ਲੁਧਿਆਣਾ : ਲੁਧਿਆਣਾ ਕ੍ਰਾਈਮ ਬ੍ਰਾਂਚ ਪੁਲਿਸ ਨੇ ਗੈਂਗਸਟਰ ਨਿਊਟਨ ਨਾਲ ਸਬੰਧਿਤ 3 ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਜਿਨ੍ਹਾਂ ਵੱਲੋਂ ਬੀਤੇ ਦਿਨੀਂ ਲੁਧਿਆਣਾ ਦੇ ਦੁਗਰੀ ਇਲਾਕੇ ਦੇ ਵਿੱਚ ਸਥਿਤ ਕਰਨੈਲ ਸਿੰਘ ਨਗਰ ਇਲਾਕੇ ਦੇ ਇੱਕ ਘਰ 'ਤੇ ਫਾਇਰਿੰਗ ਕੀਤੀ ਸੀ। ਪੁਲਿਸ ਨੇ ਗੈਂਗਸਟਰ ਸਾਗਰ ਨਿਊਟਨ ਦੇ ਤਿੰਨ ਗੁਰਗਿਆਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਪੁਲਿਸ ਨੇ ਇਨ੍ਹਾਂ ਵੱਲੋਂ ਇੱਕ ਦੇਸੀ ਪਿਸਤੋਲ ਅਤੇ ਤੇਜ਼ਧਾਰ ਹਥਿਆਰ ਤੋਂ ਇਲਾਵਾ ਦੋ ਮੋਬਾਇਲ ਫੋਨ ਵੀ ਬਰਾਮਦ ਕੀਤੇ ਹਨ।
ਘਟਨਾ ਨੂੰ ਅੰਜਾਮ ਦੇਣ ਵਾਲੇ ਗੈਂਗਸਟਰ ਸਾਗਰ: ਜਾਣਕਾਰੀ ਮੁਤਾਬਿਕ ਇਹ ਮੁਲਜ਼ਮ ਡਕੈਤੀ ਅਤੇ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ, ਜਿਨਾਂ ਨੂੰ ਪੁਲਿਸ ਨੇ ਕਾਬੂ ਕੀਤਾ। ਦੱਸ ਦੇਦੀਏ ਕਿ ਕੁੱਲ ਚਾਰ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ ਹੈ। ਇਸ ਸਬੰਧ ਵਿੱਚ ਜਾਣਕਾਰੀ ਸਾਂਝੀ ਕਰਦੇ ਹੋਏ ਰਾਜ ਕੁਮਾਰ ਏ.ਸੀ.ਪੀ. ਕ੍ਰਾਈਮ ਬ੍ਰਾਂਚ ਨੇ ਕਿਹਾ ਕਿ ਜਿੱਥੇ ਬੀਤੇ ਦਿਨਾਂ ਦੁਗਰੀ ਇਲਾਕੇ ਵਿੱਚ ਹੋਈ ਘਟਨਾ ਮਾਮਲੇ ਦੇ ਵਿੱਚ ਉਨ੍ਹਾਂ ਨੇ ਪਹਿਲਾਂ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਸੀ ਅਤੇ ਹੁਣ ਘਟਨਾ ਨੂੰ ਅੰਜਾਮ ਦੇਣ ਵਾਲੇ ਗੈਂਗਸਟਰ ਸਾਗਰ ਨਿਊਟਨ ਦੇ ਤਿੰਨ ਗੁਰਗਿਆਂ ਨੂੰ ਕਾਬੂ ਕੀਤਾ ਹੈ। ਜਿਨ੍ਹਾਂ ਵੱਲੋਂ ਇੱਕ ਨਜਾਇਜ਼ ਪਿਸਟਲ ਅਤੇ ਤੇਜ਼ਧਾਰ ਹਥਿਆਰ ਤੋਂ ਇਲਾਵਾ ਦੋ ਮੋਬਾਇਲ ਫੋਨ ਵੀ ਬਰਾਮਦ ਕੀਤੇ ਗਏ ਹਨ।
ਲੁੱਟਾ ਖੋਹਾਂ ਦੀਆਂ ਵਾਰਦਾਤਾਂ: ਉਨ੍ਹਾਂ ਕਿਹਾ ਕਿ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਜਾਂਚ ਜਾਰੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਨ੍ਹਾਂ ਵੱਲੋਂ ਪੁੱਛ-ਗਿੱਛ ਦੌਰਾਨ ਹੋਰ ਵੀ ਕਈ ਖੁਲਾਸੇ ਹੋ ਸਕਦੇ ਹਨ। ਉਨ੍ਹਾਂ ਦੀਆਂ ਪਿਛਲੀਆਂ ਵਾਰਦਾਤਾਂ ਬਾਰੇ ਜਾਣਕਾਰੀ ਮਿਲੇਗੀ ਇਸ ਸਬੰਧੀ ਵੀ ਮੀਡੀਆ ਨੂੰ ਦੱਸਿਆ ਜਾਵੇਗਾ। ਪੁਲਿਸ ਇਸ ਨੂੰ ਵੱਡੀ ਕਾਮਯਾਬੀ ਦੇ ਰੂਪ ਵਿੱਚ ਵੇਖ ਰਹੀ ਹੈ ਕਿਉਂਕਿ ਇਹ ਲੋਕ ਇਸ ਇਲਾਕੇ ਦੇ ਵਿੱਚ ਕਾਫੀ ਦਹਿਸ਼ਤ ਫੈਲਾ ਰਹੇ ਸਨ ਅਤੇ ਲੁੱਟਾ ਖੋਹਾਂ ਦੀਆਂ ਵਾਰਦਾਤਾਂ ਨੂੰ ਵੀ ਲਗਾਤਾਰ ਅੰਜਾਮ ਦੇ ਰਹੇ ਸਨ।