ਲੁਧਿਆਣਾ: ਸੈਂਕੜੇ ਏਕੜ ਵਿੱਚ ਬਣੀ ਪੰਜਾਬ ਖੇਤੀਬਾੜੀ ਯੂਨਵਰਸਿਟੀ, ਲੁਧਿਆਣਾ ਕਿਸੇ ਸਮੇਂ ਕੁਝ ਕਮਰਿਆਂ ਦੇ ਕਾਲਜ ਤੋਂ ਸ਼ੁਰੂ ਹੋਈ ਸੀ। ਪੀਏਯੂ ਦੀ ਸ਼ੁਰੂਆਤ ਖੇਤੀਬਾੜੀ ਕਾਲਜ ਵਜੋਂ ਵੰਡ ਤੋਂ ਪਹਿਲਾਂ ਲਾਇਲਪੁਰ ਅਤੇ ਅਜੋਕੇ ਸਮੇਂ ਵਿੱਚ ਫੈਸਲਾਬਾਦ (ਪਾਕਿਸਤਾਨ) ਤੋਂ ਹੋਈ ਸੀ। ਇਸ ਯੂਨੀਵਰਸਿਟੀ ਨੂੰ 118 ਸਾਲ ਹੋ ਚੁੱਕੇ ਹਨ ਅਤੇ ਪੀਏਯੂ ਦੇਸ਼ ਦੇ ਸਭ ਤੋਂ ਪਹਿਲੇ 6 ਖੇਤੀਬਾੜੀ ਕਾਲਜਾਂ ਵਿੱਚ ਸ਼ਾਮਿਲ ਹੈ। ਇਸ ਦੀ ਸ਼ੁਰੂਆਤ 1906 ਵਿੱਚ ਪਾਕਿਸਤਾਨ ਤੋਂ ਹੋਈ ਸੀ। ਦੇਸ਼ ਦੀ ਵੰਡ ਤੋਂ ਬਾਅਦ ਇਹ ਕਾਲਜ ਅੰਮ੍ਰਿਤਸਰ ਦੇ ਖਾਲਸਾ ਕਾਲਜ ਵਿੱਚ ਚਲਾ ਗਿਆ। ਫਿਰ ਲੁਧਿਆਣਾ ਦੇ ਮਾਲਵਾ ਸਕੂਲ ਦੀ ਇਮਾਰਤ ਵਿੱਚ ਇਹ ਖੇਤੀਬਾੜੀ ਕਾਲਜ ਚੱਲਦਾ ਰਿਹਾ ਅਤੇ 1962 ਵਿੱਚ ਇਹ ਖੇਤੀਬਾੜੀ ਕਾਲਜ ਤੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਬਣੀ।
ਪੀ ਏ ਯੂ ਦਾ ਇਤਿਹਾਸ: ਦੇਸ਼ ਦੀ ਨੰਬਰ ਵਨ ਖੇਤੀਬਾੜੀ ਯੂਨੀਵਰਸਟੀ ਰਹੀ ਪੀ ਏ ਯੂ 1906 ਵਿੱਚ ਹੋਂਦ ਵਿੱਚ ਆਈ। 1906 ਦੇ ਪਹਿਲੇ ਬੈਚ ਵਿੱਚ ਮਹਿਜ਼ 16 ਵਿਦਿਆਰਥੀਆਂ ਸਨ, ਜਿਨ੍ਹਾਂ ਨੇ ਤਿੰਨ ਸਾਲ ਦੇ ਖੇਤੀਬਾੜੀ ਦੇ ਕੋਰਸ ਵਿੱਚ ਦਾਖਲਾ ਲਿਆ ਸੀ। 1917 ਵਿੱਚ ਇਹ ਕਾਲਜ ਪੰਜਾਬ ਯੂਨੀਵਰਸਿਟੀ, ਲਾਹੌਰ ਦੇ ਨਾਲ ਐਫੀਲੇਟਡ ਹੋਇਆ ਸੀ ਜਿਸ ਤੋਂ ਬਾਅਦ 1917 ਵਿੱਚ ਹੀ ਬੀਐਸਸੀ ਖੇਤੀਬਾੜੀ ਦੀ ਸ਼ੁਰੂਆਤ ਹੋਈ।
ਆਜ਼ਾਦੀ ਤੋਂ ਪਹਿਲਾਂ 1923 ਵਿੱਚ ਬੀਐਸਸੀ ਤੋਂ ਬਾਅਦ ਐਮਐਸਸੀ ਦੀ ਸ਼ੁਰੂਆਤ ਹੋਈ, ਕਾਲਜ ਨੂੰ ਪੀਐਚਡੀ ਡਿਗਰੀ ਕਰਵਾਉਣ ਲਈ ਲਗਭਗ 19 ਸਾਲ ਦੀ ਉਡੀਕ ਕਰਨੀ ਪਈ ਅਤੇ 1942 ਦੇ ਵਿੱਚ ਇਸ ਕਾਲਜ ਦੇ ਵਿੱਚ ਪੀਐਚਡੀ ਦੀ ਸ਼ੁਰੂਆਤ ਹੋਈ। 1947 ਵਿੱਚ ਜਦੋਂ ਭਾਰਤ ਅਤੇ ਪਾਕਿਸਤਾਨ ਦੀ ਵੰਡ ਹੋਈ, ਉਦੋਂ ਇਹ ਕਾਲਜ ਭਾਰਤ ਵਿੱਚ ਪੰਜਾਬ ਵਿਖੇ ਜ਼ਿਲ੍ਹਾ ਅੰਮ੍ਰਿਤਸਰ ਦੇ ਖਾਲਸਾ ਕਾਲਜ ਵਿੱਚ ਸ਼ਿਫਟ ਹੋ ਗਿਆ। ਉੱਥੇ ਕਾਫੀ ਲੰਬੇ ਸਮੇਂ ਤੱਕ ਕਲਾਸਾਂ ਚੱਲਦੀਆਂ ਰਹੀਆਂ ਜਿਸ ਤੋਂ ਬਾਅਦ ਫਿਰ ਲੁਧਿਆਣਾ ਦੇ ਮਾਲਵਾ ਸੀਨੀਅਰ ਸੈਕੰਡਰੀ ਸਰਕਾਰੀ ਸਕੂਲ (History Of PAU) ਵਿੱਚ ਇਹ ਕਾਲਜ ਸ਼ਿਫਟ ਕਰ ਦਿੱਤਾ ਗਿਆ ਅਤੇ ਉੱਥੇ ਕੁਝ ਵੀ ਕਮਰਿਆਂ ਵਿੱਚ ਇਹ ਕਾਲਜ ਚਲਾਇਆ ਜਾਂਦਾ ਸੀ।
ਕਦੋਂ ਬਣੀ ਯੂਨੀਵਰਸਿਟੀ: ਅਜੋਕੇ ਸਮੇਂ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ 1962 ਵਿੱਚ ਹੋਂਦ 'ਚ ਆਈ ਸੀ। ਤਤਕਾਲੀ ਕਾਲਜ ਦੇ ਪ੍ਰਿੰਸੀਪਲ ਡੀਐਨ ਥਾਪਰ ਦੇ ਯਤਨਾਂ ਸਦਕਾ ਅਤੇ ਕਾਲਜ ਦੀਆਂ ਪ੍ਰਾਪਤੀਆਂ ਦੇ ਕਾਰਨ ਇਸ ਨੂੰ ਯੂਨੀਵਰਸਿਟੀ ਵਿੱਚ ਤਬਦੀਲ ਕਰ ਦਿੱਤਾ ਗਿਆ ਅਤੇ ਇਸ ਯੂਨੀਵਰਸਿਟੀ ਦੇ ਪਹਿਲੇ ਡੀਨ ਡਾਕਟਰ ਗੁਰਸ਼ਾਮ ਸਿੰਘ ਬਣੇ ਸਨ।
ਜੇਕਰ ਯੂਨੀਵਰਸਿਟੀ ਦੇ ਮੁੱਖ ਕੈਂਪਸ ਦੀ ਗੱਲ ਕੀਤੀ ਜਾਵੇ, ਤਾਂ ਇਹ 1,510 ਏਕੜ ਦੇ ਵਿੱਚ ਹੈ ਅਤੇ ਜੇਕਰ ਓਵਰਆਲ ਪੂਰੇ ਰਿਸਰਚ ਸੈਂਟਰ ਦੀ ਗੱਲ ਕੀਤੀ ਜਾਵੇ, ਤਾਂ ਕੁੱਲ ਮਿਲਾ ਕੇ 4,615 ਏਕੜ ਵਿੱਚ ਇਹ ਖੇਤੀਬਾੜੀ ਯੂਨੀਵਰਸਿਟੀ ਫੈਲੀ ਹੋਈ ਹੈ। ਪੰਜਾਬ ਦੀ ਇਹ ਇਕਲੌਤੀ ਸਭ ਤੋਂ ਵੱਡੀ ਖੇਤੀਬਾੜੀ ਯੂਨੀਵਰਸਿਟੀ ਹੈ। ਇਸ ਤੋਂ ਇਲਾਵਾ ਦੇਸ਼ ਦੀਆਂ ਸਭ ਤੋਂ ਵੱਡੀਆਂ ਖੇਤੀਬਾੜੀ ਯੂਨੀਵਰਸਿਟੀਆਂ ਵਿੱਚੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਇੱਕ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀਏਯੂ ਐਗਰੀਕਲਚਰ ਕਾਲਜ ਦੇ ਡੀਨ ਡਾਕਟਰ ਚਰਨਜੀਤ ਸਿੰਘ ਔਲਖ ਨੇ ਦੱਸਿਆ ਹੈ ਕਿ ਯੂਨੀਵਰਸਿਟੀ ਦਾ ਆਪਣਾ ਮਾਣ ਮੱਤਾ ਇਤਿਹਾਸ ਹੈ। ਇਹ ਪਹਿਲਾਂ ਕਾਲਜ ਸੀ ਤੇ ਉਸ ਤੋਂ ਬਾਅਦ ਯੂਨੀਵਰਸਿਟੀ ਦੇ ਵਿੱਚ ਤਬਦੀਲ ਹੋਇਆ।
ਪੀ ਏ ਯੂ ਦੀਆਂ ਪ੍ਰਾਪਤੀਆਂ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਦੇਸ਼ ਵਿੱਚ ਹਰੀ ਕ੍ਰਾਂਤੀ ਲਿਆਉਣ ਵਿੱਚ ਅਹਿਮ ਰੋਲ ਰਿਹਾ ਹੈ। ਗੁਰੂ ਅੰਗਦ ਦੇਵ ਵੈਟਰਨਰੀ ਸਾਇੰਸ ਐਨੀਮਲੀ ਯੂਨੀਵਰਸਿਟੀ ਵੀ ਇਸ ਦਾ ਹੀ ਹਿੱਸਾ ਹੈ। ਇਸ ਨੇ ਵੀ ਚਿੱਟੀ ਕ੍ਰਾਂਤੀ ਲਿਆਉਣ ਵਿੱਚ ਅਹਿਮ ਭੂਮਿਕਾ ਅਦਾ ਕੀਤੀ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਹੁਣ ਤੱਕ ਦੋ ਵਿਸ਼ਵ ਫੂਡ ਸਨਮਾਨ ਜੇਤੂ ਡਾਕਟਰ ਗੁਰਦੇਵ ਸਿੰਘ ਖੁਸ਼ ਅਤੇ ਡਾਕਟਰ ਰਤਨ ਲਾਲ ਵਰਗੇ ਮਹਾਨ ਸਾਇੰਸਦਾਨ ਦੇ ਚੁੱਕੀ ਹੈ। ਇਸ ਤੋਂ ਇਲਾਵਾ, ਯੂਨੀਵਰਸਿਟੀ ਦੇ 7 ਵਿਦਿਆਰਥੀ ਪਦਮ ਵਿਭੂਸ਼ਣ ਸਨਮਾਨ ਹਾਸਲ ਕਰ ਚੁੱਕੇ ਹਨ ਅਤੇ 11 ਪਦਮ ਸ਼੍ਰੀ ਅਵਾਰਡ ਹਾਸਲ ਕਰ ਚੁੱਕੇ ਹਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ 1962 ਦੀ ਵੰਡ ਤੋਂ ਲੈ ਕੇ ਹੁਣ ਤੱਕ 21 ਵਾਈਸ ਚਾਂਸਲਰ ਦਿੱਤੇ ਹਨ, ਜੋ ਦੇਸ਼ ਭਰ ਦੀਆਂ ਵੱਖ ਵੱਖ ਯੂਨੀਵਰਸਿਟੀਆਂ ਵਿੱਚ ਆਪਣਾ ਯੋਗਦਾਨ ਸਿੱਖਿਆ ਦੇ ਖੇਤਰ ਦੇ ਵਿੱਚ ਦਿੰਦੇ ਰਹੇ ਹਨ।
ਪੂਰੇ ਦੇਸ਼ ਦਾ ਢਿੱਡ ਭਰਿਆ: ਹਾਲ ਹੀ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੂੰ ਅੱਵਲ ਖੇਤੀਬਾੜੀ ਯੂਨੀਵਰਸਿਟੀ ਹੋਣ ਦਾ ਮਾਣ ਵੀ ਮਹਿਸੂਸ ਹੋਇਆ ਸੀ। ਝੋਨੇ ਅਤੇ ਕਣਕ ਦੀਆਂ ਨਵੀਂ ਕਿਸਮਾਂ ਤੋਂ ਇਲਾਵਾ ਸਬਜ਼ੀਆਂ, ਫੂਡ ਪ੍ਰੋਸੈਸਿੰਗ ਦੁੱਧ ਦੇ ਖੇਤਰ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਯੋਗਦਾਨ ਬਹੁਤ ਵੱਡਾ ਰਿਹਾ ਹੈ। ਡਾਕਟਰ ਖੁਸ਼ ਨੇ ਨਾ ਸਿਰਫ਼ ਕਿਸਾਨਾਂ ਨੂੰ ਚਾਵਲ ਦੀਆਂ ਕਿਸਮਾਂ ਦਿੱਤੀਆਂ, ਸਗੋਂ ਪੂਰੇ ਦੇਸ਼ ਦਾ ਢਿੱਡ ਭਰਿਆ ਹੈ। ਇੰਨਾਂ ਹੀ ਨਹੀਂ, ਦੇਸ਼ ਦੇ ਅੰਨ ਦੀ ਪੂਰਤੀ ਵੀ ਕੀਤੀ। ਭਾਰਤ ਅੰਨ ਭੰਡਾਰਨ ਵਿੱਚ ਇੰਨਾ ਸਮਰੱਥ ਹੋ ਸਕਿਆ ਕਿ ਹੁਣ ਵਿਦੇਸ਼ਾਂ ਵਿੱਚ ਵੀ ਅੰਨ ਸਪਲਾਈ ਕਰ ਰਿਹਾ ਹੈ।
ਪਾਕਿਸਤਾਨ ਤੋਂ ਪੁਰਾਣੇ ਵਿਦਿਆਰਥੀ ਅੱਜ ਵੀ ਸੰਪਰਕ 'ਚ: ਕਾਲਜ ਦੇ ਡੀਨ ਡਾਕਟਰ ਚਰਨਜੀਤ ਸਿੰਘ ਔਲਖ ਨੇ ਕਿਹਾ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਮਾਣ ਮੱਤਾ ਇਤਿਹਾਸ ਰਿਹਾ ਹੈ ਅਤੇ ਇਸ ਯੂਨੀਵਰਸਿਟੀ ਨੇ ਮਹਾਨ ਸਾਇੰਸਦਾਨ ਦੇਸ਼ ਨੂੰ ਦਿੱਤੇ ਹਨ, ਜਿਨ੍ਹਾਂ ਨੇ ਨਾ ਸਿਰਫ ਦੇਸ਼ ਦਾ, ਸਗੋਂ ਪੂਰੇ ਵਿਸ਼ਵ ਵਿੱਚ ਆਪਣੀਆਂ ਕਾਢਾਂ ਨਾਲ ਇਸ ਯੂਨੀਵਰਸਿਟੀ ਦਾ ਨਾਮ ਵੀ ਰੋਸ਼ਨ ਕੀਤਾ ਹੈ। ਉਨ੍ਹਾਂ ਦੱਸਿਆ ਸਾਡੀ ਯੂਨੀਵਰਸਿਟੀ ਦੇ ਪੁਰਾਣੇ ਕਈ ਵਿਦਿਆਰਥੀ (Alumni) ਪਾਕਿਸਤਾਨ ਵਿੱਚ ਹਨ, ਜੋ ਕਿ ਐਲੁਮਨੀ ਉੱਤੇ ਮਿਲਦੇ ਹਨ। ਹੁਣ ਵੀ 9 ਫਰਵਰੀ ਨੂੰ ਐਲੁਮਨੀ ਮੀਟ ਵਿੱਚ ਪਾਕਿਸਤਾਨ ਤੋਂ ਇਹ ਵਿਦਿਆਰਥੀ ਭਾਰਤ ਆਉਣਗੇ ਅਤੇ ਪੁਰਾਣੀਆਂ ਯਾਦਾਂ ਤਾਜ਼ਾ ਕਰਨਗੇ।