ਫ਼ਰੀਦਕੋਟ: ਨਜ਼ਦੀਕੀ ਪਿੰਡ ਬੀੜ ਸਿੱਖਾਂ ਵਾਲਾ ਵਿੱਚ ਸਿੱਖਾਂ ਦੀ ਸੰਧੂ ਜਾਤੀ ਦੇ ਪੂਜਨੀਕ ਬਾਬਾ ਕਾਲਾ ਮੇਹਰ ਦੇ ਅਸਥਾਨ ਉੱਤੇ ਹਰ ਸਾਲ ਮੇਲਾ ਲੱਗਦਾ ਹੈ ਜਿਸ ਨੂੰ ਮਢਾਣੇ ਦੇ ਮੇਲੇ ਦੇ ਨਾਮ ਨਾਲ ਜਾਂ ਸੰਧੂਆਂ ਦੇ ਮੇਲੇ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਜਿੱਥੇ ਸ਼ਰਾਬ ਦਾ ਪ੍ਰਸ਼ਾਦ ਚੜ੍ਹਦਾ ਹੈ। ਚੇਤ ਮਹੀਨੇ ਦੀ ਮੱਸਿਆ ਤੋਂ ਬਾਅਦ ਮਨਾਇਆ ਜਾਣ ਵਾਲਾ ਮੇਲਾ ਹਰ ਸਾਲ ਲੱਗਦਾ ਹੈ, ਜਿੱਥੇ ਲੋਕ ਖੀਰ, ਚਾਵਲ, ਮਿਠਾਈਆਂ ਤੋਂ ਇਲਾਵਾ ਸ਼ਰਾਬ ਦਾ ਪ੍ਰਸ਼ਾਦ ਲੈਕੇ ਆਉਂਦੇ ਹਨ, ਜੋ ਬਾਬਾ ਕਾਲਾ ਮਿਹਰ ਨੂੰ ਚੜਾਉਣ ਤੋਂ ਬਾਅਦ ਸ਼ਰਧਾਲੂਆਂ ਵਿੱਚ ਵੰਡਿਆ ਜਾਂਦਾ ਹੈ।
ਮੇਲੇ ਦਾ ਇਤਿਹਾਸ: ਇਸ ਮੇਲੇ ਦੇ ਇਤਿਹਾਸ ਦੀ ਗੱਲ ਕਰੀਏ ਤਾਂ ਸੰਧੂਆਂ ਦੇ ਵੱਡ ਵਡੇਰਿਆਂ ਦੇ ਬਾਬਾ ਕਾਲਾ ਮੇਹਰ, ਜੋ ਤਪੱਸਿਆ ਕਰਦੇ ਸਨ ਅਤੇ ਇੱਕ ਧਾਰਨਾ ਮੁਤਾਬਿਕ ਬਾਬਾ ਗੋਰਖ ਨਾਥ ਜਦ ਬਾਬਾ ਕਾਲਾ ਮੇਹਰ ਨੂੰ ਮਿਲੇ, ਤਾਂ ਉਨ੍ਹਾਂ ਵੱਲੋਂ ਬਾਬਾ ਕਾਲਾ ਮੇਹਰ ਨੂੰ ਆਪਣਾ ਬਾਟਾ (ਬਰਤਨ) ਦਿੱਤਾ, ਜੋ ਮੰਨਿਆ ਜਾਂਦਾ ਹੈ ਕਿ ਉਹ ਸ਼ਰਾਬ ਦਾ ਭਰਿਆ ਬਾਟਾ ਸੀ ਜਿਸ ਤੋਂ ਬਾਅਦ ਇਸ ਅਸਥਾਨ ਉੱਤੇ ਆਉਣ ਵਾਲੇ ਸ਼ਰਧਾਲੂ ਆਪਣੇ ਨਾਲ ਸ਼ਰਾਬ ਲਿਆ ਕੇ ਬਾਬਾ ਜੀ ਦੇ ਅਸਥਾਨ ਉੱਤੇ ਮੱਥਾ ਟੇਕਦੇ ਸਨ।
ਕੀ ਹੈ ਮਾਨਤਾ: ਇਸ ਥਾਂ ਦੀ ਮਾਨਤਾ ਹੈ ਕਿ ਜਦੋਂ ਕਿਸੇ ਪਰਿਵਾਰ ਵੱਲੋਂ ਪੁੱਤਰ ਦੀ ਦਾਤ ਦੀ ਮੰਗ ਕੀਤੀ ਜਾਂਦੀ ਹੈ ਯਾ ਘਰ ਚ ਕਿਸੇ ਬੱਚੇ ਦੀ ਸ਼ਾਦੀ ਲਈ ਸੁਖ ਸੁਖੀ ਜਾਂਦੀ ਹੈ ਤਾਂ ਉਹ ਸੁਖ ਪੁਰੀ ਹੋਣ ਤੇ ਪਰਿਵਾਰ ਸਮੇਤ ਢੋਲ ਢੱਮਕਿਆਂ ਨਾਲ ਬਾਬਾ ਕਾਲਾ ਮੇਹਰ ਦੇ ਮਥਾ ਟੇਕਣ ਆਉਂਦੇ ਹਨ। ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ ਇਸ ਜਗ੍ਹਾ ਉੱਤੇ ਪਹਿਲਾਂ ਸਿਰਫ ਸੰਧੂਆਂ ਦੇ ਪਰਿਵਾਰ ਹੀ ਮੱਥਾ ਟੇਕਣ ਆਉਂਦੇ ਸਨ, ਪਰ ਬਾਬਾ ਜੀ ਦੀ ਮਾਨਤਾ ਇਸ ਕਦਰ ਵਧੀ ਹੈ ਕਿ ਹੁਣ ਹਰ ਜਾਤੀ ਦੇ ਲੋਕ ਇੱਥੇ ਮਥਾ ਟੇਕ ਆਪਣੀਆਂ ਮੁਰਾਦਾ ਪੂਰੀਆਂ ਕਰਦੇ ਹਨ।
ਸ਼ਰਧਾਲੂਆਂ ਵਿੱਚ ਭਾਰੀ ਉਤਸ਼ਾਹ: ਮੁੱਖ ਸੇਵਾਦਾਰ ਪਰਮਜੀਤ ਸਿੰਘ ਨੇ ਦੱਸਿਆ ਕਿ ਕਮੇਟੀ ਵੱਲੋਂ ਲੰਗਰ ਪਾਣੀ ਦੇ ਨਾਲ ਨਾਲ ਸ਼ਰਧਾਲੂਆਂ ਦੀ ਸੁਵਿਧਾ ਦੇ ਸਾਰੇ ਇੰਤਜ਼ਾਮ ਕੀਤੇ ਜਾਂਦੇ ਹਨ ਅਤੇ ਪ੍ਰਸ਼ਾਸ਼ਨ ਵੱਲੋਂ ਵੀ ਪੁਰਾ ਸਹਿਯੋਗ ਮਿਲਦਾ ਹੈ। ਇਸ ਮੌਕੇ ਸਪੀਕਰ ਕੁਲਤਾਰ ਸੰਧਵਾ ਦੇ ਭਰਾ ਵਕੀਲ ਬੀਰਿੰਦਰ ਸਿੰਘ ਸੰਧਵਾ ਜੋ ਬਾਬਾ ਕਾਲਾ ਮੇਹਰ ਦੇ ਅਸਥਾਨ ਉੱਤੇ ਨਤਮਸਤਕ ਹੋਣ ਪੁਜੇ ਸਨ। ਉਨ੍ਹਾਂ ਨੇ ਵੀ ਸੰਗਤ ਨੂੰ ਇਸ ਮੇਲੇ ਦੇ ਵਧਾਈ ਦਿੱਤੀ। ਇਸ ਮੌਕੇ ਦਰਸ਼ਨ ਕਰਨ ਪੁਜੇ ਸ਼ਰਧਾਲੂਆਂ ਵਿੱਚ ਵੀ ਪੁਰਾ ਉਤਸਾਹ ਦੇਖਣ ਨੂੰ ਮਿਲਿਆ, ਜਿਨ੍ਹਾਂ ਵੱਲੋਂ ਜਿਥੇ ਪ੍ਰਬੰਧਾਂ ਉੱਤੇ ਸੰਤੁਸ਼ਟੀ ਜਤਾਈ ਨਾਲ ਹੀ ਇਸ ਮੇਲੇ ਦੀ ਸ਼ਲਾਘਾ ਕਰਦੇ ਕਿਹਾ ਕਿ ਇਸ ਜਗ੍ਹਾ ਉੱਤੇ ਜੋ ਵੀ ਸੱਚੇ ਦਿਲੋਂ ਮੁਰਾਦ ਮੰਗਦਾ ਹੈ, ਉਹ ਪੂਰੀ ਹੁੰਦੀ ਹੈ ਅਤੇ ਇਸ ਤਰ੍ਹਾਂ ਦੇ ਮੇਲੇ ਲੱਗਦੇ ਰਹਿਣੇ ਚਾਹੀਦੇ ਹਨ।