾਬ ਦੇ ਗੱਭਰੂ ਆਈਪੀਐਲ 'ਚ ਧੂਮਾਂ ਪਾਉਂਦੇ ਨਜ਼ਰ ਆਉਣਗੇ। ਜੇਕਰ ਗੱਲ ਨਿਹਾਲ ਵਡੇਰਾ ਦੀ ਕੀਤੀ ਜਾਵੇ ਤਾਂ ਉਹ ਇਸ ਵਾਰ ਆਈਪੀਐਲ 'ਚ ਪੰਜਾਬ ਕਿੰਗਸ ਲਈ ਬੈਟਿੰਗ ਕਰਦੇ ਹੋਏ ਨਜ਼ਰ ਆਉਣਗੇ। ਪੰਜਾਬ ਕਿੰਗਸ ਨੇ ਆਈਪੀਐਲ 2025 ਵਿੱਚ ਪੰਜਾਬ ਦੀ ਟੀਮ ਨੇ ਨਿਹਾਲ ਨੂੰ ਲਗਭਗ 4.2 ਕਰੋੜ ਰੁਪਏ 'ਚ ਖਰੀਦਿਆ ਹੈ। ਆਓ ਅੱਜ ਨਿਹਾਲ ਵਡੇਰਾ ਬਾਰੇ ਜਾਣਦੇ ਹਾਂ...
ਕਿੱਥੋਂ ਦਾ ਰਹਿਣ ਵਾਲਾ ਨਿਹਾਲ
ਨਿਹਾਲ ਵਡੇਰਾ ਦੀ ਪੰਜਾਬ ਕਿੰਗਸ 'ਚ ਚੋਣ ਹੋਣ ਕਾਰਨ ਪਰਿਵਾਰ 'ਚ ਕਾਫ਼ੀ ਖੁਸ਼ ਹੈ। ਨਿਹਾਲ ਲੁਧਿਆਣਾ ਦਾ ਰਹਿਣ ਵਾਲਾ ਹੈ। ਪਿਛਲੀ ਵਾਰ ਉਹ ਮੁੰਬਈ ਇੰਡੀਅਨ ਦੀ ਟੀਮ 'ਚ ਖੇਡਿਆ ਸੀ ਪਰ ਕਾਫੀ ਘੱਟ ਮੈਚ ਖੇਡਣ ਕਰਕੇ ਉਸ ਦੀ ਪਰਫਾਰਮੈਂਸ ਕੁਝ ਖਾਸ ਨਹੀਂ ਰਹੀ ਪਰ ਹੁਣ ਉਸ ਦੀ ਘਰ ਵਾਪਸੀ ਹੋ ਗਈ ਹੈ ਅਤੇ ਉਹ ਪੰਜਾਬ ਕਿੰਗਜ਼ ਲਈ ਆਪਣੇ ਹੋਮ ਗਰਾਊਂਡ ਤੋਂ ਖੇਡੇਗਾ।
ਕ੍ਰਿਕਟ ਦੀ ਸ਼ੁਰੂਆਤ
ਨਿਹਾਲ ਨੇ ਆਪਣੇ ਕ੍ਰਿਕਟ ਦੀ ਸ਼ੁਰੂਆਤ 9 ਸਾਲ ਦੀ ਉਮਰ 'ਚ ਕੀਤੀ। ਉਸ ਦੀ ਮਾਤਾ ਨੇ ਦੱਸਿਆ ਕਿ ਜਦੋਂ ਉਹ ਛੋਟਾ ਸੀ ਤਾਂ ਕਾਫੀ ਸ਼ਰਾਰਤੀ ਸੀ ਅਤੇ ਉਸ ਦੀ ਐਨਰਜੀ ਨੂੰ ਸਹੀ ਜਗ੍ਹਾ ਲਾਉਣ ਲਈ ਉਹਨਾਂ ਨੇ ਇਹ ਫੈਸਲਾ ਲਿਆ ਸੀ ਪਰ ਜਦੋਂ ਉਹ ਕ੍ਰਿਕਟ ਦੇ ਮੈਦਾਨ ਚੋਂ ਉਤਰਿਆ ਤਾਂ ਉਸ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ। ਉਹਨਾਂ ਕਿਹਾ ਕਿ ਪਹਿਲਾਂ ਅੰਡਰ 14 ਫਿਰ ਅੰਡਰ 17 'ਚ ਉਸ ਨੇ ਕਈ ਖਿਤਾਬ ਆਪਣੇ ਨਾਮ ਕੀਤੇ। ਇਸ ਤੋਂ ਬਾਅਦ ਫਿਰ ਅੰਡਰ 19 'ਚ ਉਸ ਨੇ ਕੌਮੀ ਪੱਧਰ 'ਤੇ ਕ੍ਰਿਕਟ ਦੇ ਵਿੱਚ ਆਪਣਾ ਨਾਮ ਨਾ ਖੱਟਿਆ ਹਾਲਾਂਕਿ ਵਿਸ਼ਵ ਕੱਪ ਅੰਡਰ 19 ਵਿੱਚ ਉਸ ਦੀ ਚੋਣ ਨਹੀਂ ਹੋਈ ਪਰ ਉਸ ਤੋਂ ਬਾਅਦ ਨਿਹਾਲ ਨੇ ਆਪਣੀ ਗੇਮ ਦੇ ਵਿੱਚ ਹੋਰ ਨਿਖਾਰ ਲਿਆਂਉਦੇ ਹੋਏ 20 ਸਾਲ ਦੀ ਉਮਰ ਵਿੱਚ ਇੱਕ ਅਜਿਹਾ ਰਿਕਾਰਡ ਬਣਾਇਆ ਜੋ ਹੁਣ ਤੱਕ ਵੱਡੇ-ਵੱਡੇ ਖਿਡਾਰੀ ਵੀ ਨਹੀਂ ਬਣਾ ਸਕੇ।
ਨਿਹਾਲ ਨੇ ਬਣਾਇਆ ਵਿਸ਼ਵ ਰਿਕਾਰਡ
ਤੁਾਹਨੂੰ ਦੱਸ ਦੇਈਏ ਕਿ ਨਿਹਾਲ ਦੇ ਨਾਂ 'ਤੇ ਕਈ ਵਿਸ਼ਵ ਰਿਕਾਰਡ ਨੇ ਪਰ ਸਟੇਟ ਪੱਧਰ 'ਤੇ ਉਹ ਉਸ ਸਮੇਂ ਚਰਚਾ 'ਚ ਆਇਆ ਜਦੋਂ ਉਸ ਨੇ 578 ਦੌੜਾਂ ਬਣਾ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਉਸ ਨੇ 66 ਸਾਲ ਪੁਰਾਣਾ ਰਿਕਾਰਡ ਤੋੜਿਆ। ਸਭ ਤੋਂ ਤੇਜ਼ 100, 200 ਅਤੇ 31 ਦੌੜਾਂ ਬਣਾਉਣ ਦਾ ਖਿਤਾਬ ਆਪਣੇ ਨਾਂ ਕੀਤਾ। ਇਸ ਤੋਂ ਬਾਅਦ ਏਸ਼ੀਆ ਏ ਇੰਡੀਅਨ ਟੀਮ ਵਿੱਚ ਵੀ ਉਸ ਦੀ ਚੋਣ ਹੋਈ। ਆਈਪੀਐਲ ਵਿੱਚ ਪਿਛਲੇ ਸਾਲ ਉਹ ਮੁੰਬਈ ਇੰਡੀਅਨ ਵੱਲੋਂ ਖੇਡਿਆ ਸੀ ਪਰ ਚੰਗੀ ਕਾਰਗੁਜ਼ਾਰੀ ਨਾ ਦਿਖਾਉਣ ਕਰਕੇ ਇਸ ਵਾਰ ਉਸ ਦੀ ਚੋਣ ਹੋਣ ਦੀ ਕੋਈ ਉਮੀਦ ਨਹੀਂ ਸੀ। ਖਾਸ ਕਰ ਜਦੋਂ ਚੇਨਈ ਸੂਪਰਕਿੰਗਜ਼ ਵਰਗੀ ਟੀਮ ਨੇ ਆਪਣੇ ਹੱਥ ਖੜ੍ਹੇ ਕਰ ਦਿੱਤੇ ਤਾਂ ਸਭ ਨਿਰਾਸ਼ ਹੋ ਗਏ ਪਰ ਜਿਵੇਂ ਹੀ ਪੰਜਾਬ ਕਿੰਗਜ਼ ਨੇ ਵਡੇਰਾ ਨੂੰ ਆਪਣੀ ਟੀਮ 'ਚ ਸ਼ਾਮਿਲ ਕੀਤਾ ਤਾਂ ਉਨ੍ਹਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ।
ਪੰਜਾਬ ਟੀਮ ਤੋਂ ਉਮੀਦ
ਹਾਲਾਂਕਿ ਆਈਪੀਐਲ ਦੇ ਕਈ ਸੀਜ਼ਨ ਬੀਤ ਜਾਣ ਦੇ ਬਾਵਜੂਦ ਪੰਜਾਬ ਕਿੰਗਜ਼ ਦੀ ਟੀਮ ਇੱਕ ਵੀ ਆਈਪੀਐਲ ਸੀਜ਼ਨ ਆਪਣੇ ਨਾਂ ਨਹੀਂ ਕਰ ਸਕੀ ਜਦਕਿ ਟੀਮ ਵਿੱਚ ਚੋਟੀ ਦੇ ਖਿਡਾਰੀ ਵੀ ਰਹਿ ਚੁੱਕੇ ਹਨ। ਇਸ ਵਾਰ ਰਿਕੀ ਪੋਂਟਿੰਗ ਦੀ ਅਗਵਾਈ ਵਿੱਚ ਪੰਜਾਬ ਟੀਮ ਤੋਂ ਨਿਹਾਲ ਦੇ ਪਰਿਵਾਰ ਤੋਂ ਇਲਾਵਾ ਪੰਜਾਬ ਦੇ ਲੋਕਾਂ ਨੂੰ ਵੀ ਖਾਸ ਉਮੀਦਾਂ ਹਨ। ਪੰਜਾਬ ਦੀ ਟੀਮ ਵਿੱਚ ਇਸ ਵਾਰ ਪੰਜ ਆਸਟ੍ਰੇਲੀਆ ਖਿਡਾਰੀ ਖੇਡ ਰਹੇ ਹਨ। ਨਿਹਾਲ ਦੇ ਮਾਤਾ ਪਿਤਾ ਨੇ ਕਿਹਾ ਕਿ ਉਮੀਦ ਹੈ ਕਿ ਇਸ ਵਾਰ ਪੰਜਾਬ ਦੀ ਟੀਮ ਆਈਪੀਐਲ ਵਿੱਚ ਚੰਗਾ ਪ੍ਰਦਰਸ਼ਨ ਕਰੇਗੀ ਕਿਉਂਕਿ ਰਿਕੀ ਪੋਂਟਿੰਗ ਦਾ ਬਤੌਰ ਕੋਚ ਪੰਜਾਬ ਦੀ ਟੀਮ ਦੀ ਅਗਵਾਈ ਕਰਨਾ ਬਹੁਤ ਵੱਡੀ ਗੱਲ ਹੈ।
ਭਾਰਤੀ ਟੀਮ 'ਚ ਐਂਟਰੀ
ਹਾਲਾਂਕਿ ਨਿਹਾਲ ਭਾਰਤ ਦੀ ਏ ਟੀਮ ਵਿੱਚ ਖੇਡ ਰਿਹਾ ਹੈ ਪਰ ਉਸ ਦੇ ਪਰਿਵਾਰ ਨੂੰ ਉਮੀਦ ਹੈ ਕਿ ਆਈਪੀਐਲ ਤੋਂ ਜਿਵੇਂ ਕਈ ਖਿਡਾਰੀ ਭਾਰਤ ਦੀ ਟੀਮ ਦੇ ਵਿੱਚ ਸ਼ਾਮਿਲ ਹੋਏ ਜਿੰਨਾਂ ਵਿੱਚ ਜਸਵਾਲ ਅਭਿਸ਼ੇਕ ਆਦਿ ਵਰਗੇ ਪਲੇਅਰ ਸ਼ਾਮਿਲ ਹਨ। ਉਸ ਦੇ ਮਾਤਾ ਪਿਤਾ ਨੇ ਦੱਸਿਆ ਕਿ ਆਈਪੀਐਲ ਇੱਕ ਬਹੁਤ ਵੱਡਾ ਪਲੇਟਫਾਰਮ ਹੈ ਅਤੇ ਜੇਕਰ ਉਹ ਚੰਗਾ ਪ੍ਰਦਰਸ਼ਨ ਕਰਦਾ ਹੈ ਤਾਂ ਨਿਹਾਲ ਦੀ ਭਾਰਤੀ ਟੀਮ ਵਿੱਚ ਸਿੱਧੀ ਐਂਟਰੀ ਹੁੰਦੀ ਹੈ ।ਉਹਨਾਂ ਕਿਹਾ ਕਿ ਹਰ ਮਾਂ ਬਾਪ ਦੀ ਇੱਛਾ ਹੁੰਦੀ ਹੈ ਕਿ ਜੇਕਰ ਉਹਨਾਂ ਦਾ ਬੱਚਾ ਇੰਟਰਨੈਸ਼ਨਲ ਪੱਧਰ 'ਤੇ ਖੇਡ ਰਿਹਾ ਹੈ ਤਾਂ ਉਹ ਭਾਰਤ ਦੀ ਟੀਮ ਲਈ ਜ਼ਰੂਰ ਖੇਡੇ।