ਫ਼ਰੀਦਕੋਟ: ਲੈਂਡਮਾਰਗਿਜ਼ ਬੈਂਕ ਪੰਜਾਬ ਦੇ ਮੁਲਾਜਮਾਂ ਵੱਲੋਂ ਅੱਜ ਫਰੀਦਕੋਟ ਦੀ ਮਿੰਨੀ ਸਕੱਤਰੇਤ ਵਿਚ ਪੰਜਾਬ ਸਰਕਾਰ ਖਿਲਾਫ ਸੂਬਾ ਪੱਧਰੀ ਧਰਨਾਂ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਪੰਜਾਬ ਸਰਕਾਰ ਖਿਲਾਫ ਜੋਰਦਾਰ ਨਾਅਰੇਬਾਜੀ ਕਰਦਿਆਂ ਮੁਲਾਜ਼ਮਾਂ ਨੇ ਕਾਲੇ ਝੰਡੇ ਲਹਿਰਾਏ ਅਤੇ ਬਰਤਨ ਖੜਕਾਏ।
ਇਸ ਮੌਕੇ ਗੱਲਬਾਤ ਕਰਦਿਆਂ ਮੁਲਾਜਮ ਆਗੂਆ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਲੈਂਡਮਾਰਗਿਜ ਬੈਂਕ ਦੇ ਉੱਚ ਅਧਿਕਾਰੀਆ ਵੱਲੋਂ ਇਸ ਬੈਂਕ ਨੂੰ ਬੰਦ ਕਰਨ ਦੀ ਨੀਤੀ ਅਪਣਾਈ ਹੋਈ ਹੈ ਜਿਸ ਕਾਰਨ ਉਨ੍ਹਾਂ ਨੂੰ ਇਸ ਅਦਾਰੇ ਨੂੰ ਬਚਾਉਣ ਅਤੇ ਆਪਣੀਆਂ ਹੱਕੀ ਮੰਗਾਂ ਮੰਨਵਾਉਣ ਲਈ ਸੰਘਰਸ਼ ਦਾ ਰਾਸਤਾ ਅਪਣਾਉਣਾ ਪਿਆ ਹੈ।
ਬੈਂਕ ਦੇ ਕਰਮਚਾਰੀਆ ਨੂੰ ਲਾਗੂ ਨਹੀਂ ਕੀਤਾ ਗਿਆ ਕਮਿਸ਼ਨ: ਗੱਲਬਾਤ ਕਰਦਿਆਂ ਮੁਲਾਜ਼ਮ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਬਾਕੀ ਵਿਭਾਗਾਂ ਦੇ ਸਾਰੇ ਕਰਮਚਾਰੀਆਂ ਨੂੰ ਛੇਵਾਂ ਪੇ ਕਮਿਸ਼ਨ ਲਾਗੂ ਹੋ ਚੁੱਕਿਆ ਹੈ, ਪਰ ਲੈਂਡਮਾਰਗਿਜ਼ ਬੈਂਕ ਦੇ ਕਰਮਚਾਰੀਆ ਨੂੰ ਇਹ ਪੇਅ ਕਮਿਸ਼ਨ ਲਾਗੂ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਨਾਲ ਹੀ ਵਿਭਾਗ ਵੱਲੋਂ ਪਿਛਲੇ 5 ਸਾਲ ਤੋਂ ਕਿਸਾਨੀ ਕਰਜੇ ਦੇਣੇ ਬੰਦ ਕੀਤੇ ਗਏ ਹਨ ਜਿਸ ਦੇ ਸਿਰ 'ਤੇ ਇਹ ਬੈਂਕ ਚੱਲਦਾ ਸੀ। ਉਨ੍ਹਾਂ ਕਿਹਾ ਕਿ ਜਿੰਨਾਂ ਕਰਜਾ ਬੈਂਕ ਸਿਰ ਹੈ ਉਸ ਤੋਂ 5 ਗੁਣਾਂ ਜਿਆਦਾ ਬੈਂਕ ਨੇ ਕਿਸਾਨਾਂ ਤੋਂ ਬਕਾਇਆ ਲੈਣਾ ਹੈ। ਪਰ, ਫਿਰ ਵੀ ਬੈਂਕ ਨੂੰ ਬੰਦ ਕਰਨ ਦੇ ਰਾਹ 'ਤੇ ਸਰਕਾਰ ਅਤੇ ਵਿਭਾਗ ਦੇ ਉੱਚ ਅਧਿਕਾਰੀ ਤੁਰੇ ਹੋਏ ਹਨ।
ਕੀ ਕਹਿਣਾ ਪ੍ਰਦਰਸ਼ਨਕਾਰੀ ਮੁਲਾਜ਼ਮਾਂ ਦਾ: ਪ੍ਰਦਰਸ਼ਨਕਾਰੀਆਂ ਮੁਲਾਜ਼ਮ ਆਗੂਆਂ ਨੇ ਕਿਹਾ ਕਿ ਪਹਿਲਾਂ ਪੰਜਾਬ ਅੰਦਰ ਚਲਦੀਆਂ ਬਹੁਤੀਆ ਸਹਿਕਾਰੀ ਮਿੱਲਾਂ ਬੰਦ ਕੀਤੀਆ ਗਈਆਂ ਅਤੇ ਹੁਣ ਸਰਕਾਰ ਲੈਂਡਮਾਰਗਿਜ਼ ਬੈਂਕਾਂ ਨੂੰ ਵੀ ਬੰਦ ਕਰਨ ਦੇ ਰਾਹ ਉੱਤੇ ਤੁਰੀ ਹੋਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨਾਲੋਂ ਇਸ ਬੈਂਕ ਨੂੰ ਬੰਦ ਕਰਨ ਵੱਲੋਂ ਬੈਂਕ ਦੇ ੳੱਚ ਅਧਿਕਾਰੀ ਤੁਰੇ ਹੋਏ ਹਨ, ਜੋ ਖੁਦ ਰਿਟਾਇਰਮੈਂਟ ਦੇ ਨੇੜੇ ਹਨ ਅਤੇ ਬੈਂਕ ਨੂੰ ਬੰਦ ਕਰਨ ਵੱਲ ਲੈ ਕੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਘੱਟ ਵਿਆਜ ਦਰ ਉੱਤੇ ਇਹੀ ਬੈਂਕ ਕਰਜਾ ਦਿੰਦਾ ਸੀ, ਪਰ ਸਰਕਾਰਾਂ ਨੇ ਇਸ ਬੈਂਕ ਵੱਲੋਂ ਕਰਜ਼ੇ ਦੇਣੇ ਬੰਦ ਕਰ ਕੇ ਪੰਜਾਬ ਦੇ ਕਿਸਾਨਾਂ ਨੂੰ ਲਿਮਟਾ ਬੰਨਵਾਉਣ ਅਤੇ ਆਪਣੀਆਂ ਜਮੀਨਾਂ ਵੇਚਣ ਵੱਲ ਤੋਰਿਆ ਹੈ।
ਭੁੱਖ ਹੜਤਾਲ 'ਤੇ ਜਾਣ ਦੀ ਚੇਤਾਵਨੀ: ਮੁਲਾਜ਼ਮ ਆਗੂਆਂ ਨੇ ਕਿਹਾ ਕਿ 9 ਮਈ ਨੂੰ ਉਨ੍ਹਾਂ ਦੀ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਹੈ, ਜੇਕਰ ਉਸ ਮੀਟਿੰਗ ਵਿੱਚ ਉਨ੍ਹਾਂ ਦੀਆਂ ਮੰਗਾਂ ਦਾ ਕੋਈ ਹੱਲ ਨਾ ਨਿਕਲਿਆ, ਤਾਂ ਉਹ ਮੁੱਖ ਮੰਤਰੀ ਪੰਜਾਬ ਦੇ ਗ੍ਰਹਿ ਜ਼ਿਲ੍ਹੇ ਸੰਗਰੂਰ ਜਿਸ ਨੂੰ ਆਮ ਆਦਮੀ ਪਾਰਟੀ ਪੰਜਾਬ ਵਾਲੇ ਆਪਣੀ ਰਾਜਧਾਨੀ ਮੰਨਦੇ ਹਨ, ਉੱਥੇ ਲੜੀਵਾਰ ਭੁੱਖ ਹੜਤਾਲ ਸ਼ੁਰੂ ਕੀਤੀ ਜਾਵੇਗੀ ਅਤੇ ਆਮ ਆਦਮੀਂ ਪਾਰਟੀ ਦੇ ਉਮੀਦਵਾਰਾਂ ਨੂੰ ਹਰਾਉਣ ਲਈ ਹਰ ਯਤਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਫ਼ਰੀਦਕੋਟ ਤੋਂ ਅਸੀਂ ਅੱਜ ਇਹ ਸੰਕੇਤਕ ਧਰਨਾ ਇਸ ਲਈ ਦਿੱਤਾ ਹੈ ਕਿ ਇਥੋਂ ਮੁੱਖ ਮੰਤਰੀ ਦੇ ਬੇਹੱਦ ਕਰੀਬੀ ਕਰਮਜੀਤ ਅਨਮੋਲ ਚੋਣ ਲੜ ਰਹੇ ਹਨ ਅਤੇ ਇਥੋਂ ਸਾਡੀ ਅਵਾਜ ਜਲਦ ਮੁੱਖ ਮੰਤਰੀ ਤੱਕ ਪਹੁੰਚ ਸਕੇਗੀ।