ਹੁਸ਼ਿਆਰਪੁਰ: ਅਜ਼ਾਦੀ ਪਸੰਦ ਸਿੱਖ ਜਥੇਬੰਦੀ ਦਲ ਖਾਲਸਾ ਨੇ ਆਪਣਾ 46ਵਾਂ ਸਥਾਪਨਾ ਦਿਵਸ ਮਨਾਇਆ, ਜੋ ਕਿ ਦੋ ਪ੍ਰਮੁੱਖ ਸਿੱਖ ਖਾਲਿਸਤਾਨੀ ਆਗੂਆਂ ਭਾਈ ਹਰਦੀਪ ਸਿੰਘ ਨਿੱਝਰ, ਜਿਸ ਨੂੰ ਪਿਛਲੇ ਸਾਲ ਕੈਨੇਡਾ ਵਿੱਚ ਭਾਰਤੀ ਏਜੰਸੀਆਂ 'ਤੇ ਕਤਲ ਕਰਨ ਦੇ ਇਲਜ਼ਾਮ ਲੱਗੇ ਸੀ ਅਤੇ ਦਲ ਖਾਲਸਾ ਦੇ ਸੰਸਥਾਪਕ ਭਾਈ ਗਜਿੰਦਰ ਸਿੰਘ, ਜਿਸ ਦਾ ਲਾਹੌਰ ਵਿੱਚ ਦੇਹਾਂਤ ਹੋ ਗਿਆ ਸੀ, ਉਨ੍ਹਾਂ ਨੂੰ ਸਮਰਪਿਤ ਸੀ।
ਦਲ ਖਾਲਸਾ ਵਲੋਂ ਆਜ਼ਾਦੀ ਮਾਰਚ: ਦਲ ਖਾਲਸਾ ਨਾਲ ਜੁੜੇ ਸੈਂਕੜੇ ਨੌਜਵਾਨਾਂ ਨੇ ‘ਆਜ਼ਾਦੀ ਮਾਰਚ’ ਦੇ ਨਾਂ ਹੇਠ ਮਾਰਚ ਕੀਤਾ ਅਤੇ ਪੰਜਾਬ ਦੀ ਅਜ਼ਾਦੀ ਦੇ ਹੱਕ ਵਿੱਚ ਨਾਅਰੇਬਾਜ਼ੀ ਕੀਤੀ। ਉਨ੍ਹਾਂ ਨੇ ਸਿੱਖ ਪ੍ਰਭੂਸੱਤਾ ਦੇ ਪ੍ਰਤੀਕ ਸਿੱਖ ਪਰਚਮ ਅਤੇ ਭਾਈ ਨਿੱਝਰ ਅਤੇ ਭਾਈ ਗਜਿੰਦਰ ਸਿੰਘ ਦੀਆਂ ਤਸਵੀਰਾਂ ਚੁੱਕੀਆਂ ਹੋਈਆਂ ਸਨ। ਮਾਰਚ ਤੋਂ ਪਹਿਲਾਂ ਦਲ ਖ਼ਾਲਸਾ ਵੱਲੋਂ ਸਥਾਨਕ ਗੁਰਦੁਆਰਾ ਸਾਹਿਬ ਵਿਖੇ ਪਾਰਟੀ ਪ੍ਰਧਾਨ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ ਕਾਨਫਰੰਸ ਕੀਤੀ ਗਈ, ਜਿਸ ਵਿਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਘੱਟ ਗਿਣਤੀਆਂ ਨੂੰ ਸਵੈ-ਨਿਰਣੇ ਦੇ ਹੱਕ: ਇਸ ਕਾਨਫਰੰਸ ਵਿੱਚ ਸਵੈ-ਨਿਰਣੇ ਦੇ ਅਧਿਕਾਰ ਦੀ ਮਹੱਤਤਾ ਅਤੇ ਪੰਜਾਬ ਵਿੱਚ ਇਸ ਦੀ ਵਰਤੋਂ ਬਾਰੇ ਚਰਚਾ ਕੀਤੀ ਗਈ। ਕੰਵਰਪਾਲ ਸਿੰਘ ਨੇ ਕਿਹਾ, "ਅੰਤਰਰਾਸ਼ਟਰੀ ਕਾਨੂੰਨ ਦਾ ਆਧਾਰ ਬਣਨ ਦੇ ਬਾਵਜੂਦ, ਬਹੁਤ ਸਾਰੀਆਂ ਸੰਘਰਸ਼ਸ਼ੀਲ ਕੌਮਾਂ ਅਤੇ ਘੱਟ ਗਿਣਤੀਆਂ ਨੂੰ ਸਵੈ-ਨਿਰਣੇ ਦੇ ਹੱਕ ਤੋਂ ਇਨਕਾਰ ਕੀਤਾ ਜਾ ਰਿਹਾ ਹੈ।" ਭਾਰਤ ਵਿੱਚ, ਸਵੈ-ਨਿਰਣੇ ਦੇ ਸਮਰਥਕਾਂ ਨੂੰ ਬਦਨਾਮ ਕਰਨ ਲਈ ਸਟੇਟ ਦੁਆਰਾ ਸਵੈ-ਨਿਰਣੇ ਦੀ ਮੰਗ ਕਰ ਰਹੇ ਕਾਰਕੁਨਾਂ ਨੂੰ ਕੱਟੜਪੰਥੀ ਜਾਂ ਇੱਥੋਂ ਤੱਕ ਕਿ ਦਹਿਸ਼ਤਗਰਦ ਵਜੋਂ ਲੇਬਲ ਕੀਤਾ ਜਾਂਦਾ ਹੈ। ਉਹਨਾਂ ਅਮਰੀਕਾ, ਇੰਗਲੈਂਡ, ਕੈਨੇਡਾ, ਯੂਰਪ, ਚੀਨ ਅਤੇ ਅਸਟ੍ਰੇਲੀਆ ਵਰਗੇ ਸ਼ਕਤੀਸ਼ਾਲੀ ਮੁਲਕਾਂ ਨੂੰ ਪੰਜਾਬ ਅੰਦਰ ਪਿਛਲੇ ਪੰਜਾਹ ਸਾਲਾਂ ਤੋਂ ਚੱਲ ਰਹੀ ਆਜਾਦੀ ਦੀ ਲਹਿਰ ਨੂੰ ਮਾਨਤਾ ਦੇਣ ਦੀ ਅਪੀਲ ਕੀਤੀ।
15 ਅਗਸਤ ਦੇ ਜਸ਼ਨਾਂ ਦੇ ਬਾਈਕਾਟ ਦਾ ਸੱਦਾ: ਦਲ ਖ਼ਾਲਸਾ ਦੇ ਕਾਰਜਕਾਰੀ ਪ੍ਰਧਾਨ ਪਰਮਜੀਤ ਸਿੰਘ ਮੰਡ ਨੇ ਕਿਹਾ ਕਿ ਪਿਛਲੇ 77 ਸਾਲਾਂ ਤੋਂ ਹਾਕਮਾਂ ਵੱਲੋਂ ਸਿਆਸੀ ਹਿੱਤਾਂ ਅਤੇ ਵੋਟਾਂ ਲਈ ਧਾਰਮਿਕ ਘੱਟ ਗਿਣਤੀਆਂ, ਦੱਬੇ-ਕੁਚਲੇ ਅਤੇ ਮੂਲਵਾਸੀ ਵਰਗ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ ਅਤੇ ਉਹਨਾਂ ਨੂੰ ਜ਼ੁਲਮ ਅਤੇ ਅੱਤਿਆਚਾਰ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਉਨ੍ਹਾਂ 15 ਅਗਸਤ ਦੇ ਜਸ਼ਨਾਂ ਦੇ ਬਾਈਕਾਟ ਦਾ ਸੱਦਾ ਦਿੱਤਾ। ਉਹਨਾਂ ਕਿਹਾ ਕਿ ਸਾਊਥ ਏਸ਼ੀਆ ਵਿੱਚ ਵਿਸਫੋਟਕ ਸਥਿਤੀ ਬਣੀ ਹੋਈ ਹੈ ਅਤੇ ਇੱਥੇ ਜ਼ਰੂਰੀ ਹੈ ਕਿ ਸਵੈ ਨਿਰਣੇ ਦੇ ਅਧਿਕਾਰ ਦੀ ਵਰਤੋਂ ਕਰਕੇ ਚਿਰਾਂ ਤੋਂ ਲਮਕਦੇ ਆ ਰਹੇ ਪੰਜਾਬ ਮਸਲੇ ਦਾ ਸ਼ਾਂਤਮਈ ਅਤੇ ਰਾਜਸੀ ਢੰਗ ਨਾਲ ਨਿਪਟਾਰਾ ਕੀਤਾ ਜਾਵੇ। ਇਸ ਸਬੰਧੀ ਨੌਜਵਾਨਾਂ ਨੇ ਤਖ਼ਤੀਆਂ ਚੁੱਕੀਆਂ ਹੋਈਆਂ ਸਨ, ਜਿਨ੍ਹਾਂ ’ਤੇ ਲਿਖਿਆ ਸੀ ਕਿ ਸਵੈ-ਨਿਰਣੇ ਵਿਸ਼ਵ ਸ਼ਾਂਤੀ ਦੀ ਕੁੰਜੀ ਹੈ।
ਰੈਫਰੈਡਮ ਕਰਵਾ ਕੇ ਪੰਜਾਬ 'ਚ ਚੋਣਾਂ: ਭਾਈ ਮੰਡ ਨੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਹ ਸੰਯੁਕਤ ਰਾਸ਼ਟਰ ਦੇ ਚਾਰਟਰ ਅਨੁਸਾਰ ਪੰਜਾਬ ਦੇ ਲੋਕਾਂ ਨੂੰ ਆਪਣੇ ਸਵੈ-ਨਿਰਣੇ ਦੇ ਅਧਿਕਾਰ ਦੀ ਵਰਤੋਂ ਕਰਨ ਦੀ ਇਜਾਜ਼ਤ ਦਿਵਾਏ ਤਾਂ ਜੋ ਪੰਜਾਬ ਅੰਦਰ ਰੈਫਰੈਡਮ ਕਰਵਾ ਕੇ ਲੋਕਾਂ ਨੂੰ ਆਪਣੀ ਕਿਸਮਤ ਦਾ ਫੈਸਲਾ ਕਰਨ ਦਾ ਮੌਕਾ ਦਿੱਤਾ ਜਾਵੇ।
ਮੋਦੀ ਸਰਕਾਰ 'ਤੇ ਮਾਨ ਦਾ ਹਮਲਾ: ਇਸ ਮੌਕੇ ਸਾਬਕਾ ਸਾਂਸਦ ਸਿਮਰਨਜੀਤ ਸਿੰਘ ਮਾਨ ਨੇ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਹਿੰਦੂਤਵੀ ਹਕੂਮਤ ਦੀ ਸਖ਼ਤ ਆਲੋਚਨਾ ਕੀਤੀ। ਜਿਸ ਦੇ ਇਸ਼ਾਰੇ 'ਤੇ ਪਰਮਜੀਤ ਸਿੰਘ ਪੰਜਵੜ੍ਹ ਅਤੇ ਹਰਦੀਪ ਸਿੰਘ ਨਿੱਝਰ ਦੀ ਵਿਦੇਸ਼ਾਂ ਵਿੱਚ ਹੱਤਿਆ ਨੂੰ ਅੰਜਾਮ ਦੇਣ ਦਾ ਇਲਜ਼ਾਮ ਵੀ ਲਗਾਇਆ। ਸਾਬਕਾ ਸਾਂਸਦ ਮਾਨ ਨੇ ਕਿਹਾ ਕਿ ਦਲ ਖਾਲਸਾ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਮਿਲਕੇ ਪੰਜਾਬ ਅਤੇ ਪੰਥ ਦੇ ਹਿੱਤਾਂ ਅਤੇ ਹੱਕਾਂ ਦੀ ਰਾਖੀ ਲਈ ਸਾਂਝੇ ਤੌਰ 'ਤੇ ਸਿਆਸੀ ਸੰਘਰਸ਼ ਜਾਰੀ ਰੱਖੇਗਾ। ਇਸ ਦੇ ਨਾਲ ਹੀ ਸਿਮਰਨਜੀਤ ਮਾਨ ਨੇ ਕਿਹਾ ਕਿ 'ਹਰ ਘਰ ਤਿਰੰਗਾ' ਲਹਿਰਾਉਣ ਦੇ ਨਰਿੰਦਰ ਮੋਦੀ ਦੇ ਸੱਦੇ 'ਤੇ ਦਲ ਖਾਲਸਾ ਇਸ ਪਿੱਛੇ ਇਕ ਵਿਉਂਤੀ ਹੋਈ ਫਿਰਕੂ ਸਾਜਿਸ਼ ਦੇਖਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀਆਂ ਜਥੇਬੰਦੀਆਂ ਨੇ ਪੰਜਾਬ ਵਿੱਚ ਤਿਰੰਗਾ ਲਹਿਰਾਉਣ ਦੀ ਆੜ ਵਿੱਚ ਹਿੰਦੂਤਵੀ ਤਾਕਤਾਂ ਵੱਲੋਂ ਥੋਪੇ ਜਾ ਰਹੇ ਅਖੌਤੀ ਰਾਸ਼ਟਰਵਾਦ ਨੂੰ ਰੱਦ ਕਰਕੇ ਚੁਣੌਤੀ ਦਿੱਤੀ ਹੈ।
- ਅੱਜ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ, ਇਨ੍ਹਾਂ ਫੈਸਲਿਆਂ ਉੱਤੇ ਲਗ ਸਕਦੀ ਹੈ ਮੋਹਰ - Punjab Cabinet Meeting
- ਆਜ਼ਾਦੀ ਦਿਹਾੜੇ ਦੀਆਂ ਤਿਆਰੀਆਂ: ਡਿਪਟੀ ਕਮਿਸ਼ਨਰ ਨੇ ਕਿਹਾ - 27 ਸਕੂਲਾਂ ਦੇ ਵਿਦਿਆਰਥੀਆਂ ਲੈਣਗੇ ਹਿੱਸਾ, ਸੁਰੱਖਿਆ ਦੇ ਪੁਖਤਾ ਪ੍ਰਬੰਧ - Independence Day Preparations
- ਲੁਧਿਆਣੇ ਵਿੱਚ ਨੰਨ੍ਹੇ ਮੁੰਨੇ ਬੱਚਿਆਂ ਨੇ ਸੱਭਿਆਚਾਰਕ ਤਰੀਕੇ ਨਾਲ ਮਨਾਇਆ ਆਜ਼ਾਦੀ ਦਿਹਾੜਾ - Independence Day