ਮਾਨਸਾ: ਭਾਰਤ ਸਰਕਾਰ ਵੱਲੋਂ 2023-24 ਦੇ ਅਧੀਨ ਸਕੂਲਾਂ ਦਾ ਗ੍ਰੀਨ ਆਡਿਟ ਕਰਵਾਇਆ ਗਿਆ ਹੈ ਜਿਸ ਵਿੱਚ ਪੂਰੇ ਭਾਰਤ ਵਿਚੋਂ ਪੰਜਾਬ ਨੇ ਸਭ ਤੋਂ ਵਧੀਆ ਕਾਰਗੁਜ਼ਾਰੀ ਦਿਖਾਈ ਹੈ। ਪੰਜਾਬ ਦੇ 38 ਸਕੂਲਾਂ ਨੂੰ ਗ੍ਰੀਨ ਐਵਾਰਡ ਲਈ ਚੁਣਿਆ ਗਿਆ ਹੈ, ਜਿਨ੍ਹਾਂ ਵਿੱਚ ਮਾਨਸਾ ਜ਼ਿਲ੍ਹੇ ਦੇ ਵੀ ਚਾਰ ਸਕੂਲ ਗ੍ਰੀਨ ਐਵਾਰਡ ਲਈ ਚੁਣੇ ਗਏ ਹਨ। ਇਨ੍ਹਾਂ ਸਕੂਲਾਂ ਦੀ ਸੂਚੀ ਵਿੱਚ ਮਰਹੂਮ ਗਾਇਕ ਸਿੱਧੂ ਮੂਸੇ ਵਾਲੇ ਦੇ ਪਿੰਡ ਦਾ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ (ਮੂਸਾ) ਵੀ ਸ਼ਾਮਿਲ ਹੈ। ਸਕੂਲ ਦੇ ਅਧਿਆਪਕਾਂ ਤੇ ਹੋਰ ਪ੍ਰਬੰਧਕਾਂ ਵਲੋਂ ਇਸ ਨੂੰ ਲੈ ਕੇ ਖੁਸ਼ੀ ਦਾ ਮਾਹੌਲ ਹੈ।
ਭਾਰਤ ਸਰਕਾਰ ਵਲੋਂ ਸਨਮਾਨ: ਇਸ ਤੋਂ ਇਲਾਵਾ, ਸਰਕਾਰੀ ਹਾਈ ਸਕੂਲ ਬਹਾਦਰਪੁਰ, ਸਰਕਾਰੀ ਮਿਡਲ ਸਕੂਲ ਡੇਲੂਆਣਾ, ਸਰਕਾਰੀ ਪ੍ਰਾਇਮਰੀ ਸਕੂਲ ਬੁਰਜਹਰੀ ਵੀ ਸ਼ਾਮਿਲ ਹਨ। ਸਰਕਾਰੀ ਪ੍ਰਾਇਮਰੀ ਸਕੂਲ ਮੂਸਾ ਦੇ ਹੈਡ ਟੀਚਰ ਕੁਲਦੀਪ ਕੌਰ ਨੇ ਦੱਸਿਆ ਕਿ ਸਾਡੇ ਮੂਸੇ ਪਿੰਡ ਦਾ ਸਕੂਲ ਦਿੱਲੀ ਵਿਖੇ 30 ਜਨਵਰੀ ਨੂੰ ਸਨਮਾਨਿਤ ਹੋਣ ਜਾ ਰਿਹਾ ਹੈ। ਇਸ ਲਈ ਸਾਨੂੰ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਗ੍ਰੀਨ ਆਡਿਟ ਦੇ ਤਹਿਤ ਮੂਸਾ ਪਿੰਡ ਦੇ ਸਕੂਲ ਦੀ ਚੋਣ ਕੀਤੀ ਗਈ ਹੈ। ਕੁਲਦੀਪ ਕੌਰ ਨੇ ਕਿਹਾ ਕਿ ਉਨ੍ਹਾਂ ਦਾ ਸਕੂਲ ਗ੍ਰੀਨ ਐਵਾਰਡ ਲਈ ਸਾਰੀਆਂ ਹੀ ਸ਼ਰਤਾਂ ਪੂਰੀਆਂ ਕਰਦਾ ਸੀ।
ਕੀ ਹੈ ਖਾਸੀਅਤ: ਕੁਲਦੀਪ ਕੌਰ ਨੇ ਦੱਸਿਆ ਕਿ ਸਕੂਲ ਵਿੱਚ ਸੋਲਰ ਸਿਸਟਮ ਸੋਕਪਿਟ, ਕੰਪੋਜਿਟ ਜਿਸ ਵਿੱਚ ਕੂੜੇ ਨੂੰ ਪੌਦਿਆਂ ਲਈ ਖਾਦ ਦੇ ਰੂਪ ਵਿੱਚ ਵਰਤਣਾ, ਵਾਟਰ ਰੀਚਾਰਜ ਸਿਸਟਮ, ਸਾਰੇ ਕਲਾਸ ਰੂਮ ਸਮਾਰਟ ਕਲਾਸ ਰੂਮ, ਸਕੂਲ ਵਿੱਚ ਗ੍ਰੀਨ ਪਾਰਕ ਵਾਟਰ ਫਾਊਂਟੇਨ, ਜੋ ਕਿ ਸਕੂਲ ਦੀ ਦਿੱਖ ਨੂੰ ਹੋਰ ਵੀ ਸੁੰਦਰ (Green Award To Schools) ਬਣਾਉਂਦਾ ਹੈ। ਉਨ੍ਹਾਂ ਦੱਸਿਆ ਕਿ ਸਕੂਲ ਨੂੰ ਗ੍ਰੀਨ ਅਤੇ ਸਾਫ ਸੁਥਰਾ ਰੱਖਣ ਲਈ, ਜਿੱਥੇ ਸਰਕਾਰਾਂ ਵੱਲੋਂ ਜਾਗਰੂਕ ਕੀਤਾ ਜਾਂਦਾ ਹੈ।
ਮੂਸੇਵਾਲਾ ਦੇ ਪਿਤਾ ਵੀ ਸਕੂਲ ਦਾ ਦੌਰਾ ਕਰਦੇ: ਅਧਿਆਪਿਕ ਚਰਨਜੀਤ ਸਿੰਘ ਨੇ ਵੀ ਦੱਸਿਆ ਕਿ ਸਕੂਲ ਵਿੱਚ ਹਰ ਸਹੂਲਤ ਦਾ ਧਿਆਨ ਰੱਖਿਆ ਜਾਂਦਾ ਹੈ। ਨਰਸਰੀ ਤੋਂ ਲੈ ਕੇ ਪੰਜਵੀਂ ਤੱਕ ਦੀਆਂ ਸਾਰੀਆਂ ਜਮਾਤਾਂ ਸਮਾਰਟ ਕਲਾਰੂਮ ਬਣੇ ਹੋਏ ਹਨ। ਉਨ੍ਹਾਂ ਕਿਹਾ ਕਿ ਸਾਨੂੰ ਸਮੇਂ-ਸਮੇਂ ਉੱਤੇ ਪੰਜਾਬ ਤੇ ਕੇਂਦਰ ਸਰਕਾਰ ਦਾ ਹਮੇਸ਼ਾ ਸਹਿਯੋਗ ਰਿਹਾ ਹੈ। ਉੱਥੇ ਹੀ, ਮੂਸਾ ਪਿੰਡ ਦੀ ਪੰਚਾਇਤ ਵੱਲੋਂ ਵੀ ਸਕੂਲਾਂ ਨੂੰ ਵਧੀਆ ਬਣਾ ਕੇ ਰੱਖਣ ਲਈ ਸਹਿਯੋਗ ਦਿੱਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਮਰਹੂਮ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੀ ਇਸ ਸਕੂਲ ਵਿੱਚ ਆਉਂਦੇ ਹਨ ਤੇ ਜੇਕਰ ਕੋਈ ਸਮੱਸਿਆ ਦਰਪੇਸ਼ ਆਉਂਦੀ ਹੈ, ਤਾਂ ਉਹ ਵੀ ਹੱਲ ਕੱਢਦੇ ਹਨ।