ਚੰਡੀਗੜ੍ਹ: ਪੰਜਾਬ ਵਜ਼ਾਰਤ ਦੀ ਅਹਿਮ ਮੀਟਿੰਗ ਅੱਜ ਚੰਡੀਗੜ੍ਹ ਵਿੱਚ ਹੋਈ। ਮੀਟਿੰਗ ਮਗਰੋਂ ਪ੍ਰੈੱਸ ਕਾਨਫਰੰਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਉਹ ਲੋਕ ਸਭਾ ਚੋਣਾਂ 2024 ਵਿੱਚ ਇੰਡੀਆ ਗਠਜੋੜ ਤਹਿਤ ਕਾਂਗਰਸ ਨਾਲ ਕਿਸੇ ਤਰ੍ਹਾਂ ਦਾ ਕੋਈ ਸਮਝੋਤਾ ਨਹੀਂ ਕਰਨਗੇ ਅਤੇ ਆਮ ਆਦਮੀ ਪਾਰਟੀ 13 ਦੀਆਂ 13 ਲੋਕ ਸਭਾ ਸੀਟਾਂ ਉੱਤੇ ਆਪਣੇ ਉਮੀਦਵਾਰ ਉਤਾਰਨ ਲਈ ਤਿਆਰੀ ਕਰ ਰਹੀ ਹੈ।
ਪੰਜਾਬ ਬਣੇਗਾ ਹੀਰੋ, ਲੋਕ ਸਭਾ ਵਿੱਚ ਹੋਵੇਗੀ 13-0: ਮੁੱਖ ਮੰਤਰੀ ਪੰਜਾਬ ਨੇ ਕਿਹਾ ਕਿ ਪਾਰਟੀ ਲਈ ਸੰਘਰਸ਼ ਕਰਨ ਵਾਲੇ ਜੁਝਾਰੂ ਵਰਕਰਾਂ ਵਿੱਚੋਂ ਕੈਬਨਿਟ ਮੀਟਿੰਗ ਦੌਰਾਨ ਕੁੱਲ੍ਹ 40 ਨਾਮ ਰੱਖੇ ਗਏ ਹਨ ਅਤੇ ਕਈ ਸਰਵੇ ਕਰਵਾਏ ਜਾਣ ਮਗਰੋਂ ਇਨ੍ਹਾਂ 40 ਨਾਵਾਂ ਵਿੱਚੋਂ 13 ਉਮੀਦਵਾਰਾਂ ਨੂੰ ਲੋਕ ਸਭਾ ਦੀ ਸੀਟ ਲੜਨ ਲਈ ਮੈਦਾਨ ਵਿੱਚ ਉਤਾਰਿਆ ਜਾਵੇਗਾ। ਸੀਐੱਮ ਮਾਨ ਨੇ ਇਸ ਮੌਕੇ ਆਪਣੇ ਅੰਦਾਜ਼ ਵਿੱਚ ਇਹ ਵੀ ਕਿਹਾ ਕਿ ਪੰਜਾਬ' 'ਬਣੇਗਾ ਹੀਰੋ, ਲੋਕ ਸਭਾ ਵਿੱਚ ਹੋਵੇਗੀ 13-0'। ਇਨ੍ਹਾਂ ਕਥਨਾਂ ਨਾਲ ਸੀਐੱਮ ਮਾਨ ਨੇ ਜਿੱਥੇ ਕਾਂਗਰਸ ਨਾਲ ਚੋਣ ਮੈਦਾਨ ਵਿੱਚ ਨਾ ਉਤਰਨ ਦਾ ਸਿੱਧੇ ਤੌਰ ਉੱਤੇ ਐਲਾਨ ਕੀਤਾ ਉੱਥੇ ਇਹ ਵੀ ਐਲਾਨ ਕੀਤਾ ਕਿ ਉਨ੍ਹਾਂ ਦੀ ਪਾਰਟੀ ਪੰਜਾਬ ਵਿੱਚ ਹੂੰਝਾ ਫੇਰ ਜਿੱਤ ਆਪਣੇ ਦਮ ਉੱਤੇ ਦਰਜ ਕਰੇਗੀ।
ਇੰਡੀਆ ਗਠਜੋੜ ਨਾਲ ਨਾਤਾ ਤੋੜਨ ਵਾਲਾ ਦੂਜਾ ਸੂਬਾ ਬਣਿਆ ਪੰਜਾਬ: ਦੱਸ ਦਈਏ ਇਸ ਤੋਂ ਪਹਿਲਾਂ ਪੱਛਮੀ ਬੰਗਾਲ ਵਿੱਚ ਵੀ ਇੰਡੀਆ ਗਠਜੋੜ ਨੂੰ ਵੱਡਾ ਝਟਕਾ ਲੱਗਾ ਹੈ। ਟੀਐਮਸੀ ਨੇ ਇਕੱਲਿਆਂ ਹੀ ਲੋਕ ਸਭਾ ਚੋਣਾਂ ਲੜਨ ਦਾ ਫੈਸਲਾ ਕੀਤਾ ਹੈ। ਇਸ ਦਾ ਐਲਾਨ ਖੁਦ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕੀਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਉਨ੍ਹਾਂ ਦੀ ਗੱਲ ਨਹੀਂ ਸੁਣੀ, ਇਸ ਲਈ ਉਨ੍ਹਾਂ ਦੀ ਪਾਰਟੀ ਨੇ ਸੂਬੇ 'ਚ ਇਕੱਲਿਆਂ ਹੀ ਚੋਣਾਂ ਲੜਨ ਦਾ ਫੈਸਲਾ ਕੀਤਾ ਹੈ। ਮਮਤਾ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਇਕੱਲੀ ਭਾਜਪਾ ਨੂੰ ਹਰਾ ਸਕਦੀ ਹੈ। ਮਮਤਾ ਬੈਨਰਜੀ ਦੇ ਇਸ ਬਿਆਨ ਅਤੇ ਕਾਂਗਰਸ 'ਤੇ ਸਾਧੇ ਨਿਸ਼ਾਨਾ ਤੋਂ ਸਾਫ਼ ਹੋ ਗਿਆ ਹੈ ਕਿ ਦੋਵਾਂ ਪਾਰਟੀਆਂ 'ਚ ਕੁੱਝ ਵੀ ਠੀਕ ਨਹੀਂ ਚੱਲ ਰਿਹਾ ਕਿਉਂਕਿ ਇੱਕ ਪਾਸੇ ਰਾਹੁਲ ਗਾਂਧੀ ਦੀ ਯਾਤਰਾ ਪੱਛਮੀ ਬੰਗਾਲ ਚੋਂ ਲੰਘ ਰਹੀ ਹੈ ਪਰ ਦੂਜੇ ਪਾਸੇ ਸੂਬੇ ਦੀ ਮੁੱਖ ਮੰਤਰੀ ਨੂੰ ਹੀ ਇਸ ਦੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਹੁਣ ਵੇਖਣਾ ਹੋਵੇਗਾ ਕਿ ਮਮਤਾ ਦੇ ਇਸ ਬਿਆਨ ਤੋਂ ਬਾਅਦ ਇੰਡੀਆ ਗਠਜੋੜ ਦਾ ਕੀ ਪ੍ਰਤੀਕਰਮ ਸਾਹਮਣੇ ਆਉਂਦਾ ਹੈ