ਅੰਮ੍ਰਿਤਸਰ : ਅੰਗਰੇਜ਼ ਹਕੂਮਤ ਦੇ ਵੇਲੇ ਅੰਮ੍ਰਿਤਸਰ ਵਿੱਚ ਸਥਿਤ ਲਾਰੈਂਸ ਰੋਡ ਦਾ ਨਾਮ 1972 ਦੇ ਵਿੱਚ ਬਦਲ ਕੇ ਭਾਈ ਵੀਰ ਸਿੰਘ ਮਾਰਗ ਰੱਖਿਆ ਗਿਆ ਸੀ ਜੋ ਕਿ ਹੁਣ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਲਿਖੀ ਚਿੱਠੀ ਲਿਖਣ ਕਰਕੇ ਚਰਚਾ ਵਿੱਚ ਹੈ, ਇਕਬਾਲ ਸਿੰਘ ਲਾਲਪੁਰਾ ਨੇ ਮੁੱਖ ਮੰਤਰੀ ਨੂੰ ਲਿਖੀ ਚਿੱਠੀ ਵਿੱਚ ਭਾਈ ਵੀਰ ਸਿੰਘ ਮਾਰਗ ਦਾ ਨਾਮ ਮਹਾਰਾਜਾ ਰਣਜੀਤ ਸਿੰਘ ਦੇ ਨਾਂ ਉੱਤੇ ਰੱਖਣ ਦੀ ਸਿਫਾਰਿਸ਼ ਕੀਤੀ ਹੈ, ਜਿਸ ਦਾ ਹੁਣ ਵਿਰੋਧ ਸ਼ੁਰੂ ਹੋ ਗਿਆ ਹੈ। ਸਮਾਜ ਸੇਵੀ ਪਵਨ ਸ਼ਰਮਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅਪੀਲ ਕੀਤੀ ਹੈ ਕਿ ਇਕਬਾਲ ਸਿੰਘ ਲਾਲਪੁਰਾ ਦੀ ਲਿਖੀ ਚਿੱਠੀ ਨੂੰ ਮੁੱਖ ਮੰਤਰੀ ਰੱਦ ਕਰਨ ਅਤੇ ਇਸ ਮਾਰਗ ਦਾ ਨਾਮ ਭਾਈ ਵੀਰ ਸਿੰਘ ਮਾਰਗ ਹੀ ਰਹਿਣਾ ਦੇਣ।
ਭਾਈ ਵੀਰ ਸਿੰਘ ਮਾਰਗ ਦਾ ਨਾਮ ਬਦਲਨਾ ਗਲਤ
ਸਮਾਜ ਸੇਵੀ ਪਵਨ ਸ਼ਰਮਾ ਨੇ ਕਿਹਾ ਕਿ ਲਾਰੈਂਸ ਰੋਡ ਦਾ ਨਾਮ 1972 ਦੇ ਵਿੱਚ ਬਦਲ ਕੇ ਭਾਈ ਵੀਰ ਸਿੰਘ ਦੇ ਨਾਂ ਉੱਤੇ ਰੱਖਿਆ ਗਿਆ ਸੀ, ਭਾਈ ਵੀਰ ਸਿੰਘ ਨੂੰ ਪੰਜਾਬ ਦਾ ਛੇਵਾਂ ਦਰਿਆ ਸਾਹਿਤਿਆ ਮੰਨਿਆ ਜਾਂਦਾ ਹੈ। ਪਵਨ ਸ਼ਰਮਾ ਨੇ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਸਾਡੇ ਮਹਾਨ ਯੋਧਾ ਰਹੇ ਹਨ, ਅਸੀਂ ਉਨ੍ਹਾਂ ਦਾ ਸਤਿਕਾਰ ਕਰਦੇ ਹਾਂ ਪਰ ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਉਨ੍ਹਾਂ ਦੇ ਨਾਮ 'ਤੇ ਅਨੇਕ ਸਮਾਰਕ ਹਨ ਅਤੇ ਭਾਈ ਵੀਰ ਸਿੰਘ ਮਾਰਗ ਨੂੰ ਲੈ ਕੇ ਫੇਰ ਬਦਲਨਾ ਗਲਤ ਹੈ।
ਬੁੱਤ ਦੀ ਸਾਂਭ ਸੰਭਾਲ ਕੀਤੀ ਜਾਵੇ
ਸਮਾਜ ਸੇਵੀ ਪਵਨ ਸ਼ਰਮਾ ਨੇ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਅੰਮ੍ਰਿਤਸਰ ਦੇ ਕੰਪਨੀ ਬਾਗ ਦੇ ਵਿੱਚ ਬਣਿਆ ਹੋਇਆ ਹੈ ਪਰ ਬੁੱਤ ਦੀ ਹਾਲਤ ਖਸਤਾ ਹੋਈ ਪਈ ਹੈ। ਉਨ੍ਹਾਂ ਕਿਹਾ ਕਿ ਸਭ ਤੋਂ ਪਹਿਲਾਂ ਤਾਂ ਸਰਕਾਰਾਂ ਨੂੰ ਉਸ ਬੁੱਤ ਦੀ ਸਾਂਭ ਸੰਭਾਲ ਕਰਨੀ ਚਾਹੀਦੀ ਹੈ। ਅੰਮ੍ਰਿਤਸਰ ਵਿੱਚ ਬਣੇ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਅਤੇ ਪਾਰਕ ਦੀ ਪਹਿਲਾਂ ਚੰਗੀ ਤਰ੍ਹਾਂ ਸੰਭਾਲ ਕਰਨੀ ਚਾਹੀਦੀ ਹੈ। ਪਵਨ ਸ਼ਰਮਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਅੱਗੇ ਅਪੀਲ ਕੀਤੀ ਅਤੇ ਕਿਹਾ ਕਿ ਜੋ ਚਿੱਠੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਵੱਲੋਂ ਲਿਖੀ ਗਈ ਹੈ। ਉਸ ਨੂੰ ਨਜ਼ਰਅੰਦਾਜ਼ ਕੀਤਾ ਜਾਵੇ ਅਤੇ ਭਾਈ ਵੀਰ ਸਿੰਘ ਮਾਰਗ ਦਾ ਨਾਮ ਪਹਿਲਾਂ ਦੀ ਤਰ੍ਹਾਂ ਹੀ ਰਹਿਣ ਦਿੱਤਾ ਜਾਵੇ।