ਬਠਿੰਡਾ: ਸਮਾਜ ਵਿਰੋਧੀ ਅਨਸਰਾਂ ਦੇ ਹੌਂਸਲੇ ਇਸ ਕਦਰ ਬੁਲੰਦ ਹਨ ਕਿ ਉਨ੍ਹਾਂ ਵੱਲੋਂ ਹੁਣ ਬੱਸਾਂ ਨੂੰ ਵੀ ਨਿਸ਼ਾਨਾ ਬਣਾਇਆ ਜਾਣ ਲੱਗਾ ਹੈ। ਬੀਤੀ ਦੇਰ ਰਾਤ ਅੰਮ੍ਰਿਤਸਰ ਤੋਂ ਬਠਿੰਡਾ ਆ ਰਹੀ ਪੀਆਰਟੀਸੀ ਦੇ ਬੱਸ ਕੰਡਕਟਰ ਨਾਲ ਚਾਰ ਨੌਜਵਾਨਾਂ ਵੱਲੋਂ ਲੁੱਟ ਖੋਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀਆਰਟੀਸੀ ਦੇ ਕੰਡਕਟਰ ਦਾ ਕਹਿਣਾ ਹੈ ਕਿ ਉਹ ਅੰਮ੍ਰਿਤਸਰ ਤੋਂ 7:50 ਵਜੇ ਬਠਿੰਡਾ ਲਈ ਰਵਾਨਾ ਹੋਏ।
ਇੰਝ ਦਿੱਤਾ ਵਾਰਦਾਤ ਨੂੰ ਅੰਜਾਮ: ਅੰਮ੍ਰਿਤਸਰ ਤੋਂ 4 ਨੌਜਵਾਨ ਚੜ੍ਹੇ ਸਨ, ਜਿਨ੍ਹਾਂ ਨੇ ਬਠਿੰਡਾ ਦੀ ਟਿਕਟ ਲਈ ਸੀ। ਜਦੋਂ ਬੱਸ ਜੈਤੋ ਤੋਂ ਗੋਨਿਆਣਾ ਆ ਰਹੀ ਸੀ ਅਤੇ ਉਹ ਆਪਣੇ ਡਰਾਈਵਰ ਨਾਲ ਧੁੰਦ ਜਿਆਦਾ ਹੋਣ ਕਾਰਨ ਅੱਗੇ ਬੈਠ ਕੇ ਸਾਈਡ ਦੱਸ ਰਿਹਾ ਸੀ ਅਤੇ ਸ਼ੀਸ਼ੇ ਸਾਫ ਕਰ ਰਿਹਾ ਸੀ। ਇਸ ਦੌਰਾਨ ਬੱਸ ਵਿੱਚ ਸਵਾਰ ਚਾਰ ਨੌਜਵਾਨਾਂ ਵੱਲੋਂ ਤੇਜ਼ਧਾਰ ਹਥਿਆਰ ਮੇਰੇ ਅਤੇ ਡਰਾਈਵਰ ਦੀ ਗਰਦਨ ਉੱਤੇ ਰੱਖ ਕੇ ਲੁੱਟ ਖੋਹ ਕੀਤੀ ਗਈ ਅਤੇ ਡਰਾਈਵਰ ਨੂੰ ਬੱਸ ਰੋਕਣ ਲਈ ਕਿਹਾ ਗਿਆ। ਬੱਸ ਹੌਲੀ ਹੁੰਦੇ ਹੀ ਲੁਟੇਰੇ ਛਾਲ ਮਾਰ ਕੇ ਫ਼ਰਾਰ ਹੋ ਗਏ।
ਪੀਆਰਟੀਸੀ ਬੱਸ ਦੀ ਨਕਦੀ ਲੈ ਕੇ ਫ਼ਰਾਰ: ਕੰਡਕਟਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਸ ਘਟਨਾ ਦੀ ਸੂਚਨਾ ਥਾਣਾ ਨਹੀਆਂ ਵਾਲਾ ਵਿਖੇ ਦਿੱਤੀ ਗਈ ਹੈ। ਲੁਟੇਰੇ ਜਾਂਦੇ ਹੋਏ ਉਨ੍ਹਾਂ ਦਾ ਬੈਗ ਜਿਸ ਵਿੱਚ 8000- 9000 ਰੁਪਏ, ਟਿਕਟਾਂ ਕੱਟਣ ਵਾਲੀ ਮਸ਼ੀਨ ਅਤੇ ਉਨ੍ਹਾਂ ਦਾ ਨਿੱਜੀ ਪਰਸ ਜਿਸ ਵਿੱਚ ਕਰੀਬ 5 ਹਜ਼ਾਰ ਰੁਪਏ ਸਨ, ਲੈ ਕੇ ਫ਼ਰਾਰ ਹੋ ਗਏ। ਉਨ੍ਹਾਂ ਨੇ ਦੱਸਿਆ ਕਿ ਲੁੱਟ ਖੋਹ ਦੀ ਘਟਨਾ ਕਰੀਬ ਰਾਤ 12 ਕੁ ਵਜੇ ਦੀ ਸੀ। ਇਹ ਬੱਸ ਆਖੀਰੀ ਸੀ। ਸਵਾਰੀਆਂ ਵੀ 2-3 ਹੋਰ ਸੀ, ਜੋ ਕਿ ਰਾਤ ਦਾ ਸਮਾਂ ਕਰਕੇ ਸੌਂ ਰਹੀਆਂ ਸੀ, ਉਨ੍ਹਾਂ ਨੂੰ ਪਤਾ ਨਹੀਂ ਲੱਗਾ। ਜਸਦੇਵ ਸਿੰਘ ਨੇ ਦੱਸਿਆ ਕਿ ਸਵਾਰੀਆਂ ਦੇ ਭੇਸ ਵਿੱਚ ਲੁਟੇਰੇ ਆ ਕੇ ਬੱਸ ਵਿੱਚ ਬੈਠੇ ਸਨ, ਤਾਂ ਇਹੋ ਜਿਹਾ ਕੁਝ ਗ਼ਲਤ ਹੋਣ ਦਾ ਅੰਦਾਜਾ ਵੀ ਨਹੀਂ ਸੀ। ਜਸਦੇਵ ਤੇ ਧਰਨ ਦੇਵ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਰਾਤ ਸਮੇਂ ਚੱਲਣ ਵਾਲੀਆਂ ਪੀਆਰਟੀਸੀ ਦੀਆਂ ਬੱਸਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ ਅਤੇ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਲੋਕਾਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ।