ਬਠਿੰਡਾ: ਪੰਜਾਬ ਵਿੱਚ ਲਗਾਤਾਰ ਝੋਨੇ ਹੇਠ ਰਕਬਾ ਵਧਣ ਕਾਰਨ ਧਰਤੀ ਹੇਠਲੇ ਪਾਣੀ ਦਾ ਪੱਧਰ ਲਗਾਤਾਰ ਡਿੱਗ ਰਿਹਾ ਹੈ। ਭਾਵੇਂ ਸਮੇਂ ਸਮੇਂ ਦੀਆਂ ਸਰਕਾਰਾਂ ਵੱਲੋਂ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਰੋਕਣ ਲਈ ਉਪਰਾਲੇ ਕੀਤੇ ਜਾ ਰਹੇ ਹਨ, ਪਰ ਹਰ ਸਾਲ ਝੋਨੇ ਹੇਠ ਰਕਬਾ ਵਧਣ ਕਾਰਨ ਜ਼ਮੀਨ ਦੇ ਪਾਣੀ ਦਾ ਪੱਧਰ ਲਗਾਤਾਰ ਡਿੱਗ ਰਿਹਾ ਹੈ। ਇਸ ਨੂੰ ਦੇਖਦੇ ਹੋਏ ਕੁਝ ਵਾਤਾਵਰਨ ਪ੍ਰੇਮੀਆਂ ਤੇ ਸਮਾਜ ਸੇਵੀਆਂ ਵਲੋਂ ਆਪਣੇ ਪੱਧਰ ਉੱਤੇ ਕੁਦਰਤੀ ਸਰੋਤ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਕੀ ਹੈ ਸਕੀਮ: ਬਠਿੰਡਾ ਜ਼ਿਲ੍ਹੇ ਦੇ ਪਿੰਡ ਬੱਲੋ ਦੀ ਸਮਾਜ ਸੇਵੀ ਸੰਸਥਾ ਵੱਲੋਂ ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਵੇਖਦੇ ਹੋਏ ਵੱਖਰਾ ਉਪਰਾਲਾ ਕੀਤਾ ਹੈ। ਪਿੰਡ ਦੀ ਸਮਾਜ ਸੇਵੀ ਸੰਸਥਾ ਸਰਗਵਾਸੀ ਗੁਰਬਚਨ ਸਿੰਘ ਮਾਨ ਸੇਵਾ ਸੰਮਤੀ ਵੱਲੋਂ 25 ਜੂਨ ਤੋਂ ਬਾਅਦ ਝੋਨਾ ਲਗਾਉਣ ਵਾਲੇ ਕਿਸਾਨਾਂ ਨੂੰ 500 ਰੁਪਏ ਪ੍ਰਤੀ ਏਕੜ ਮਾਨ ਸਨਮਾਨ ਦਾ ਐਲਾਨ ਕੀਤਾ ਗਿਆ ਹੈ। ਸੰਸਥਾ ਦੇ ਮੈਂਬਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਸੰਸਥਾ ਵੱਲੋਂ ਲਗਾਤਾਰ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਜਿੱਥੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਸੀ, ਉੱਥੇ ਹੀ ਹੁਣ ਉਨ੍ਹਾਂ ਵੱਲੋਂ ਪਿੰਡ ਦੇ ਗੁਰਦੁਆਰਾ ਸਾਹਿਬ ਤੋਂ ਅਨਾਉਂਸਮੈਂਟ ਕਰਵਾਈ ਹੈ ਕਿ ਜੋ ਵੀ ਕਿਸਾਨ 25 ਜੂਨ ਤੋਂ ਬਾਅਦ ਝੋਨਾ ਲਗਾਉਣਗੇ ਉਹਨਾਂ ਨੂੰ ਸੰਸਥਾ ਵੱਲੋਂ 500 ਰੁਪ ਮਾਨ ਸਨਮਾਨ ਦਿੱਤਾ ਜਾਵੇਗਾ।
25 ਤਰੀਕ ਤੋਂ ਬਾਅਦ ਹੀ ਕਿਉਂ ਲਾਉਣਾ ਝੋਨਾ : ਪਿੰਡ ਵਾਸੀਆਂ ਤੇ ਸਮਾਜ ਸੇਵੀ ਆਗੂ ਨੇ ਕਿਹਾ ਕਿ ਭਾਵੇਂ ਪੰਜਾਬ ਸਰਕਾਰ ਵੱਲੋਂ ਝੋਨਾ ਲਗਾਉਣ ਲਈ 11 ਜੂਨ ਦੀ ਮਿਤੀ ਤੈਅ ਕੀਤੀ ਗਈ ਸੀ, ਪਰ ਦੋ ਹਫ਼ਤਿਆਂ ਦੀ ਦੇਰੀ ਤੋਂ ਬਾਅਦ ਵੀ ਫਸਲ ਦੀ ਪੈਦਾਵਾਰ ਉੱਤੇ ਕੋਈ ਅਸਰ ਨਹੀਂ ਪਵੇਗਾ, ਪਰ ਇਸ ਨਾਲ ਲੱਖਾਂ ਲੀਟਰ ਧਰਤੀ ਹੇਠਲਾਂ ਪਾਣੀ ਦੀ ਬੱਚਤ ਹੋਵੇਗੀ। ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਮੌਨਸੂਨ ਪੌਣਾ 27-28 ਜੂਨ ਤਰੀਕ ਤੱਕ ਆ ਜਾਂਦੀਆਂ ਹਨ ਜਿਸ ਕਾਰਨ 25 ਜੂਨ ਤੋਂ ਬਾਅਦ ਝੋਨਾ ਲਗਾਉਣ ਵਾਲੇ ਕਿਸਾਨਾਂ ਨੂੰ ਬਹੁਤ ਘੱਟ ਧਰਤੀ ਹੇਠਲੇ ਪਾਣੀ ਦੀ ਲੋੜ ਪਵੇਗੀ।
ਮਿਲ ਰਿਹਾ ਚੰਗਾ ਹੁਲਾਰਾ: ਭੁਪਿੰਦਰ ਸਿੰਘ ਨੇ ਕਿਹਾ ਕਿ ਇਹ ਸਿਰਫ ਉਨ੍ਹਾਂ ਕਿਸਾਨਾਂ ਨੂੰ ਮਾਨ ਸਨਮਾਨ ਦਿੱਤਾ ਜਾਵੇਗਾ, ਜੋ ਪੂਰਨ ਤੌਰ ਉੱਤੇ 25 ਜੂਨ ਤੋਂ ਬਾਅਦ ਝੋਨਾ ਲਗਾਉਣਗੇ। ਉਨ੍ਹਾਂ ਦੱਸਿਆ ਕਿ ਪਿੰਡ ਵਿੱਚ ਕਰੀਬ 3000 ਏਕੜ ਜ਼ਮੀਨ ਹੈ ਤੇ ਅੰਦਾਜ਼ਾ ਹੈ ਕਿ ਇਸ ਵਾਰ 50 ਤੋਂ 60 ਪ੍ਰਤੀਸ਼ਤ ਕਿਸਾਨਾਂ ਵੱਲੋਂ 26 ਤਰੀਕ ਤੋਂ ਬਾਅਦ ਝੋਨਾ ਬੀਜਿਆ ਜਾਵੇਗਾ ਜਿਸ ਨਾਲ ਵੱਡੇ ਪੱਧਰ ਤੇ ਵੱਡੀ ਪੱਧਰ 'ਤੇ ਧਰਤੀ ਹੇਠਲੇ ਪਾਣੀ ਦੀ ਬਚਤ ਹੋਵੇਗੀ। ਉਨ੍ਹਾਂ ਕਿਹਾ ਕਿ ਵੱਡੀ ਪੱਧਰ ਉੱਤੇ ਕਿਸਾਨ ਉਨ੍ਹਾਂ ਕੋਲ ਰਜਿਸਟਰੇਸ਼ਨ ਕਰਵਾ ਰਹੇ ਹਨ ਅਤੇ ਉਨ੍ਹਾਂ ਦੀ ਇਸ ਮੁਹਿੰਮ ਨੂੰ ਚੰਗਾ ਹੁਲਾਰਾ ਮਿਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਉਮੀਦ ਹੈ ਕਿ ਇਸ ਮੁਹਿਮ ਨਾਲ ਹੋਰ ਲੋਕ ਵੀ ਜਾਗਰੂਕ ਹੋਣਗੇ ਅਤੇ ਧਰਤੀ ਹੇਠਲੇ ਪਾਣੀ ਦੀ ਬਚਤ ਕਰ ਲਈ ਆਪਣੀ ਪੱਧਰ ਉੱਤੇ ਉਪਰਾਲੇ ਵਿੱਢਣਗੇ।