ਬਠਿੰਡਾ: 2024 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਸਾਰੀਆਂ ਹੀ ਸਿਆਸੀ ਪਾਰਟੀਆਂ ਵੱਲੋਂ ਵੋਟਰਾਂ ਨਾਲ ਕਈ ਤਰ੍ਹਾਂ ਦੇ ਵਾਅਦੇ ਕੀਤੇ ਜਾ ਰਹੇ ਹਨ, ਉੱਥੇ ਹੀ ਵੱਖ-ਵੱਖ ਕਿੱਤਿਆਂ ਨਾਲ ਜੁੜੀਆਂ ਹੋਈਆਂ ਮਹਿਲਾਵਾਂ ਵੱਲੋਂ ਇਨ੍ਹਾਂ ਚੋਣਾਂ ਦੌਰਾਨ ਮਹਿਲਾਵਾਂ ਨੂੰ ਬਣਦਾ ਮਾਣ ਸਨਮਾਨ ਦੇਣ ਦੀ ਮੰਗ ਕੀਤੀ ਜਾ ਰਹੀ ਹੈ, ਕਿਉਂਕਿ ਸਾਰੀਆਂ ਹੀ ਸਿਆਸੀ ਪਾਰਟੀਆਂ ਵੱਲੋਂ ਆਪਣੇ ਆਪਣੇ ਢੰਗ ਨਾਲ ਔਰਤ ਵੋਟਰਾਂ ਨੂੰ ਕਈ ਤਰ੍ਹਾਂ ਦੀਆਂ ਸਹੂਲਤਾਂ ਦੇਣ ਦੇ ਦਾਅਵੇ ਕੀਤੇ ਜਾ ਰਹੇ ਹਨ, ਪਰ ਇਨ੍ਹਾਂ ਚੋਣਾਂ ਦੌਰਾਨ ਔਰਤਾਂ ਵੱਲੋਂ ਕਿਹੋ ਜਿਹੀਆਂ ਸਹੂਲਤਾਂ ਦੀ ਮੰਗ ਕੀਤੀ ਜਾ ਰਹੀ ਹੈ, ਜਾਣੋ ਮਹਿਲਾ ਵੋਟਰਾਂ ਕੋਲੋਂ।
ਬਠਿੰਡਾ ਵਿਖੇ ਕਾਰੋਬਾਰ ਕਰ ਰਹੀ ਪ੍ਰਵੀਨ ਕਾਂਸਲ ਦਾ ਕਹਿਣਾ ਹੈ ਕਿ ਚੋਣਾਂ ਦੇ ਇਸ ਦੌਰ ਵਿੱਚ ਔਰਤਾਂ ਨੂੰ ਲੈ ਕੇ ਵੱਖ ਵੱਖ ਸਿਆਸੀ ਪਾਰਟੀਆਂ ਵੱਲੋਂ ਵੱਡੇ ਵੱਡੇ ਵਾਅਦੇ ਕੀਤੇ ਜਾ ਰਹੇ ਹਨ, ਪਰ ਅੱਜ ਦੀ ਔਰਤ ਕਿਸੇ ਦੀ ਮੁਹਤਾਜ ਨਹੀਂ ਹੈ। ਪਰ, ਮਰਦ ਪ੍ਰਧਾਨ ਇਸ ਸਮਾਜ ਵਿੱਚ ਔਰਤਾਂ ਨੂੰ ਬਰਾਬਰ ਦਾ ਦਰਜਾ ਨਹੀਂ ਦਿੱਤਾ ਜਾ ਰਿਹਾ ਸਿਆਸੀ ਪਾਰਟੀਆਂ ਵੱਲੋਂ ਮੁਫ਼ਤ ਸਹੂਲਤਾਂ ਦੇ ਨਾਂ ਹੇਠ ਔਰਤਾਂ ਤੋਂ ਵੋਟਾਂ ਮੰਗੀਆਂ ਜਾ ਰਹੀਆਂ ਹਨ, ਪਰ ਉਹ ਇਨ੍ਹਾਂ ਸਿਆਸੀ ਪਾਰਟੀਆਂ ਨੂੰ ਅਪੀਲ ਕਰਦੀ ਹੈ ਕਿ ਉਨਾਂ ਨੂੰ ਮੁਫਤ ਸਹੂਲਤਾਂ ਦੇਣ ਦੀ ਬਜਾਏ ਰੁਜ਼ਗਾਰ ਦੇ ਮੌਕੇ ਦਿੱਤੇ ਜਾਣ, ਕਿਉਂਕਿ ਇੱਕ ਔਰਤ ਮਿਹਨਤ ਕਰਕੇ ਜਿੱਥੇ ਆਪਣੇ ਪਰਿਵਾਰ ਦਾ ਵਧੀਆ ਗੁਜ਼ਾਰਾ ਕਰ ਸਕਦੀ ਹੈ, ਉੱਥੇ ਹੀ ਉਹ ਸਮਾਜ ਵਿੱਚ ਬਣਦਾ ਮਾਣ ਸਨਮਾਨ ਹਾਸਲ ਕਰ ਸਕਦੀ ਹੈ। ਸਰਕਾਰਾਂ ਨੂੰ ਚਾਹੀਦਾ ਹੈ ਕਿ ਔਰਤਾਂ ਨੂੰ ਰੁਜ਼ਗਾਰ ਤੋਰਨ ਲਈ ਬਿਨਾਂ ਬਿਆਜ ਤੋਂ ਲੋਨ ਪ੍ਰਾਪਤ ਕਰਾਵੇ, ਤਾਂ ਜੋ ਔਰਤਾਂ ਆਪਣੇ ਪੈਰਾਂ ਉੱਤੇ ਖੜੀਆਂ ਹੋ ਸਕਣ।
ਪ੍ਰਾਈਵੇਟ ਟੀਚਰ ਦੇ ਤੌਰ ਉੱਤੇ ਕੰਮ ਕਰ ਰਹੀ ਪਰਮਿੰਦਰ ਕੌਰ ਦਾ ਕਹਿਣਾ ਹੈ ਕਿ ਔਰਤਾਂ ਨੂੰ ਲੈ ਕੇ ਸਾਰੀਆਂ ਹੀ ਸਿਆਸੀ ਪਾਰਟੀਆਂ ਵੱਲੋਂ ਵਾਅਦੇ ਜ਼ਰੂਰ ਕੀਤੇ ਜਾ ਰਹੇ ਹਨ, ਪਰ ਆਮ ਆਦਮੀ ਪਾਰਟੀ ਉੱਤੇ ਗਿਲਾ ਜਾਹਿਰ ਕਰਦੇ ਹੋਏ ਕਿਹਾ ਕਿ ਪੰਜਾਬ ਦੀਆਂ 13 ਦੀਆਂ 13 ਸੀਟਾਂ ਉੱਤੇ ਇਨ੍ਹਾਂ ਵੱਲੋਂ ਇੱਕ ਵੀ ਔਰਤ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਨਹੀਂ ਗਿਆ, ਪਰ ਔਰਤਾਂ ਨੂੰ ਸਹੂਲਤਾਂ ਦੇਣ ਨੂੰ ਲੈ ਕੇ ਵੱਡੇ ਵੱਡੇ ਦਾਅਵੇ ਜਰੂਰ ਕੀਤੇ ਗਏ। ਉਨ੍ਹਾਂ ਕਿਹਾ ਕਿ ਅੱਜ ਦੀ ਔਰਤ ਹੱਥੀ ਕੰਮ ਕਰਕੇ ਆਪਣਾ ਤੇ ਆਪਣੇ ਪਰਿਵਾਰ ਦਾ ਜਿੱਥੇ ਪੇਟ ਪਾਲ ਸਕਦੀ ਹੈ ਉੱਥੇ ਹੀ ਉਸ ਨੂੰ ਸਰਕਾਰ ਦੀਆਂ ਮੁਫਤ ਸਹੂਲਤਾਂ ਦੀ ਕੋਈ ਲੋੜ ਨਹੀਂ ਹੈ।
ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਔਰਤਾਂ ਨੂੰ ਮਰਦਾਂ ਦੇ ਬਰਾਬਰ ਦਾ ਬਣਦਾ ਮਾਣ ਸਨਮਾਨ ਦੇਵੇ ਅੱਜ ਦੀ ਔਰਤ ਨੂੰ ਸਿਰਫ ਮੌਕਿਆਂ ਦੀ ਉਡੀਕ ਹੈ, ਜੋ ਸਰਕਾਰਾਂ ਵੱਲੋਂ ਨਹੀਂ ਦਿੱਤੇ ਜਾ ਰਹੇ ਸਿਰਫ਼ ਮੁਫ਼ਤ ਦੇ ਨਾਮ ਉੱਤੇ ਔਰਤਾਂ ਦੇ ਵੋਟ ਬੈਂਕ ਨੂੰ ਹਾਸਿਲ ਕਰਨੀਆਂ ਚਾਹੁੰਦੀਆਂ ਹਨ। ਵੱਖ ਵੱਖ ਸਿਆਸੀ ਪਾਰਟੀਆਂ ਦੇ ਸਤਾ ਵਿੱਚ ਆਉਣ ਤੋਂ ਬਾਅਦ ਇਨ੍ਹਾਂ ਵੱਲੋਂ ਔਰਤਾਂ ਦੀ ਸਾਰ ਵੀ ਨਹੀਂ ਲਈ ਜਾਂਦੀ।
ਰਿਟਾਇਰਡ ਅਧਿਆਪਕ ਮਧੂ ਤਾਇਲ ਦਾ ਕਹਿਣਾ ਹੈ ਕਿ 2024 ਦੀਆਂ ਲੋਕ ਸਭਾ ਚੋਣਾਂ ਇੱਕ ਤਰ੍ਹਾਂ ਦਾ ਤਿਉਹਾਰ ਹਨ ਅਤੇ ਇਸ ਤਿਉਹਾਰ ਵਿੱਚ ਹਰ ਇੱਕ ਵਰਗ ਨੂੰ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ। ਔਰਤਾਂ ਦਾ ਇਸ ਤਿਉਹਾਰ ਵਿੱਚ ਵੱਡਾ ਯੋਗਦਾਨ ਰਹੇਗਾ, ਪਰ ਜਿਸ ਦੀ ਵੀ ਸਰਕਾਰ ਬਣੇ ਉਹ ਔਰਤਾਂ ਨੂੰ ਵੱਧ ਤੋਂ ਵੱਧ ਰੁਜ਼ਗਾਰ ਦੇਣ ਲਈ ਛੋਟੇ ਛੋਟੇ ਉਦਯੋਗ ਸਥਾਪਿਤ ਕਰੇ, ਤਾਂ ਜੋ ਔਰਤਾਂ ਆਤਮ ਨਿਰਭਰ ਹੋ ਸਕਣ ਅਤੇ ਘਰ ਦੇ ਕੰਮ ਕਾਜ ਤੋਂ ਬਾਅਦ ਇਨ੍ਹਾਂ ਛੋਟੇ ਛੋਟੇ ਉਦਯੋਗਾਂ ਵਿੱਚ ਕੰਮ ਕਰਕੇ ਉਹ ਆਪਣੇ ਘਰ ਦੀ ਤਰੱਕੀ ਵਿੱਚ ਅਹਿਮ ਯੋਗਦਾਨ ਪਾ ਸਕਣ।
ਘਰੇਲੂ ਔਰਤ ਸੁਮਨ ਚੋਪੜਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਹੁਣ ਪਤਾ ਲੱਗਿਆ ਹੈ ਕਿ ਉਨ੍ਹਾਂ ਦੀ ਵੋਟ ਦੀ ਕੋਈ ਕੀਮਤ ਹੈ, ਕਿਉਂਕਿ ਇਸ ਤੋਂ ਪਹਿਲਾਂ ਔਰਤਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਦੀ ਬਹੁਤੀ ਜਾਣਕਾਰੀ ਨਹੀਂ ਸੀ, ਪਰ ਸਮੇਂ ਸਮੇਂ ਦੀਆਂ ਸਿਆਸੀ ਪਾਰਟੀਆਂ ਵੱਲੋਂ ਔਰਤਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਦੇਣ ਦੇ ਨਾਮ ਉੱਤੇ ਕੀਤੇ ਜਾ ਰਹੇ ਵਾਅਦਿਆਂ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਹੈ ਕਿ ਉਨ੍ਹਾਂ ਦੀ ਵੋਟ ਕੋਈ ਵੀ ਸਰਕਾਰ ਬਣਾਉਣ ਵਿੱਚ ਅਹਿਮ ਯੋਗਦਾਨ ਅਦਾ ਕਰਦੀ ਹੈ। ਉਨ੍ਹਾਂ ਕਿਹਾ ਕਿ ਸਿਆਸੀ ਪਾਰਟੀਆਂ ਨੂੰ ਅਜਿਹੇ ਵਾਅਦੇ ਕਰਨੇ ਚਾਹੀਦੇ ਹਨ, ਜੋ ਔਰਤਾਂ ਵਿੱਚ ਆਤਮ ਵਿਸ਼ਵਾਸ ਪੈਦਾ ਕਰਨ ਉਨ੍ਹਾਂ ਨੂੰ ਮੁਫ਼ਤ ਦੀ ਕੋਈ ਸਹੂਲਤ ਨਹੀਂ ਚਾਹੀਦੀ ਹੈ, ਬਲਕਿ ਅਜਿਹੇ ਮੌਕੇ ਉਪਲਬਧ ਕਰਾਏ ਜਾਣੇ ਚਾਹੀਦੇ ਹਨ ਕਿ ਔਰਤ ਸਮਾਜ ਵਿੱਚ ਤਰੱਕੀ ਕਰ ਸਕੇ।