ਲੁਧਿਆਣਾ: ਖੰਨਾ ਪੁਲਿਸ ਜ਼ਿਲ੍ਹੇ ਦੇ ਸਮਰਾਲਾ ਵਿਖੇ ਪੁਲਿਸ ਪ੍ਰਸ਼ਾਸ਼ਨ ਵੱਲੋਂ ਨਸ਼ਿਆਂ ਖਿਲਾਫ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਸ਼ੁਰੂ ਕੀਤਾ ਗਿਆ। ਲੁਧਿਆਣਾ ਦੀ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਅਤੇ ਐਸ.ਐਸ.ਪੀ. ਖੰਨਾ ਅਮਨੀਤ ਕੌਂਡਲ ਨੇ ਸਾਂਝੇ ਤੌਰ ’ਤੇ ਇਸਦਾ ਉਦਘਾਟਨ ਕੀਤਾ। ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਲੋਕਾਂ ਦਾ ਸਹਿਯੋਗ ਮੰਗਿਆ ਗਿਆ। ਇਸਦੇ ਨਾਲ ਹੀ ਸਿਵਲ ਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਲੋਕਾਂ ਨੂੰ ਨਸ਼ਿਆਂ ਖਿਲਾਫ ਜਾਗਰੂਕ ਵੀ ਕੀਤਾ।
ਲੋਕਾਂ ਦਾ ਸਾਥ ਮਿਲਣਾ ਜ਼ਰੂਰੀ: ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਕਰਵਾਉਣ ਦਾ ਉਦੇਸ਼ ਲੁਧਿਆਣਾ ਨੂੰ ਨਸ਼ਾ ਮੁਕਤ, ਸਿਹਤਮੰਦ ਅਤੇ ਖੁਸ਼ਹਾਲ ਜ਼ਿਲ੍ਹਾ ਬਣਾਉਣਾ ਅਤੇ ਨੌਜਵਾਨਾਂ ਨੂੰ ਖੇਡ ਗਤੀਵਿਧੀਆਂ ਵਿੱਚ ਸ਼ਾਮਲ ਕਰਨਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਨਸ਼ਿਆਂ ਦੀ ਅਲਾਮਤ ਨੂੰ ਠੱਲ੍ਹ ਪਾਉਣ ਲਈ ਪਹਿਲਾਂ ਹੀ ਠੋਸ ਉਪਰਾਲੇ ਕੀਤੇ ਜਾ ਰਹੇ ਹਨ। ਪਰ ਅਜਿਹੇ ਯਤਨ ਉਦੋਂ ਹੀ ਸਾਰਥਕ ਹੋ ਸਕਦੇ ਹਨ। ਜਦੋਂ ਲੋਕ ਇਸ ਸਮੱਸਿਆ ਨੂੰ ਖਤਮ ਕਰਨ ਲਈ ਅੱਗੇ ਆਉਣ।
ਨੌਕਰੀ ਦੇ ਚੰਗੇ ਮੌਕੇ: ਉਨ੍ਹਾਂ ਕਿਹਾ ਕਿ ਜੇਕਰ ਨੌਜਵਾਨ ਪੀੜ੍ਹੀ ਆਪਣੇ ਆਪ ਨੂੰ ਖੇਡਾਂ ਨਾਲ ਜੋੜ ਲਵੇ ਤਾਂ ਉਹ ਨਾ ਸਿਰਫ਼ ਖਿਡਾਰੀ ਬਣ ਸਕਣਗੇ ਸਗੋਂ ਨੌਕਰੀ ਦੇ ਚੰਗੇ ਮੌਕੇ ਵੀ ਮਿਲਣਗੇ ਅਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਉਹ ਸਿਹਤਮੰਦ ਰਹਿਣਗੇ।
ਖਿਡਾਰੀਆਂ ਨੂੰ ਭਾਗੀਦਾਰੀ ਸਰਟੀਫਿਕੇਟ ਦਿੱਤੇ ਜਾਣਗੇ: ਐਸ.ਐਸ.ਪੀ. ਅਮਨੀਤ ਕੌਂਡਲ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅਤੇ ਡੀਜੀਪੀ ਗੌਰਵ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਸ਼ਿਆਂ ਖ਼ਿਲਾਫ਼ ਮੁਹਿੰਮ ਚਲਾਈ ਜਾ ਰਹੀ ਹੈ। ਖੰਨਾ ਪੁਲਿਸ ਵੱਲੋਂ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਟੂਰਨਾਮੈਂਟ ਵਿੱਚ 10 ਪੁਰਸ਼ ਟੀਮਾਂ ਅਤੇ ਦੋ ਮਹਿਲਾ ਟੀਮਾਂ ਭਾਗ ਲੈ ਰਹੀਆਂ ਹਨ। ਪਹਿਲਾ ਇਨਾਮ 11000 ਰੁਪਏ ਅਤੇ ਟਰਾਫੀ, ਦੂਜਾ ਇਨਾਮ 5100 ਰੁਪਏ ਅਤੇ ਟਰਾਫੀ ਅਤੇ ਤੀਜਾ ਇਨਾਮ 3100 ਰੁਪਏ ਅਤੇ ਟਰਾਫੀ ਦਿੱਤੀ ਜਾਵੇਗੀ। ਚੌਥਾ ਇਨਾਮ ਸਿਰਫ ਟਰਾਫੀ ਹੋਵੇਗਾ। ਭਾਗ ਲੈਣ ਵਾਲੇ ਸਾਰੇ ਖਿਡਾਰੀਆਂ ਨੂੰ ਭਾਗੀਦਾਰੀ ਸਰਟੀਫਿਕੇਟ ਦਿੱਤੇ ਜਾਣਗੇ ਅਤੇ ਖੰਨਾ ਪੁਲਿਸ ਵੱਲੋਂ ਸਨਮਾਨਿਤ ਕੀਤਾ ਜਾਵੇਗਾ।