ਲੁਧਿਆਣਾ: ਸ਼ਹਿਰ ਦੇ ਵਿੱਚ ਵੱਧਦੀ ਗਰਮੀ ਦੇ ਕਾਰਨ ਜਿੱਥੇ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਹ ਘਰੋਂ ਬਾਹਰ ਨਿਕਲਣ ਤੋਂ ਗੁਰੇਜ ਕਰ ਰਹੇ ਹਨ। ਉੱਥੇ ਦੂਜੇ ਪਾਸੇ ਲੋਕ ਸਭਾ ਚੋਣਾਂ ਦਾ ਵੀ ਅਸਰ ਬਾਜ਼ਾਰਾਂ 'ਚ ਦੇਖਣ ਨੂੰ ਮਿਲ ਰਿਹਾ ਹੈ। ਜਿਸ ਦਾ ਸਿੱਧਾ ਅਸਰ ਲੁਧਿਆਣਾ ਦੇ ਥੋਕ ਮਾਰਕੀਟ 'ਤੇ ਵੀ ਪੈ ਰਿਹਾ ਹੈ। ਹਾਲਾਤ ਇਹ ਬਣ ਗਏ ਨੇ ਕੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਵੱਧਦੀ ਗਰਮੀ ਦੇ ਕਾਰਨ ਲੋਕ ਘਰੋਂ ਬਾਹਰ ਨਹੀਂ ਨਿਕਲ ਰਹੇ। ਸਵੇਰ ਤੋਂ ਲੈ ਕੇ ਸ਼ਾਮ ਤੱਕ ਗਾਹਕ ਦੁਕਾਨਾਂ 'ਤੇ ਨਹੀਂ ਆਉਂਦਾ ਤੇ ਸਾਰੀ ਦਿਹਾੜੀ ਉਹ ਵਿਹਲੇ ਬੈਠ ਕੇ ਚੱਲੇ ਜਾਂਦੇ ਹਨ। ਦੁਕਾਨਦਾਰਾਂ ਨੇ ਕਿਹਾ ਗੁਜ਼ਾਰਾ ਕਰਨਾ ਵੀ ਮੁਸ਼ਕਿਲ ਹੋ ਚੁੱਕਿਆ ਹੈ, ਵਰਕਰਾਂ ਦੀਆਂ ਤਨਖ਼ਾਹਾਂ ਨਹੀਂ ਨਿਕਲ ਰਹੀਆਂ ਅਤੇ ਇੱਥੋਂ ਤੱਕ ਕੇ ਦੁਕਾਨਾਂ ਦੇ ਕਿਰਾਏ ਵੀ ਪੂਰੇ ਨਹੀਂ ਹੋ ਰਹੇ ਹਨ।
ਗਰਮੀ ਕਾਰਨ ਨਹੀਂ ਆ ਰਹੇ ਗਾਹਕ: ਕੱਪੜਾ ਮਾਰਕੀਟ ਦੇ ਪ੍ਰਧਾਨ ਨੇ ਦੱਸਿਆ ਕਿ ਅੱਤ ਦੀ ਗਰਮੀ ਉਪਰੋਂ ਚੋਣਾਂ ਦੀ ਉਨ੍ਹਾਂ ਦੇ ਕੰਮ ਕਾਰ 'ਤੇ ਦੋਹਰੀ ਮਾਰ ਪਈ ਹੈ। ਚੋਣਾਂ ਕਰਕੇ ਗਾਹਕ ਨਹੀਂ ਆਉਂਦਾ ਕਿਉਂਕਿ ਕੈਸ਼ ਕੈਰੀ ਕਰਨ ਵਿੱਚ ਗਾਹਕ ਨੂੰ ਮੁਸ਼ਕਿਲ ਆਉਂਦੀ ਹੈ। ਉੱਥੇ ਹੀ ਮੌਸਮ ਵਿਭਾਗ ਨੇ ਆਉਂਦੇ ਦਿਨਾਂ 'ਚ ਰੈਡ ਅਲਰਟ ਜਾਰੀ ਕੀਤਾ ਹੈ, ਅਜਿਹੇ 'ਚ ਗਰਮੀਂ ਕਰਕੇ ਨੇੜੇ ਤੇੜੇ ਦੇ ਇਲਾਕਿਆਂ ਤੋਂ ਗਾਹਕ ਨਹੀਂ ਆ ਰਹੇ। ਉਹ ਆਰਡਰ ਦੇਣ ਦੇ ਲਈ ਖੁਦ ਆ ਕੇ ਪਹਿਲਾਂ ਸੈਂਪਲ ਚੈੱਕ ਕਰਨ ਆਉਂਦੇ ਨੇ ਪਰ ਗਰਮੀਂ ਕਰਕੇ ਫੋਨ 'ਤੇ ਪੁਰਾਣੇ ਆਰਡਰ ਤਾਂ ਕੁਝ ਆ ਰਹੇ ਨੇ ਪਰ ਨਵੇਂ ਮਾਲ ਦਾ ਕੋਈ ਆਰਡਰ ਨਹੀਂ ਹੈ ਕਿਉਂਕਿ ਜਦੋਂ ਤੱਕ ਗਾਹਕ ਸੈਂਪਲ ਚੈੱਕ ਨਹੀਂ ਕਰਦਾ ਉਹ ਆਰਡਰ ਨਹੀਂ ਦਿੰਦਾ। ਅਜਿਹੇ ਚ ਮਾਲ ਤਿਆਰ ਹੈ ਤੇ ਉਨ੍ਹਾਂ ਦੀ ਪੈਮੇਂਟ ਫਸੀ ਹੋਈ ਹੈ। ਜਿਸ ਕਰਕੇ ਉਨ੍ਹਾਂ ਦੇ ਕੰਮ ਠੱਪ ਹੋਏ ਪਏ ਹਨ।
ਚੋਣਾਂ ਦਾ ਵਪਾਰ 'ਤੇ ਅਸਰ: ਕਾਰੋਬਾਰੀਆਂ ਨੇ ਕਿਹਾ ਕਿ ਚੋਣਾਂ ਕਰਕੇ ਆਦੇਸ਼ ਜਾਬਤਾ ਲੱਗੇ 1 ਮਹੀਨੇ ਤੋਂ ਉੱਪਰ ਦਾ ਸਮਾਂ ਹੋ ਗਿਆ ਹੈ। ਕੰਮ ਪਿਛਲੇ 1 ਮਹੀਨੇ ਤੋਂ ਬੰਦ ਹੈ ਕਿਉਂਕਿ ਕੈਸ਼ ਲਿਜਾਣ ਦੀ ਲਿਮਿਟ ਹੈ ਅਤੇ ਲੁਧਿਆਣਾ 'ਚ ਜਿਸ ਤਰਾਂ ਦੇ ਹਾਲਾਤ ਹਨ ਵਪਾਰੀ ਆਉਣ ਤੋਂ ਕਤਰਾਉਂਦੇ ਹਨ। ਉਨ੍ਹਾਂ ਨੇ ਕਿਹਾ ਕਿ ਜਦੋਂ ਤੱਕ 4 ਜੂਨ ਦੇ ਨਤੀਜੇ ਸਾਹਮਣੇ ਨਹੀਂ ਆਉਂਦੇ, ਬਜ਼ਾਰ 'ਚ ਮੰਦੀ ਛਾਈ ਰਹੇਗੀ ਕਿਉਂਕਿ ਸਿਰਫ ਹੌਜ਼ਰੀ ਹੀ ਨਹੀਂ ਬਾਕੀ ਵਾਪਰ ਵੀ ਮੰਦੀ ਦੇ ਦੌਰ ਵਿਚੋਂ ਲੰਘ ਰਿਹਾ ਹੈ। ਉਨ੍ਹਾਂ ਕਿਹਾ ਕਿ ਹਰ ਤਰ੍ਹਾਂ ਦਾ ਕੰਮ ਠੱਪ ਹੈ, ਜਿਸ ਕਰਕੇ ਇਹ 1 ਮਹੀਨਾ ਉਨ੍ਹਾਂ ਸਾਰਿਆਂ ਨੂੰ ਨੁਕਸਾਨ ਝਲਣਾ ਪਿਆ ਹੈ।