ਅੰਮ੍ਰਿਤਸਰ: ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਪੰਜ ਰੋਜ਼ਾ ਅੱਠਵਾਂ ਅੰਮ੍ਰਿਤਸਰ ਸਾਹਿਤ ਉਤਸਵ ਅਤੇ ਪੁਸਤਕ ਮੇਲਾ 21 ਤੋਂ 25 ਫਰਵਰੀ ਤੱਕ ਲਗਾਇਆ ਜਾ ਰਿਹਾ, ਜਿਸ ਦਾ ਕਿ ਰਸਮੀ ਉਦਘਾਟਨ ਵੀ ਕੀਤਾ ਗਿਆ ਜਿਸ ਵਿੱਚ ਖਾਸ ਤੌਰ ਉੱਤੇ ਪਦਮ ਸ਼੍ਰੀ ਸੂਫੀ ਗਾਇਕ ਅਤੇ ਮੈਂਬਰ ਪਾਰਲੀਮੈਂਟ ਹੰਸ ਰਾਜ ਹੰਸ ਵੀ ਪਹੁੰਚੇ। ਇਸ ਤੋਂ ਇਲਾਵਾ ਮੁੱਖ ਮਹਿਮਾਨ ਵਜੋਂ ਸੁੱਖੀ ਬਾਠ ਸੰਸਥਾਪਕ ਪੰਜਾਬੀ ਭਵਨ ਸਰੀ ਕੈਨੇਡਾ ਅਤੇ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਨਰੇਗੀ ਸਕੱਤਰ ਰਜਿੰਦਰ ਮੋਹਨ ਛੀਨਾ ਵੀ ਪਹੁੰਚੇ। ਜਾਣਕਾਰੀ ਅਨੁਸਾਰ ਇਸ ਮੇਲੇ ਦੇ ਵਿੱਚ 100 ਦੇ ਕਰੀਬ ਪ੍ਰਕਾਸ਼ਕ ਪਹੁੰਚ ਰਹੇ ਹਨ ਅਤੇ ਪਾਠਕ ਵਿਸ਼ੇਸ਼ ਛੋਟ ਉੱਤੇ ਪੁਸਤਕਾਂ ਖਰੀਦ ਸਕਣਗੇ।
ਪੁਸਤਕ ਮੇਲੇ ਵਿੱਚ ਪਹੁੰਚ: ਇਸ ਮੇਲੇ ਦੇ ਵਿੱਚ ਪੁਸਤਕਾਂ ਲਗਾਈਆਂ ਗਈਆਂ ਹਨ, ਪਰ ਇਸ ਦੇ ਨਾਲ-ਨਾਲ ਮੌਸਮੀ ਫੁੱਲਾਂ ਦੀ ਪ੍ਰਦਰਸ਼ਨੀ, ਵੱਖ-ਵੱਖ ਪਕਵਾਨਾਂ ਦੇ ਸਟਾਲ ਅਤੇ ਕਈ ਮਨੋਰੰਜਨ ਦੇ ਸਾਧਨ ਵੀ ਤਿਆਰ ਕੀਤੇ ਗਏ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੰਸਰਾਜ ਹੰਸ ਨੇ ਕਿਹਾ ਕਿ ਖਾਲਸਾ ਕਾਲਜ ਵਿਖੇ ਅੱਠਵਾਂ ਪੁਸਤਕ ਮੇਲਾ ਲਗਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਕਈ ਮਹਾਨ ਲੇਖਕ ਅਤੇ ਕਈ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਨਾਮਵਾਰ ਚਿਹਰੇ ਪਹੁੰਚ ਰਹੇ ਹਨ। ਉਹਨਾਂ ਕਿਹਾ ਕਿ ਮੈਂ ਖੁਸ਼ ਨਸੀਬ ਹਾਂ ਕਿਉੰਕਿ ਮੈਨੂੰ ਇਸ ਮੇਲੇ ਦੇ ਉਦਘਾਟਨ ਸਮਾਰੋਹ ਉੱਤੇ ਪਹੁੰਚਣ ਦਾ ਮੌਕਾ ਮਿਲਿਆ।
ਕਿਸਾਨ ਅੰਦੋਲਨ ਦੀ ਹਮਾਇਤ: ਇਸ ਦੇ ਨਾਲ ਹੀ, ਕਿਸਾਨੀ ਅੰਦੋਲਨ ਬਾਰੇ ਬੋਲਦੇ ਹੋਏ ਹੰਸਰਾਜ ਹੰਸ ਨੇ ਕਿਹਾ ਕਿ ਜਿੰਨਾਂ ਪੰਜਾਬ ਦੇ ਲੋਕਾਂ ਨੂੰ ਕਿਸਾਨ ਅੰਦੋਲਨ ਨੂੰ ਲੈ ਕੇ ਫਿਕਰ ਹੈ ਉਸੇ ਤਰ੍ਹਾਂ ਹੀ ਮੈਨੂੰ ਫਿਕਰ ਹੈ। ਉਹਨਾਂ ਕਿਹਾ ਕਿ ਮੈਂ ਵੀ ਹਰ ਵੇਲੇ ਇਹੀ ਅਰਦਾਸ ਕਰਦਾ ਹਾਂ ਕਿ ਕਿਸਾਨੀ ਅੰਦੋਲਨ ਜਲਦ ਤੋਂ ਜਲਦ ਖਤਮ ਹੋਵੇ ਅਤੇ ਕਿਸਾਨ ਖੁਸ਼ੀ-ਖੁਸ਼ੀ ਆਪਣੇ ਘਰਾਂ ਨੂੰ ਵਾਪਸ ਆਉਣ। ਆਪਣੇ ਕੰਮ ਕਾਰ ਸੰਭਾਲਣ।
ਇੱਥੇ ਦੱਸਣਯੋਗ ਹੈ ਕਿ ਭਾਰਤੀ ਜਨਤਾ ਪਾਰਟੀ ਜਿੱਥੇ ਕਿਸਾਨ ਅੰਦੋਲਨ ਦੇ ਖਿਲਾਫ ਆਵਾਜ਼ ਚੁੱਕੀ ਰਹੀ ਹੈ, ਉੱਥੇ ਹੀ ਹੰਸ ਰਾਜ ਹੰਸ ਵੱਲੋਂ ਕਿਸਾਨਾਂ ਦੀ ਹਿਮਾਇਤ ਕੀਤੀ ਗਈ ਹੈ। ਉਨ੍ਹਾਂ ਵੱਲੋਂ ਕਿਸਾਨਾਂ ਨੂੰ ਪੰਜਾਬ ਅਤੇ ਦੇਸ਼ ਦਾ ਅੰਨਦਾਤਾ ਆਖਿਆ ਗਿਆ ਹੈ। ਹੰਸ ਰਾਜ ਹੰਸ ਵੱਲੋਂ ਪਹਿਲੀ ਵਾਰ ਪੰਜਾਬ ਦੇ ਕਿਸਾਨਾਂ ਦੇ ਨਾਲ ਹੋਣ ਦੀ ਗੱਲ ਵੀ ਕਹੀ ਗਈ ਹੈ। ਕਿਸਾਨ ਨੂੰ ਹੰਸ ਰਾਜ ਹੰਸ ਨੇ ਸਬਰ ਰੱਖਣ ਦੀ ਅਪੀਲ ਕੀਤੀ ਹੈ।